ਜਲੰਧਰ, 20 ਦਸੰਬਰ (ਐੱਮ. ਐੱਸ. ਲੋਹੀਆ)-ਆਪਣੇ ਸਮਰਥੱਕਾਂ ਦੇ ਨਾਲ ਥਾਣਾ ਭਾਰਗੋ ਕੈਂਪ ਵਿਖੇ ਪਹੁੰਚੇ ਕੌਂਸਲਰ ਪਤੀ ਸੁਦੇਸ਼ ਭਗਤ ਨੇ ਦੋਸ਼ ਲਗਾਏ ਕਿ ਵਰਿੰਦਰ ਕੁਮਾਰ ਵਾਸੀ ਨਿਊ ਸੁਰਾਜ ਗੰਜ, ਜਲੰਧਰ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਤਲਵਾਰ ਲੈ ਕੇ ਉਸ 'ਤੇ ਹਮਲਾ ਕੀਤਾ ਹੈ | ਸੁਦੇਸ਼ ਭਗਤ ਦੇ ਨਾਲ ਇਲਾਕੇ ਦੇ ਬਹੁਤ ਸਾਰੇ ਲੋਕ ਵੀ ਥਾਣੇ ਪਹੁੰਚੇ, ਜਿਨ੍ਹਾਂ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਵੀ ਹਮਲਾਵਰ ਦਾ ਵਿਰੋਧ ਕੀਤਾ ਗਿਆ ਸੀ, ਜਿਸ ਕਰਕੇ ਗੰਭੀਰ ਵਾਰਦਾਤ ਹੋਣ ਤੋਂ ਟੱਲ ਗਈ ਹੈ | ਥਾਣਾ ਮੁਖੀ ਮੋਹਨ ਲਾਲ ਨੇ ਜਾਣਾਕਰੀ ਦਿੱਤੀ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਵਰਿੰਦਰ ਕੁਮਾਰ ਖ਼ਿਲਾਫ਼ ਹੱਤਿਆ ਦੀ ਕੋਸ਼ਿਸ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮ ਫਰਾਰ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ | ਵਰਨਣ ਯੋਗ ਹੈ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਅਮਨਦੀਪ ਉਰਫ਼ ਮੱਖਣ (20) ਪੁੱਤਰ ਵਰਿੰਦਰ ਕੁਮਾਰ ਵਾਸੀ ਸੁਰਾਜ ਗੰਜ, ਜਲੰਧਰ ਵਲੋਂ 18 ਨਵੰਬਰ ਨੂੰ ਇਕ ਵੀਡੀਓ ਬਣਾ ਕੇ ਬਾਅਦ 'ਚ ਖੁਦਕੁਸ਼ੀ ਕਰ ਲਈ ਸੀ | ਇਸ ਮਾਮਲੇ ਤਹਿਤ ਥਾਣਾ ਭਾਰਗੋ ਕੈਂਪ ਦੀ ਪੁਲਿਸ ਵਲੋਂ ਮਿ੍ਤਕ ਦੀ ਮਾਂ ਅੰਜਲੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮੰਗੇਤਰ ਕਸ਼ਿਸ਼ ਵਾਸੀ ਬਸਤੀ ਸ਼ੇਖ, ਜਲੰਧਰ, ਉਸ ਦੇ ਪਿਤਾ ਹੈਪੀ, ਮਾਂ ਰੇਖਾ, ਨਾਨੀ ਅਤੇ ਕਾਉਂਸਲਰ ਪਤੀ ਸੁਦੇਸ਼ ਭਗਤ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ, ਪੀੜਤ ਪਰਿਵਾਰ ਵਲੋਂ ਲਗਾਤਾਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਜਾਂਦੀ ਰਹੀ ਅਤੇ ਪੁਲਿਸ 'ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਵੀ ਲਗਾਏ ਜਾਂਦੇ ਰਹੇ, ਅੱਜ ਮਿ੍ਤਕ ਦੇ ਪਿਤਾ ਵਰਿੰਦਰ ਕੁਮਾਰ ਨੇ ਆਪਣਾ ਵਿਰੋਧ ਕਰਦੇ ਹੋਏ ਸੁਦੇਸ਼ ਭਗਤ 'ਤ ਹਮਲਾ ਕਰ ਦਿੱਤਾ |