ਕਾਲਾ ਸੰਘਿਆਂ-ਅਥਲੈਟਿਕਸ ਦੇ ਏਸ਼ੀਆ ਚੈਂਪੀਅਨ ਅਤੇ ਬੀ. ਐਸ. ਐਫ. ਦੇ ਕਮਾਂਡੈਂਟ ਰਹੇ ਲਹਿੰਬਰ ਸਿੰਘ ਮੰਡੇਰ ਦੀ ਆਤਮਿਕ ਸ਼ਾਂਤੀ ਨਮਿਤ ਅੰਤਿਮ ਅਰਦਾਸ ਸਹਿਜ ਪਾਠ ਦਾ ਭੋਗ 31 ਦਸੰਬਰ 2025 ਦਿਨ ਬੁੱਧਵਾਰ ਉਨ੍ਹਾਂ ਦੇ ਗ੍ਰਹਿ ਵਿਖੇ ਪਵੇਗਾ, ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਦੁਪਹਿਰ 12 ਤੋਂ 1.30 ਵਜੇ ਤੱਕ ਹੋਵੇਗੀ | ਜਿਸ ਦੌਰਾਨ ਵੱਖ-ਵੱਖ ਖੇਤਰਾਂ ਦੇ ਆਗੂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨਗੇ | ਇੱਥੇ ਵਰਨਣਯੋਗ ਹੈ ਕਿ ਕਪੂਰਥਲਾ ਦੇ ਕਾਲਾ ਸੰਘਿਆਂ ਨੇੜਲੇ ਪਿੰਡ ਮੰਡੇਰ ਦੋਨਾ ਦਾ ਨਾਂਅ ਸਮੁੱਚੇ ਭਾਰਤ ਵਿਚ ਰੌਸ਼ਨ ਕਰਨ ਵਾਲੇ ਲਹਿੰਬਰ ਸਿੰਘ ਮੰਡੇਰ ਦਾ ਜਨਮ 1949 ਵਿਚ ਪਿੰਡ ਮੰਡੇਰ ਦੋਨਾ 'ਚ ਹੋਇਆ | ਉਨ੍ਹਾਂ ਨੇ 1969 ਵਿਚ ਗ਼ਦਰੀ ਬਾਬਾ ਹਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਪਾਸ ਕੀਤੀ | ਸਟੇਟ ਸਪੋਰਟਸ ਕਾਲਜ ਜਲੰਧਰ ਤੋਂ ਗਿਆਰ੍ਹਵੀਂ ਕਲਾਸ ਵਿਚ ਦਾਖਲਾ ਲੈਣ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਸਾਲ ਤੋਂ ਮੈਡਲ ਜਿੱਤਣੇ ਸ਼ੁਰੂ ਕਰ ਦਿੱਤੇ | ਉਨ੍ਹਾਂ ਨੇ ਭਾਰਤ ਲਈ ਪਹਿਲਾ 400 ਮੀਟਰ ਹਰਡਲ ਮੈਡਲ ਜਿੱਤਿਆ | 1974 ਦੇ ਤਹਿਰਾਨ ਏਸ਼ੀਅਨ ਗੇਮਜ਼ ਵਿਚ ਬਰੋਨਜ਼ ਮੈਡਲ, 1975 ਸਿਓਲ ਮੀਟ ਵਿਚ ਸਿਲਵਰ ਮੈਡਲ, 1976 ਪਾਕਿਸਤਾਨ ਕਾਇਦੇ ਆਜ਼ਮ ਮੀਟ 'ਚ ਗੋਲਡ ਅਤੇ ਸਿਲਵਰ ਮੈਡਲ ਜਿੱਤੇ | ਬੈਂਕਾਕ 1978 ਅਤੇ ਦਿੱਲੀ 1982 ਦੇ ਏਸ਼ੀਅਨ ਗੇਮਜ਼ ਵਿਚ ਭਾਗ ਲੈਣ ਨਾਲ ਕਈ ਨੈਸ਼ਨਲ ਰਿਕਾਰਡ ਤੋੜੇ | ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲਿਆ | ਸੱਤ ਸਾਲ ਤੱਕ ਨੈਸ਼ਨਲ ਚੈਂਪੀਅਨ ਰਹੇ ਅਤੇ ਪੁਲਿਸ ਗੇਮਜ਼ 'ਚ 14 ਸਾਲ ਤੱਕ ਸਿਰਮੌਰ ਰਹੇ | ਬਾਅਦ ਵਿਚ ਬੀ. ਐਸ. ਐਫ. ਵਿਚ ਜੁਆਇੰਟ ਡਾਇਰੈਕਟਰ ਸਪੋਰਟਸ ਰਹਿਣ ਦੌਰਾਨ ਟੀਮ ਨੂੰ ਆਲ ਇੰਡੀਆ ਪੁਲਿਸ ਗੇਮਜ਼ ਵਿਚ ਕਈ ਟਰਾਫ਼ੀਆਂ ਜਿੱਤਵਾਈਆਂ | ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਹੋਣਹਾਰ ਖਿਡਾਰੀ ਪੈਦਾ ਕੀਤੇ | ਮੰਡੇਰ ਪਰਿਵਾਰ ਵਿਚ ਉਨ੍ਹਾਂ ਦੇ ਚਾਚਾ, ਪਿ੍ੰਸੀਪਲ ਭਜਨ ਸਿੰਘ ਮੰਡੇਰ ਨੇ ਉਨ੍ਹਾਂ ਨੂੰ ਸੇਧ ਦਿੱਤੀ | ਪਰਿਵਾਰ ਵਿਚ ਉਨ੍ਹਾਂ ਦੇ ਤਾਇਆ ਗੁਰਦਿਆਲ ਸਿੰਘ ਮੰਡੇਰ ਰਿਟਾਇਰਡ ਆਈ.ਪੀ.ਐਸ. ਅਧਿਕਾਰੀ ਰਹਿ ਚੁੱਕੇ ਹਨ, ਛੋਟੇ ਭਰਾ ਹਰਪ੍ਰੀਤ ਸਿੰਘ ਮੰਡੇਰ ਐਸ.ਐਸ.ਪੀ. ਵਿਜੀਲੈਂਸ ਜਲੰਧਰ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਦੋਹਰੇ ਉਲੰਪੀਅਨ ਹਨ | ਭਾਣਜੀ ਮਨਦੀਪ ਕੌਰ ਸੰਘਾ ਆਈ.ਆਰ.ਐਸ. ਅਧਿਕਾਰੀ ਹਨ ਅਤੇ ਹੁਣ ਦਿੱਲੀ ਵਿਚ ਜੁਆਇੰਟ ਕਮਿਸ਼ਨਰ ਫਾਇਨਾਂਸ ਮਿਨਿਸਟਰੀ 'ਚ ਤਾਇਨਾਤ ਹਨ | ਉਨ੍ਹਾਂ ਦੀ ਜ਼ਿੰਦਗੀ ਖੇਡ, ਸੇਵਾ ਅਤੇ ਪਰਿਵਾਰਿਕ ਮੁੱਲਾਂ ਦਾ ਉਦਾਹਰਨ ਸੀ | -ਬਲਜੀਤ ਸਿੰਘ ਸੰਘਾ