ਨਕੋਦਰ, 20 ਦਸੰਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਪੰਜਾਬ ਸਰਕਾਰ ਦੇ ਉਪਰਾਲੇ 'ਮੈਗਾ ਪੀ.ਟੀ.ਐਮ.' ਦੇ ਤਹਿਤ ਸਰਕਾਰੀ ਸਕੂਲ ਆਲੋਵਾਲ ਨਕੋਦਰ 'ਚ ਹਰਵਿੰਦਰ ਸਿੰਘ ਵਿਰਕ ਐਸ.ਐਸ.ਪੀ. ਦਿਹਾਤੀ ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਡੀ.ਐਸ.ਪੀ. ਨਕੋਦਰ ਉਂਕਾਰ ਸਿੰਘ ਬਰਾੜ ਅਤੇ ਹਰਮਿੰਦਰ ਸਿੰਘ ਸਬ ਇੰਸਪੈਕਟਰ ਥਾਣਾ ਸਿਟੀ ਨਕੋਦਰ ਵੀ ਹਾਜ਼ਰ ਰਹੇ | ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਅਤਿ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ ਸਗੋਂ ਨੈਤਿਕ ਕਦਰਾਂ-ਕੀਮਤਾਂ ਅਨੁਸ਼ਾਸਨ ਅਤੇ ਚੰਗੇ ਸੰਸਕਾਰ ਵੀ ਵਿਕਸਤ ਕਰਨੇ ਚਾਹੀਦੇ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨਾਲ ਦੋਸਤਾਨਾ ਸੰਬੰਧ ਬਣਾਈ ਰੱਖਣ ਅਤੇ ਉਨ੍ਹਾਂ ਦੀ ਪੜ੍ਹਾਈ ਤੇ ਵਿਵਹਾਰ 'ਤੇ ਨਿਰੰਤਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ | ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਨ, ਅਧਿਆਪਕਾਂ ਅਤੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ |