ਮਲਸੀਆਂ, 31 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਤੇ ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰਪਾਲ ਸਿੰਘ ਚੰਦੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਜਿੱਤ ਪੂਰੀ ਤਰ੍ਹਾਂ ਨਿਸਚਿਤ ਹੈ | ਲੋਕਾਂ ਦੇ ਮਨ ਵਿਚ ਭਾਜਪਾ ਪ੍ਰਤੀ ਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ ਅਤੇ ਲੋਕ ਹੁਣ ਵਿਕਾਸ, ਪਾਰਦਰਸ਼ੀ ਸ਼ਾਸਨ ਤੇ ਰਾਸ਼ਟਰਵਾਦੀ ਸੋਚ ਵੱਲ ਆਕਰਸ਼ਿਤ ਹੋ ਰਹੇ ਹਨ | ਚੰਦੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਲਾਗੂ ਕੀਤੀਆਂ ਜਨ ਹਿੱਤ ਯੋਜਨਾਵਾਂ ਦਾ ਲਾਭ ਅੱਜ ਹਰ ਘਰ ਤੱਕ ਪਹੁੰਚ ਰਿਹਾ ਹੈ | ਚਾਹੇ ਗਰੀਬਾਂ ਲਈ ਆਵਾਸ ਯੋਜਨਾ ਹੋਵੇ, ਕਿਸਾਨਾਂ ਲਈ ਕਿਸਾਨ ਸਨਮਾਨ ਨਿਧੀ, ਮਹਿਲਾਵਾਂ ਲਈ ਉਜਵਲਾ ਯੋਜਨਾ ਜਾਂ ਨੌਜਵਾਨਾਂ ਲਈ ਰੁਜ਼ਗਾਰ ਤੇ ਉਦਯਮਤਾ ਪ੍ਰੋਗਰਾਮ, ਹਰ ਵਰਗ ਨੂੰ ਮੋਦੀ ਸਰਕਾਰ ਨੇ ਸਸ਼ਕਤ ਕੀਤਾ ਹੈ | ਚੰਦੀ ਨੇ ਸ਼ਾਹਕੋਟ ਹਲਕੇ ਦੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਤਰਨ ਤਾਰਨ ਵਿਚ ਘਰ-ਘਰ ਸੰਪਰਕ ਅਭਿਆਨ ਤੇਜ਼ੀ ਨਾਲ ਚਲਾਉਣ, ਹਰ ਵੋਟਰ ਤੱਕ ਪਹੁੰਚਣ ਤੇ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ ਤੇ ਦੇਸ਼ ਭਰ ਵਿੱਚ ਕੀਤੇ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਉਣ | ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ਼ ਤਰਨ ਤਾਰਨ ਦੀ ਨਹੀਂ, ਸਗੋਂ ਪੰਜਾਬ ਵਿਚ ਭਾਜਪਾ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਹੋਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੋਦੀ ਸਰਕਾਰ ਦੇ ਵਿਕਾਸ ਮਾਡਲ ਨੂੰ ਮਜ਼ਬੂਤ ਬਣਾਇਆ ਜਾਵੇ |