ਅੱਪਰਾ, 31 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)-ਬੇਖੌਫ਼ ਚੋਰਾਂ ਵਲੋਂ ਹਮੇਸ਼ਾ ਹੀ ਵਿਅਸਤ ਰਹਿਣ ਵਾਲੀ ਅੱਪਰਾ-ਫਿਲੌਰ ਸੜਕ 'ਤੇ ਸਥਿਤ ਸੀਕੋ ਪੈਲੇਸ ਦੇ ਨਜ਼ਦੀਕ ਇੱਕ ਆਟੋ ਇਲੈਕਟ੍ਰੀਸ਼ਨ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਦੁਕਾਨ ਦਾ ਕਰੀਬ ਸਾਰਾ ਹੀ ਸਮਾਨ ਚੋਰੀ ਕਰ ਲਿਆ ਗਿਆ | ਪ੍ਰਾਪਤ ਵੇਰਵਿਆਂ ਅਨੁਸਾਰ ਮਨਪ੍ਰੀਤ ਕੁਮਾਰ ਪੁੱਤਰ ਰਾਕੇਸ਼ ਕੁਮਾਰ ਅੱਪਰਾ ਫਿਲੌਰ ਮੁੱਖ ਮਾਰਗ 'ਤੇ ਸੀਕੋ ਪੈਲੇਸ ਦੇ ਨਜ਼ਦੀਕ ਆਟੋ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ | ਬੀਤੀ ਰਾਤ ਅਣਪਛਾਤੇ ਚੋਰਾਂ ਨੇ ਉਸ ਦੀ ਦੁਕਨ ਦਾ ਸ਼ਟਰ ਪੁੱਟ ਕੇ ਕੇ ਨਵੀਆਂ, ਪਰਾਣੀਆਂ, ਛੋਟੀਆਂ ਤੇ ਵੱਡੀਆਂ ਕੁੱਲ 40 ਬੈਟਰੀਆਂ, ਵੱਡਾ ਸਾਈਜ਼ ਬੈਟਰੀ ਚਾਰਜਰ, ਹਾਰਨ, ਲਾਈਟਾਂ, ਸੈਲਫ਼ਾਂ, ਅਲਟੀਨੇਟਰ, ਤਾਰਾਂ, ਟੂਲ ਕਿੱਟ, ਦੁਕਾਨ ਦਾ ਨਵਾਂ ਤੇ ਪਰਾਣਾ ਸਾਰਾ ਹੀ ਸਮਾਨ ਸਮੇਤ ਟਰੰਕ ਤੇ ਅਲਮਾਰੀ ਆਦਿ ਚੋਰੀ ਕਰ ਲਿਆ | ਮਨਪ੍ਰੀਤ ਕੁਮਾਰ ਦੇ ਦੱਸਣ ਅਨੁਸਾਰ ਉਸਦਾ ਕਰੀਬ 2 ਲੱਖ ਦਾ ਨੁਕਸਾਨ ਹੋਇਆ ਹੈ | ਜ਼ਿਕਰਯੋਗ ਹੈ ਕਿ ਘਟਨਾ ਸਥਾਨ ਤੋਂ ਮਹਿਜ਼ ਕੁਝ ਮੀਟਰ ਦੀ ਦੁਰੀ 'ਤੇ ਆਰ. ਆਰ. ਪੀ. 112 ਨੰਬਰ ਦਾ ਨਾਕਾ ਦਿਨ ਰਾਤ ਅਕਸਰ ਹੀ ਲੱਗਾ ਰਹਿੰਦਾ ਹੈ | ਚੋਰੀ ਦੀ ਇਸ ਘਟਨਾ ਦੀ ਸੂਚਨਾ ਪੁਲਿਸ ਚੌਕੀ ਅੱਪਰਾ ਵਿਖੇ ਦੇ ਦਿੱਤੀ ਗਈ ਹੈ | ਅੱਪਰਾ ਪੁਲਿਸ ਬਾਰੀਕੀ ਨਾਲ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |