ਮਕਸੂਦਾਂ, 5 ਦਸੰਬਰ (ਸੌਰਵ ਮਹਿਤਾ)-ਸ਼ਹਿਰ ਦੀਆਂ ਸੜਕਾਂ ਉੱਪਰ ਦਿਨੋਂ-ਦਿਨ ਵਧ ਰਹੇ ਭਿਆਨਕ ਸੜਕੀ ਹਾਦਸਿਆਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬੇਲਗਾਮ ਟਰਾਂਸਪੋਰਟ ਮਾਫੀਆ ਦੱਸਿਆ ਜਾ ਰਿਹਾ ਹੈ | ਓਵਰਲੋਡਿੰਗ ਦੌੜਦੇ ਟਿੱਪਰ ਅਤੇ ਟਰੱਕ ਜਿੱਥੇ ਕਾਨੂੰਨ ਦੇ ਨਿਯਮਾਂ ਦੀ ਸਪੱਸ਼ਟ ਉਲੰਘਣਾ ਕਰ ਰਹੇ ਹਨ, ਉੱਥੇ ਆਮ ਲੋਕਾਂ ਦੀ ਜਾਨ ਨੂੰ ਵੱਡੇ ਖਤਰੇ ਵੱਲ ਧੱਕ ਰਹੇ ਹਨ | ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਮਹੱਤਵਪੂਰਨ ਮਸਲੇ 'ਤੇ ਪ੍ਰਸ਼ਾਸਨ ਦੀ ਖਾਮੋਸ਼ੀ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਕਰ ਰਹੀ ਹੈ | ਲੋਕਾਂ ਦੀਆਂ ਸ਼ਿਕਾਇਤਾਂ ਮੁਤਾਬਕ, ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਤੰਗ ਗਲੀਆਂ ਤੱਕ, ਰੇਤ-ਬਜਰੀ ਨਾਲ ਭਰਪੂਰ ਵੱਡੇ ਟਿੱਪਰ ਬਿਨਾਂ ਕਿਸੇ ਡਰ ਖੌਫ ਦੇ ਦੌੜਦੇ ਹਨ, ਜਿਸ ਨਾਲ ਸੜਕਾਂ ਵੀ ਤਬਾਹ ਹੋ ਰਹੀਆਂ ਹਨ | ਰਾਤ ਸਮੇਂ ਤੰਗ ਰਸਤੇਆਂ 'ਚੋਂ ਲੰਘਦੇ ਇਹ ਵਾਹਨ ਨਾ ਸਿਰਫ਼ ਉੱਚੇ ਪ੍ਰੈਸ਼ਰ ਹਾਰਨ ਵਰਤਦੇ ਹਨ, ਸਗੋਂ ਅਕਸਰ ਨਿਯਮਿਤ ਗਤੀ ਸੀਮਾ ਤੋਂ ਵੀ ਕਈ ਗੁਣਾ ਵੱਧ ਰਫ਼ਤਾਰ ਨਾਲ ਚਲਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਵਾਹਨਾਂ ਦੇ ਕਾਰਨ ਬੇਸ਼ੁਮਾਰ ਹਾਦਸੇ ਵਾਪਰ ਚੁੱਕੇ ਹਨ, ਪਰ ਫਿਰ ਵੀ ਕਾਰਵਾਈ ਨਾਂਹ ਦੇ ਬਰਾਬਰ ਹੈ |