ਜਲੰਧਰ, 24ਦਸੰਬਰ (ਸ਼ਿਵ)-ਜਲੰਧਰ ਦੇ ਆਰ. ਟੀ. ਓ. ਦਫ਼ਤਰ ਅਤੇ ਡਰਾਈਵਿੰਗ ਟਰੈਕ 'ਤੇ ਕਰਮਚਾਰੀਆਂ ਦੀ ਘਾਟ ਕਾਰਨ ਲੋਕਾਂ ਨੂੰ ਜਿਹੜੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਨੂੰ ਲੈ ਕੇ ਟਰਾਂਸਪੋਰਟ ਅਧਿਕਾਰੀਆਂ ਨੇ ਪੰਜਾਬ ਸਰਕਾਰ ਕੋਲ ਮਸਲਾ ਉਠਾਉਂਦੇ ਹੋਏ ਜਲਦੀ ਹੀ ਹੋਰ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਸੀ ਜਿਸ 'ਤੇ ਟਰਾਂਸਪੋਰਟ ਅਧਿਕਾਰੀਆਂ ਨੇ ਇਹ ਕਮੀ ਜਲਦੀ ਪੂਰੀ ਕਰਦੇ ਹੋਏ ਦਫ਼ਤਰ ਲਈ 2 ਹੋਰ ਕਰਮਚਾਰੀ ਨਿਯੁਕਤ ਕਰ ਦਿੱਤੇ ਹਨ | ਆਰ.ਟੀ.ਓ. ਅਮਨਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟਾਫ਼ ਦੀ ਘਾਟ ਕਾਰਨ ਦਫ਼ਤਰ ਦਾ ਸਾਰਾ ਕੰਮ ਪੂਰੇ ਸਮੇਂ 'ਤੇ ਨਹੀਂ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ | ਉਨ੍ਹਾਂ ਦੱਸਿਆ ਕਿ ਜੇ ਕਿਸੇ ਅਰਜ਼ੀਦਾਰ ਨੂੰ ਕੰਮ ਕਰਵਾਉਣ ਵਿਚ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਮਿਲ ਸਕਦਾ ਹੈ | ਆਰ.ਟੀ.ਓ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਰੈਕ 'ਤੇ ਸਟਾਫ਼ ਦੀ ਕਮੀ ਸੀ, ਪਰ ਹੁਣ ਦੋ ਮੁਲਾਜ਼ਮ ਨਿਯੁਕਤ ਹੋ ਚੁੱਕੇ ਹਨ | ਉਮੀਦ ਹੈ ਕਿ ਜਿਵੇਂ ਹੀ ਇਹ ਮੁਲਾਜ਼ਮ ਆਪਣੀ ਜੁਆਇਨਿੰਗ ਕਰ ਲੈਣਗੇ, ਲੋਕਾਂ ਨੂੰ ਆ ਰਹੀਆਂ ਥੋੜ੍ਹੀ ਬਹੁਤ ਦਿੱਕਤਾਂ ਵੀ ਜਲਦੀ ਦੂਰ ਹੋ ਜਾਣਗੀਆਂ |
ਬੈਕਲਾਗ ਲਾਇਸੰਸ ਮਾਮਲੇ 'ਚ ਕਾਗ਼ਜ਼ਾਂ ਦੀਆਂ ਕਮੀਆਂ ਕਾਰਨ ਦੇਰੀ
ਪੰਡਿਤ ਰੁਪੇਸ਼ ਤਿਵਾਰੀ ਵਲੋਂ ਬੈਕਲਾਗ ਲਾਇਸੰਸ ਲਈ ਜਮ੍ਹਾਂ ਕਰਵਾਏ ਗਏ ਕਾਗ਼ਜ਼ਾਤ ਅਜੇ ਤੱਕ ਪੂਰੇ ਨਹੀਂ ਹਨ | ਦਫ਼ਤਰ ਵਲੋਂ ਦੱਸਿਆ ਗਿਆ ਹੈ ਕਿ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਵਿਚ ਕੁਝ ਕਮੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਲਾਇਸੈਂਸ ਬੈਕਲਾਗ ਦਾ ਕੰਮ ਅਜੇ ਲੰਬਿਤ ਹੈ | ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਹੀ ਕਾਗ਼ਜ਼ਾਂ ਦੀਆਂ ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ ਜਾਣਗੀਆਂ ਅਤੇ ਪੂਰੇ ਦਸਤਾਵੇਜ਼ ਦਫ਼ਤਰ ਵਿਚ ਜਮ੍ਹਾਂ ਹੋ ਜਾਣਗੇ, ਬੈਕਲਾਗ ਲਾਇਸੈਂਸ ਦਾ ਕੰਮ ਤੁਰੰਤ ਪੂਰਾ ਕਰ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਹੋਰ ਅਰਜ਼ੀਕਾਰਾਂ ਦੇ ਕੰਮ ਆਮ ਤੌਰ 'ਤੇ ਕੁਝ ਦਿਨਾਂ ਦੇ ਅੰਦਰ ਨਿਪਟਾਏ ਜਾ ਰਹੇ ਹਨ ਅਤੇ ਵਿਭਾਗ ਵਲੋਂ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾ ਰਿਹਾ |
ਜਲੰਧਰ ਆਰ.ਟੀ.ਓ. ਦਫ਼ਤਰ 'ਚ ਕੰਮਾਂ 'ਚ ਤੇਜ਼ੀ ਲਈ 2 ਹੋਰ ਕਰਮਚਾਰੀ ਨਿਯੁਕਤ
ਅਜੀਤ ਡੈਸਕ
25-12-2025