05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੈਟਰੋਲ ਪੰਪ 'ਤੇ ਫਾਇਰਿੰਗ ਕਰਕੇ ਫ਼ਰਾਰ ਹੋਏ ਹਮਲਾਵਰਾਂ ਨੇ ਪਿੱਛਾ ਕਰ ਰਹੀ ਪੁਲਿਸ ਟੀਮ 'ਤੇ ਵੀ ਚਲਾਈਆਂ ਗੋਲੀਆਂ

Ad Position 21
No active advertisement
ਅਜੀਤ ਡੈਸਕ 21-12-2025
ਕਪੂਰਥਲਾ, 20 ਦਸੰਬਰ (ਅਮਰਜੀਤ ਸਿੰਘ ਸਡਾਨਾ)-ਗੋਲੀਆਂ ਚਲਾਕੇ ਫ਼ਰਾਰ ਹੋਏ ਮਾੜੇ ਅਨਸਰਾਂ ਦਾ ਪਿੱਛਾ ਕਰਨ ਵਾਲੀ ਪੁਲਿਸ ਟੀਮ ਤੇ ਬਦਮਾਸ਼ਾਂ ਵਿਚ ਹੋਏ ਪੁਲਿਸ ਮੁਕਾਬਲੇ ਦੌਰਾਨ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਕਿ ਪੁਲਿਸ ਟੀਮਾਂ ਨੇ ਕਾਬੂ ਕਰ ਲਿਆ ਹੈ ਤੇ ਥਾਣਾ ਸਦਰ ਵਿਖੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਵਿਰੁੱਧ ਇਰਾਦਾ ਕਤਲ ਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ | ਪ੍ਰਾਪਤ ਵੇਰਵੇ ਅਨੁਸਾਰ ਇੰਸਪੈਕਟਰ ਰਮਨਦੀਪ ਸਿੰਘ ਥਾਣਾ ਮੁਖੀ ਕਰਤਾਰਪੁਰ ਨਾਕੇ 'ਤੇ ਮੌਜੂਦ ਸਨ, ਜਿਨ੍ਹਾਂ ਨੂੰ ਐਸ.ਐਚ.ਓ. ਆਦਮਪੁਰ ਰਵਿੰਦਰਪਾਲ ਸਿੰਘ ਨੇ ਸੂਚਨਾ ਦਿੱਤੀ ਕਿ ਕੁਝ ਵਿਅਕਤੀ ਵੱਖ-ਵੱਖ ਗੱਡੀਆਂ 'ਤੇ ਸਵਾਰ ਹੋ ਕੇ ਕਿਸ਼ਨਗੜ੍ਹ ਨੇੜੇ ਪੈਟਰੋਲ ਪੰਪ 'ਤੇ 2 ਵਿਅਕਤੀਆਂ 'ਤੇ ਗੋਲੀਆਂ ਚਲਾਕੇ ਕਰਤਾਰਪੁਰ ਵਾਲੇ ਪਾਸੇ ਨੂੰ ਫ਼ਰਾਰ ਹੋਏ ਹਨ | ਜਿਸ 'ਤੇ ਕਰਤਾਰਪੁਰ ਪੁਲਿਸ ਚੌਕਸ ਹੋਈ ਤੇ ਉਨ੍ਹਾਂ ਵਲੋਂ ਨਾਕਾਬੰਦੀ ਕਰਕੇ ਸੂਚਨਾ 'ਚ ਦੱਸੀਆਂ ਗੱਡੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਹਮਲਾਵਰਾਂ ਨੇ ਆਪਣੀਆਂ ਗੱਡੀਆਂ ਭਜਾ ਲਈਆਂ ਅਤੇ ਰਸਤੇ 'ਚ ਨਵੇਂ ਬਣ ਰਹੇ ਹਾਈਵੇ 'ਤੇ ਗੱਡੀਆਂ ਚੜ੍ਹਾ ਲਈਆਂ | ਜਿਸਦਾ ਰਸਤਾ ਅੱਗੋਂ ਬੰਦ ਹੋਣ 'ਤੇ ਇਨ੍ਹਾਂ ਹਮਲਾਵਰਾਂ ਨੇ ਪਿੱਛਾ ਕਰ ਰਹੀ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਵਲੋਂ ਜਵਾਬੀ ਗੋਲੀਬਾਰੀ ਦੌਰਾਨ ਇਕ ਨੌਜਵਾਨ ਲਖਵਿੰਦਰ ਸਿੰਘ ਲੱਤ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਦਕਿ ਬਾਕੀ ਹਮਲਾਵਰ ਧੁੰਦ ਦਾ ਫ਼ਾਇਦਾ ਚੁੱਕਦੇ ਹੋਏ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਦਰ ਪੁਲਿਸ ਵੀ ਮੌਕੇ 'ਤੇ ਪਹੁੰਚੀ, ਜਿੱਥੇ ਜ਼ਖਮੀ ਹੋਏ ਨੌਜਵਾਨ ਲਖਵਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਇਸ ਦੇ ਨਾਲ ਹੀ ਪੁਲਿਸ ਨੇ ਤਿੰਨ ਕਾਰਾਂ ਵੀ ਕਬਜ਼ੇ ਵਿਚ ਲਈਆਂ ਹਨ ਜੋ ਕਿ ਹਮਲਾਵਰ ਛੱਡ ਕੇ ਫ਼ਰਾਰ ਹੋ ਗਏ ਸਨ ਤੇ ਪੁਲਿਸ ਨੂੰ ਇਕ ਪਿਸਟਲ, ਦੋ ਖੋਲ ਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ | ਥਾਣਾ ਸਦਰ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਦਰ ਪੁਲਿਸ ਨੇ ਇੰਸਪੈਕਟਰ ਰਮਨਦੀਪ ਸਿੰਘ ਥਾਣਾ ਮੁਖੀ ਕਰਤਾਰਪੁਰ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਲਖਵਿੰਦਰ ਸਿੰਘ ਵਾਸੀ ਨਵਾਂ ਪਿੰਡ, ਰਖ਼ਸ਼ਿਤ ਵਾਸੀਆਨ ਕਰਤਾਰਪੁਰ, ਬੌਵੀ ਵਾਸੀ ਰਾਮਗੜ੍ਹ ਭੁਲੱਥ, ਰਾਹੁਲ, ਜੱਸੀ, ਕਰਨ ਵਾਸੀਆਨ ਕਰਤਾਰਪੁਰ ਤੇ ਲਵ ਵਾਸੀ ਭੁਲੱਥ ਵਿਰੁੱਧ ਇਰਾਦਾ ਕਤਲ ਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਫ਼ਰਾਰ ਹੋਏ ਹਮਲਾਵਰਾਂ ਦੀ ਭਾਲ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੁਸ਼ੀਲ ਰਿੰਕੂ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਏ ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਨੇ ਕਰਵਾਇਆ ਕਵੀ ਦਰਬਾਰ
Ad Position 24