ਜੰਡਿਆਲਾ ਮੰਜਕੀ, 23 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਪਿ੍ੰਸੀਪਲ ਡਾ. ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ 'ਚ ਸੱਤ ਰੋਜ਼ਾ ਐੱਨ.ਐੱਸ.ਐੱਸ. ਦੀ ਸ਼ੁਰੂਆਤ ਕੀਤੀ ਗਈ | ਡਾ. ਬਰਾੜ ਨੇ ਕੈਂਪ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਨੂੰ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆਂ ਨੌਜਵਾਨਾਂ ਦੇ ਚਰਿੱਤਰ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਕੋਆਰਡੀਨੇਟਰ ਗੌਰਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਕੈਂਪ ਅਤੇ ਸਮਾਜ ਸੇਵਾ ਦੀ ਭਾਵਨਾ ਸੰਬੰਧੀ ਜਾਣਕਾਰੀ ਦਿੱਤੀ | ਮੈਡਮ ਮਨਜੋਤ ਕੌਰ ਨੇ ਕਿਹਾ ਕਿ ਇਹੋ ਜਿਹੇ ਕੈਂਪਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਸਮਾਜਿਕ ਹਕੀਕਤਾਂ ਨਾਲ ਜੋੜਨਾ ਹੈ ਤਾਂ ਜੋ ਉਹ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝ ਸਕਣ | ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਸਮਾਜਿਕ ਚੇਤਨਾ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਮੈਡਮ ਮਨਜੀਤ ਕੌਰ ਨੇ ਕੈਂਪ ਦੇ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਸਮਾਜਿਕ, ਸੱਭਿਆਚਾਰਕ ਅਤੇ ਜਾਗਰੂਕਤਾ ਨਾਲ ਸੰਬੰਧਿਤ ਗਤੀਵਿਧੀਆਂ ਸਾਂਝੀਆਂ ਕੀਤੀਆਂ |