ਜਲੰਧਰ, 28 ਦਸੰਬਰ (ਸ਼ੈਲੀ)-ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਆਮ ਜੀਵਨ ਦੀ ਰਫਤਾਰ ਵੀ ਹੌਲੀ ਹੋਈ ਨਜ਼ਰ ਆਈ | ਸ਼ਹਿਰ ਦੇ ਕਈ ਇਲਾਕਿਆਂ 'ਚ ਹਾਦਸੇ ਵੀ ਵਾਪਰੇ | ਇਸ ਦੌਰਾਨ ਗੁਰੂ ਰਵਿਦਾਸ ਚੌਕ ਤੋਂ ਬੂਟਾ ਮੰਡੀ ਜਾਣ ਵਾਲੀ ਸੜਕ 'ਤੇ ਸੜਕ ਪਾਰ ਕਰਦੇ ਸਮੇਂ ਇਕ ਬਾਈਕ ਸਵਾਰ ਵਿਅਕਤੀ ਟਰੱਕ ਦੀ ਲਪੇਟ 'ਚ ਆ ਗਿਆ, ਜਿਸ ਦੀ ਮੌਤ ਹੋ ਗਈ | ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ | ਮਿ੍ਤਕ ਦੀ ਪਛਾਣ ਰਾਮ ਕਿਰਪਾਲ (50) ਪੁੱਤਰ ਰਾਜਾ ਰਾਮ ਨਿਵਾਸੀ ਬੂਟਾਂ ਮੰਡੀ ਵਜੋਂ ਹੋਈ ਹੈ | ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ 6 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾਇਆ | ਜਾਣਕਾਰੀ ਦਿੰਦੇ ਹੋਏ ਥਾਣਾ 6 ਦੇ ਏ. ਐਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਰਾਮ ਕਿਸ਼ੋਰ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਤੇ ਅੱਜ ਸਵੇਰੇ ਵੀ ਉਹ ਕੰਮ 'ਤੇ ਜਾ ਰਿਹਾ ਸੀ | ਜਦੋਂ ਰਾਮ ਕਿ੍ਪਾਲ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸਿਓਾ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਉਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖਿਆ ਗਿਆ ਹੈ ਤੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ | ਉਨ੍ਹਾ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਦੂਜਾ ਹਾਦਸਾ ਥਾਣਾ 2 ਦੇ ਨੇੜੇ ਪਟੇਲ ਚੌਕ 'ਚ ਵਾਪਰਿਆ | ਇਸ ਦੌਰਾਨ ਦੋ ਟਰੱਕ ਆਪਸ 'ਚ ਟਕਰਾ ਗਏ | ਦੋਵਾਂ ਟਰੱਕਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ | ਇਸ ਸੰਬੰਧੀ ਥਾਣਾ ਦੋ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਦੋਵੇਂ ਟਰੱਕ ਟਕਰਾ ਗਏ, ਜਿਸ ਕਾਰਨ ਦੋਵੇਂ ਟਰੱਕਾਂ ਨੂੰ ਕਾਫ਼ੀ ਨੁਕਸਾਨ ਹੋਇਆ, ਹਾਲਾਂਕਿ ਡਰਾਈਵਰ ਸੁਰੱਖਿਅਤ ਹਨ | ਉਸ ਨੇ ਕਿਹਾ ਕਿ ਇਸ ਸੰਬੰਧ ਵਿੱਚ ਕਿਸੇ ਨੇ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ |