ਜਲੰਧਰ, 30 ਦਸੰਬਰ (ਐੱਮ. ਐੱਸ. ਲੋਹੀਆ)-ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ 2 ਜਨਵਰੀ ਦਿਨ ਸ਼ੁੱਕਰਵਾਰ ਨੂੰ ਆਪਣੇ ਪੁਰਾਤਨ ਮਾਰਗ 'ਤੇ ਸਜਾਇਆ ਜਾਵੇਗਾ | ਨਗਰ ਕੀਰਤਨ ਦੇ ਇਤਿਹਾਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸਿੰਘ ਸਭਾਵਾਂ, ਸੇਵਾ ਸੁਸਾਇਟੀਆਂ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸੰਨ 1928 ਤੋਂ ਇਹ ਨਗਰ ਕੀਰਤਨ ਨਿਰਮਲ ਕੁਟੀਆ ਜੌਹਲਾਂ ਦੇ ਸੰਤ ਬਾਬਾ ਬਸੰਤ ਸਿੰਘ ਦੇ ਉਪਰਾਲੇ ਸਦਕਾ ਆਰੰਭਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਹੁਣ ਇਸ ਮੁੱਖ ਨਗਰ ਕੀਰਤਨ 'ਚ ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਵਾਲੇ ਪਾਲਕੀ ਸਾਹਿਬ 'ਤੇ ਨਿਰੰਤਰ ਚੌਰ ਸਾਹਿਬ ਦੀ ਸੇਵਾ ਨਿਭਾਅ ਰਹੇ ਹਨ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਪੁਰਾਤਨ ਮਾਰਗ 'ਤੇ ਹੁੰਦੇ ਹੋਏ ਰਾਤ ਸਮੇਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਵਿਖੇ ਸੰਪੂਰਨ ਹੁੰਦਾ ਹੈ, ਜਿਸ ਵਿਚ ਦੋਆਬੇ ਤੋਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆ, ਇਸਤਰੀ ਸਤਿਸੰਗ ਸਭਾਵਾਂ, ਦਲ ਪੰਥ ਅਤੇ ਸੇਵਾ ਸੁਸਾਇਟੀਆਂ ਭਾਰੀ ਗਿਣਤੀ 'ਚ ਹਾਜ਼ਰੀਆਂ ਭਰਦੀਆਂ ਹਨ | ਪ੍ਰਬੰਧਕਾਂ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਸਾਲ ਸਵੇਰੇ 10 ਵਜੇ ਤੋਂ ਸਜਾਏ ਜਾ ਰਹੇ ਇਸ ਨਗਰ 'ਚ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ | ਇਸ ਮੌਕੇ ਸੁਰਿੰਦਰ ਸਿੰਘ ਵਿਰਦੀ, ਪਰਮਿੰਦਰ ਸਿੰਘ (ਦਸਮੇਸ਼ ਨਗਰ), ਮੱਖਣ ਸਿੰਘ, ਨਿਰਮਲ ਸਿੰਘ ਬੇਦੀ ਦੇ ਨਾਲ-ਨਾਲ ਸਿੰਘ ਸਭਾਵਾਂ ਤੋਂ ਜਸਬੀਰ ਸਿੰਘ ਰੰਧਾਵਾ, ਦਵਿੰਦਰ ਸਿੰਘ ਰਿਆਤ, ਗੁਰਿੰਦਰ ਸਿੰਘ ਮਝੈਲ, ਕੁਲਜੀਤ ਸਿੰਘ ਚਾਵਲਾ, ਹਰਜੋਤ ਸਿੰਘ ਲੱਕੀ, ਚਰਨਜੀਤ ਸਿੰਘ ਮਿੰਟਾ, ਤੇਜਬੀਰ ਸਿੰਘ ਬਾਂਸਲ, ਦਵਿੰਦਰ ਸਿੰਘ (ਸੈਂਟਰਲ ਟਾਊਨ), ਹਰਜੀਤ ਸਿੰਘ, ਪਰਮਜੀਤ ਸਿੰਘ ਬਬਲਾ, ਦਿਲਬਾਗ ਸਿੰਘ, ਗੁਰਜੀਤ ਸਿੰਘ ਟੱਕਰ, ਨਵਦੀਪ ਸਿੰਘ ਗੁਲਾਟੀ, ਸਤਨਾਮ ਸਿੰਘ, ਅਕਸ਼ੈ ਗੁਪਤਾ, ਬਾਵਾ ਗਾਬਾ, ਇਸ਼ੂ ਕਾਲੜਾ, ਜਹਿਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਹਰਮਨਜੋਤ ਸਿੰਘ, ਜਸਕੀਰਤ ਸਿੰਘ ਜੱਸੀ ਅਤੇ ਹੋਰ ਹਾਜ਼ਰ ਸਨ |