ਆਦਮਪੁਰ, 23 ਦਸੰਬਰ (ਹਰਪ੍ਰੀਤ ਸਿੰਘ)-ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ ਦੇ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਚਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਾਲਜ ਵਿੱਚ ਧਾਰਮਿਕ ਸਮਾਗਮ ਕੀਤਾ ਗਿਆ | ਇਸ ਧਾਰਮਿਕ ਸਮਾਗਮ ਵਿੱਚ ਜਪੁਜੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਉਪਰੰਤ ਕਾਲਜ ਦੇ ਧਰਮ ਵਿਭਾਗ ਦੇ ਅਧਿਆਪਕ ਬਲਵੀਰ ਸਿੰਘ ਨੇ ਸਿੱਖ ਇਤਿਹਾਸ ਅਤੇ ਧਰਮ ਦੇ ਝਰੋਖੇ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ ਅਤੇ ਗੁਰਦਿਆਲ ਸਿੰਘ ਕਾਲਰਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਤੋਂ ਗੁਰਦੁਆਰਾ ਬਾਬਾ ਮਤੀ ਜੀ ਤੱਕ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ | ਬੀਬੀ ਦਵਿੰਦਰ ਕੌਰ ਕਾਲਰਾ ਨੇ ਗੁਰਮਤਿ ਚੇਤਨਾ ਮਾਰਚ ਦੀ ਅਗਵਾਈ ਕੀਤੀ | ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਗੁਰਮਤਿ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਸ਼ਬਦਾਂ ਦਾ ਗਾਇਨ ਕੀਤਾ | ਇਸ ਮੌਕੇ ਪਿ੍ੰਸੀਪਲ ਨੇ ਧਰਮ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਰਾਸ਼ਟਰੀ ਚੇਤਨਾ ਅਤੇ ਕੌਮ ਨੂੰ ਨਵੇਂ ਸਰੋਕਾਰ ਅਤੇ ਅਰਥ ਦਿੱਤੇ ਹਨ | ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਧਰਮ ਵਿੱਚ ਮਰਜੀਵੜੇ ਪੈਦਾ ਹੋਏ ਹਨ | ਇਸ ਮੌਕੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਭਰਵੇਂ ਉਤਸ਼ਾਹ ਨਾਲ ਹਿੱਸਾ ਲਿਆ |