ਵਿਅੰਗ
ਹਰ ਆਦਮੀ ਨੂੰ ਅਪਣਾ ਕੋਈ ਨਾ ਕੋਈ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਜ਼ਿਆਦਾ ਪਿਆਰਾ ਹੁੰਦਾ ਹੈ | ਪਰ ਇਕ ਖਾਸ ਰਿਸ਼ਤਾ ਇਹੋ ਜਿਹਾ ਵੀ ਹੈ ਜੋ ਕਿਸੇ ਕਾਰਨ ਨਾ ਪਿਆਰਾ ਹੋਣ 'ਤੇ ਵੀ ਪਿਆਰਾ ਕਰਨ ਲਈ ਅਸੀਂ ਸਾਰੀ ਜ਼ਿੰਦਗੀ ਜੱਦੋ-ਜਹਿਦ ਕਰਦੇ ਰਹਿੰਦੇ ਹਾਂ | ਇਸ ਰਿਸ਼ਤੇ ਨੂੰ ਅੱਖਾਂ ਤੋਂ ਉਹਲੇ ਕਰਨ ਦਾ ਮਤਲਬ ਅਪਣੇ ਪੈਰਾਂ 'ਤੇ ਤਿੱਖੀ ਕੀਤੀ ਹੋਈ ਕੁਹਾੜੀ ਮਾਰਨ ਵਾਲੀ ਗੱਲ ਹੈ | ਇਹ ਖਾਸ ਰਿਸ਼ਤਾ ਕਦੇ ਨਾ ਕਦੇ ਸਾਨੂੰ ਆਪਣਾ ਅਹਿਸਾਸ ਕਰਵਾ ਹੀ ਦਿੰਦਾ ਹੈ |
ਇਸ ਖਾਸ ਰਿਸ਼ਤੇ ਤੋਂ ਮੇਰੀ ਮੁਰਾਦ ਘਰ ਵਾਲੀ ਦੇ ਭਰਾ ਅਰਥਾਤ ਸਾਲਾ ਸਹਿਬ ਤੋਂ ਹੈ | ਇਹ ਰਿਸ਼ਤਾ ਬਣਾਉਣ ਵੇਲੇ ਔਰਤ ਨੂੰ ਰੱਬ ਨੇ ਖਾਸ ਕਰਕੇ ਵਧਾਈ ਦਿੱਤੀ ਹੋਣੀ ਏ ਅਤੇ ਕਿਹਾ ਹੋਣਾ ਹੈ, 'ਹੇ ਜੱਗ ਜਨਣੀ, ਮਰਦ ਨਾਲ ਰੁੱਸਣ ਵਰਗੇ ਹੋਰ ਹਥਿਆਰਾਂ ਦੇ ਨਾਲ-ਨਾਲ ਮੈਂ ਤੈਨੂੰ ਇਕ ਹੋਰ 'ਮਾਰੂ ਹਥਿਆਰ' ਵੀ ਦੇ ਰਿਹਾ ਹਾਂ | ਜਦੋਂ ਕਦੇ ਮਰਦ ਜ਼ਾਤ ਅਰਥਾਤ ਪਤੀ ਤੈਨੂੰ ਜ਼ਿਆਦਾ ਤੰਗ ਕਰੇ, ਇਸ ਹਥਿਆਰ ਦੀ ਵਰਤੋਂ ਕਰਨ ਤੋਂ ਕੋਈ ਸੰਕੋਚ ਨਹੀਂ ਕਰਨਾ | ਜੇਕਰ ਇਹ ਹਥਿਆਰ 'ਖੁੰਢਾ' ਵੀ ਹੋਏ ਤਾਂ ਵੀ ਆਪਣਾ ਪੂਰਾ ਵਾਰ ਕਰੇਗਾ |'
ਹਰ 'ਸਿਆਣੀ' ਘਰ ਵਾਲੀ ਆਪਣੇ ਪਤੀ ਦੇਵ ਨੂੰ ਪੈਰ-ਪੈਰ 'ਤੇ ਇਸ ਰਿਸ਼ਤੇ ਦੀ ਯਾਦ ਦਿਵਾਉਂਦੀ ਰਹਿੰਦੀ ਹੈ | ਹਰ ਵੇਲੇ ਮੁਸਕਰਾ ਕੇ ਇਹ ਗੱਲ ਕਰਦੀ ਰਹੂ, 'ਤੁਹਾਡਾ ਸਾਲਾ ਤਾਂ ਜੀ ਤੁਹਾਡੀ ਬਹੁਤ ਇੱਜ਼ਤ ਕਰਦਾ | ਹਰ ਵੇਲੇ ਜੀਜਾ ਜੀ-ਜੀਜਾ ਜੀ ਕਹਿੰਦਾ ਨਹੀਂ ਥੱਕਦਾ ਹੈ | ਹਮੇਸ਼ਾ ਤੁਹਾਡੇ ਗੁਣ ਹੀ ਗਾਉਂਦਾ ਰਹਿੰਦਾ ਏ | ਤੁਹਾਡੇ ਨਾਲ ਉਸ ਦਾ ਬੜਾ ਪ੍ਰੇਮ ਹੈ' | ਇਸ ਤਰ੍ਹਾਂ ਅਸੀਂ ਨਾ ਚਾਹੁੰਦੇ ਹੋਏ ਵੀ ਇਸ ਪ੍ਰੇਮ-ਜਾਲ਼ ਵਿਚ ਫਸ ਕੇ 'ਸ਼ਿਕਾਰੀ' ਦਾ ਸ਼ਿਕਾਰ ਬਣ ਜਾਂਦੇ ਹਾਂ |
'ਹੋਮ ਮਨਿਸਟਰ' ਅਰਥਾਤ ਘਰ ਵਾਲੀ ਦੀ ਕਿਸੇ ਗੱਲ ਨੂੰ ਅੱਖੋਂ ਉਹਲੇ ਕਰਦੇ ਹਾਂ ਤਾਂ ਸਾਡੀ ਮਨਿਸਟਰੀ ਅੱਜਕਲ੍ਹ ਦੀਆਂ ਲੰਗੜੀਆਂ ਸਰਕਾਰਾਂ ਵਾਂਗ ਬਹੁਤੀ ਦੇਰ ਨਹੀਂ ਰਹਿ ਸਕਦੀ | ਘਰ ਦਾ ਸਾਰਾ ਗੇੜ ਹੀ ਉਲਟਾ ਚੱਲ ਪਵੇਗਾ | ਜੋ ਮਾੜਾ-ਮੋਟਾ ਕੰਮ-ਕਾਰ ਘਰ ਵਾਲੀ ਰੋਂਦੇ ਕੁਰਲਾਉਂਦਿਆਂ ਕਰਦੀ ਹੋਵੇਗੀ, ਉਹ ਵੀ ਦਫਤਰੋਂ ਮੁੜ ਕੇ ਸਾਨੂੰ ਹੀ ਕਰਨਾ ਪਵੇਗਾ |
ਅਗਰ ਇਹ ਖਾਸ ਰਿਸ਼ਤਾ ਵਿਹਲਾ ਹੈ ਅਰਥਾਤ ਕੋਈ ਕੰਮ-ਕਾਰ ਨਹੀਂ ਕਰਦਾ (ਜਾਂ ਖੁਦ ਕੰਮ ਕਰਕੇ ਰਾਜ਼ੀ ਨਾ ਹੋਵੇ) ਤਾਂ ਤੁਹਾਡੇ ਲਈ ਪੂਰੀ ਜ਼ਿੰਦਗੀ ਟੇਢੀ ਖੀਰ ਬਣ ਸਕਦੀ ਹੈ | ਕਿਉਂਕਿ 'ਹੋਮ ਮਨਿਸਟਰੀ' ਵਲੋਂ ਵਿਰੋਧੀ ਪਾਰਟੀਆਂ ਵਾਂਗ ਆਪ ਉੱਪਰ ਦਬਾਅ ਬਣਾਇਆ ਜਾਵੇਗਾ ਕਿ ਆਪਣੇ ਸਾਲਾ ਸਾਹਿਬ ਨੂੰ ਕਿਸੇ ਕੰਮ-ਕਾਜ ਉੱਪਰ ਲਗਾਇਆ ਜਾਵੇ | ਤੁਹਾਡੇ 'ਤੇ ਭੁੱਖ ਹੜਤਾਲ ਅਤੇ ਮਰਨ ਵਰਤ ਵਰਗੇ ਮਾਰੂ ਹਥਿਆਰ ਵੀ ਵਰਤੇ ਜਾ ਸਕਦੇ ਹਨ |
ਬਿਲਕੁਲ ਇਸੇ ਤਰ੍ਹਾਂ ਹੀ ਮੇਰੇ ਉਪਰ ਵੀ ਇਕ ਦਿਨ ਕਿਆਮਤ ਢਹਿ ਪਈ | ਮੈਂ ਸਕੂਲੋਂ ਛੁੱਟੀ ਤੋਂ ਬਾਅਦ ਘਰ ਆਇਆ | ਘਰ ਦੇ ਅੰਦਰ ਪੈਰ ਪਾਉਂਦਿਆਂ ਹੀ ਸ੍ਰੀਮਤੀ ਜੀ ਬੜੇ ਸਤਿਕਾਰ ਨਾਲ ਬੋਲੇ, 'ਮੈਂ ਤੁਹਾਨੂੰ ਕਿੰਨੀ ਵਾਰ ਆਖਿਆ ਹੈ ਕਿ ਇਕ ਛਤਰੀ ਲੈ ਲਓ | ਸਕੂਲੋਂ ਆਉਂਦਿਆਂ-ਆਉਂਦਿਆਂ ਧੁੱਪ ਬਹੁਤ ਹੋ ਜਾਂਦੀ ਐ | ਪਹਿਲਾਂ ਤਾਂ ਉੱਥੇ ਬੱਚਿਆਂ ਨਾਲ ਮੱਥਾ ਮਾਰਦੇ ਹੋ, ਫਿਰ ਧੁੱਪ ਵਿਚ ਘਰ ਨੂੰ ਆਉਂਦੇ ਹੋ, ਵੇਖੋ ਨਾ ਸੋਨੇ ਵਰਗਾ ਰੰਗ ਕਿਵੇਂ ਕਾਲਾ ਪੈ ਗਿਆ ਹੈ | ਸਿਹਤ ਵੀ ਅੱਗੇ ਨਾਲੋਂ ਕਮਜ਼ੋਰ ਹੋ ਗਈ ਹੈ | ਤੁਸੀਂ ਜਲਦੀ ਨਾਲ ਕੱਪੜੇ ਬਦਲੋ ਮੈਂ ਸ਼ਰਬਤ ਬਣਾ ਕੇ ਲਿਆਉਂਦੀ ਹਾਂ | ਸ੍ਰੀਮਤੀ ਬੁਲੇਟ ਟ੍ਰੇਨ ਵਾਂਗੂੰ ਇਕੋ ਸਾਹ ਵਿਚ ਗੱਲਾਂ ਦਾ ਕਈ ਮੀਲ ਸਫ਼ਰ ਤੈਅ ਕਰ ਗਈ |
ਮੈਂ ਬੜਾ ਹੈਰਾਨ ਸੀ ਕਿ ਅੱਜ ਕਿਧਰੋਂ ਦਿਨ ਚੜ੍ਹ ਆਇਆ ਕਿ ਮੇਰੀ ਧਰਮ ਪਤਨੀ ਨੂੰ ਮੇਰੀ ਸਿਹਤ ਦਾ ਵੀ ਧਿਆਨ ਆ ਗਿਆ | ਪਹਿਲਾਂ ਤਾਂ ਮੇਰਾ ਜੀਅ ਕੀਤਾ ਕਿ ਸ੍ਰੀਮਤੀ ਨੂੰ ਕਹਾਂ ਕਿ ਪਹਿਲੀ ਤਰੀਕ ਨੂੰ ਤਾਂ ਕਮੀਜ਼ ਦੀ ਜੇਬ ਇੰਜ ਖਾਲੀ ਕਰ ਦਿੰਦੀ ਏਾ ਜਿਵੇਂ ਨੋਟਬੰਦੀ ਤੋਂ ਬਾਅਦ ਏ ਟੀ ਐਮ ਖਾਲੀ ਹੋਏ ਸਨ, ਛੱਤਰੀ ਕਾਹਦੀ ਖਰੀਦਾਂ ? ਫਿਰ ਮੈਂ ਸੋਚਿਆ ਕਿ ਮਨਾਂ ਦੇਖ ਤਾਂ ਲਈਏ ਕਿ ਅੱਜ ਕਾਹਦੇ ਵਾਸਤੇ ਏਨੀ ਖੁਸ਼ਾਮਦ ਹੋ ਰਹੀ ਏ |
ਸ੍ਰੀਮਤੀ ਦੇ ਹੱਥਾਂ ਦਾ ਸ਼ਰਬਤ ਦਾ ਗਿਲਾਸ ਪੀ ਕੇ ਵਿਆਹ ਤੋਂ ਬਾਅਦ ਦੇ ਪਿਛਲੇ ਅਠਾਰਾਂ ਸਾਲਾਂ ਨੂੰ ਯਾਦ ਕੀਤਾ ਜਿਸ ਦੇ ਦੌਰਾਨ ਸ੍ਰੀਮਤੀ ਨੇ ਸਕੂਲੋਂ ਆਉਂਦਿਆਂ ਕਦੇ ਪਾਣੀ ਦੇ ਗਿਲਾਸ ਦਾ ਨਾਂਅ ਤਾਂ ਕੀ ਲੈਣਾ, ਕਦੇ ਫਿੱਟੇ ਮੂੰਹ ਨਹੀਂ ਕਿਹਾ ਸੀ | ਸ਼ਰਬਤ ਦਾ ਪੂਰਾ ਲੁਤਫ਼ ਉਠਾਉਂਦਿਆਂ ਅਤੇ ਅੰਦਰੋਂ ਡਰਿਆ ਹੋਇਆ ਮੈਂ ਅਜੇ ਕੱਪੜੇ ਬਦਲਣ ਹੀ ਲੱਗਿਆ ਸੀ ਕਿ 'ਹੋਮ ਮਨਿਸਟਰ ਸਾਹਿਬ' ਗੱਤੇ ਦੀ ਬਣੀ ਹੋਈ ਪੱਖੀ ਲੈ ਕੇ ਮੰਜੇ ਦੀ ਬਾਹੀ ਉੱਤੇ ਬਹਿਦਿਆਂ ਕਹਿਣ ਲੱਗੀ, 'ਮੈਂ ਕਿਹਾ ਜੀ! ਮੈਂ ਕਈ ਵਾਰੀ ਸੋਚਿਆ ਕਿ ਤੁਹਾਡੇ ਨਾਲ ਗੱਲ ਕਰਾਂ ਪਰ ਮੈਨੂੰ ਕੰਮ ਹੀ ਐਨਾ ਪੈਂਦਾ ਹੈ ਕਿ ਕਦੇ ਸਮਾਂ ਨਹੀਂ ਮਿਲਿਆ | ਨਾਲੇ ਤੁਸੀਂ ਮੇਰੇ ਕੋਲ ਬੈਠਦੇ ਕਦੋਂ ਹੋ, ਹਮੇਸ਼ਾ ਵਟਸਐਪ ਅਤੇ ਫੇਸਬੁੱਕ ਨਾਲ ਜੁੜੇ ਰਹਿੰਦੇ ਹੋ |'
ਮੈਂ ਮਨ ਹੀ ਮਨ ਸੋਚਿਆ ਕਿ ਹਰ ਵੇਲੇ ਤਾਂ ਬਿਜਲੀ ਦੀ ਤਾਰ ਵਾਂਗ ਤੇਰੇ ਵਿਚ ਕਰੰਟ ਰਹਿੰਦਾ ਹੈ ਤੇਰੇ ਕੋਲ ਬੈਠਣਾ ਸੁਆਹ ਏ | ਵਿਰੋਧੀ ਧਿਰ ਦੇ ਨੇਤਾ ਵਾਂਗ ਹਰ ਵੇਲੇ ਤਾਂ ਤੂੰ ਰੁੱਸੀ ਰਹਿੰਦੀ ਏਾ |
'ਹਾਂ ਤਾਂ ਮੈਂ ਗੱਲ ਕਰ ਰਹੀ ਸੀ ਕਿ (ਸੀ੍ਰਮਤੀ ਨੇ ਚੁੰਨੀ ਨੂੰ ਉੱਪਰ-ਥੱਲੇ ਕਰਦੀ ਨੇ ਕਿਹਾ) ਆਪਣਾ ਚੰਨਾ ਹੈ ਨਾ ਪੂਰੇ ਪੰਦਰਾਂ ਸਾਲ ਹੋ ਗਏ ਅੱਠਵੀਂ ਪਾਸ ਕੀਤਿਆਂ ਉਸ ਵੇਲੇ ਤੋਂ ਵਿਹਲਾ ਫਿਰਦਾ ਹੈ | ਮੈਨੂੰ ਬਹੁਤ ਵਾਰ ਉਸ ਨੇ ਕਿਹਾ ਕਿ ਮੈਂ ਤਾਂ ਜੀਜਾ ਜੀ ਨਾਲ ਹੀ ਕਿਤੇ ਕੰਮ ਉੱਪਰ ਲੱਗਾਂਗਾ | ਤੁਹਾਡੀ ਤਾਂ ਦਫ਼ਤਰਾਂ ਵਿਚ ਬਹੁਤ ਚਲਦੀ ਏ ਉਸ ਨੂੰ ਸਕੂਲ ਵਿਚ ਕਲਰਕ ਹੀ ਲਗਾ ਦਿਓ' |
ਸ੍ਰੀਮਤੀ ਦੀ ਗੱਲ ਸੁਣ ਕੇ ਇਕ ਵਾਰ ਤਾਂ ਮੈਨੂੰ ਗੁੱਸਾ ਹੀ ਆ ਗਿਆ | ਪਰ ਦੂਸਰੇ ਹੀ ਪਲ ਸਾਲਾ ਸਹਿਬ ਦੀ ਸ਼ਕਲ ਅਤੇ ਕਰਤੂਤਾਂ ਯਾਦ ਕਰਕੇ ਮੈਨੂੰ ਹਾਸਾ ਆ ਗਿਆ | ਮੇਰੇ ਕੁੱਝ ਨਾ ਬੋਲਣ 'ਤੇ ਸ੍ਰੀਮਤੀ ਜੀ ਕਹਿਣ ਲੱਗੀ, 'ਤੁਸੀਂ ਲੋਕਾਂ ਦੇ ਸੈਂਕੜੇ ਕੰਮ ਕਰਦੇ ਹੋ, ਮੇਰੇ ਚੰਨੇ ਵਾਰੀ ਤੁਹਾਨੂੰ ਸੱਪ ਸੁੰਘ ਗਿਆ | ਠੀਕ ਹੈ ਮੈਂ ਆਪਣੇ ਚੰਨੇ ਨੂੰ ਕਿਤੇ ਹੋਰ ਭਰਤੀ ਕਰਵਾ ਦਿਆਂਗੀ, ਪਰ ਤੁਸੀਂ ਯਾਦ ਰੱਖਿਓ' |
ਸ੍ਰੀਮਤੀ ਦੀ ਇਹ ਕਹਿਣ ਦੀ ਦੇਰ ਸੀ ਕਿ ਮੇਰੇ ਅੱਖਾਂ ਅੱਗਿਓਾ ਘਰ ਦੇ ਕੰਮ ਰੋਟੀ ਬਣਾਉਣ ਤੋਂ ਲੈ ਕੇ ਝਾੜੂ ਲਗਾਉਣ ਤੱਕ ਸਾਰੇ ਘੁੰਮ ਗਏ | ਮੈਨੂੰ ਰੋਟੀ ਬਣਾਉਣ ਅਤੇ ਭਾਂਡੇ ਮਾਂਜਣ ਦਾ ਉਹ ਸੀਨ ਵੀ ਯਾਦ ਆ ਗਿਆ ਜਿਹੜਾ ਸ੍ਰੀਮਤੀ ਦੇ ਰੁੱਸਣ ਤੋਂ ਬਾਅਦ ਹੁੰਦਾ ਹੈ | ਕਰ-ਕਰਾ ਕੇ ਕਿਸੇ ਚਲਾਕ ਮੰਤਰੀ ਦੀ ਤਰਾਂ੍ਹ ਵਧੀਆ ਜਿਹਾ ਬਹਾਨਾ ਬਣਾ ਕੇ 'ਹੋਮ ਮਨਿਸਟਰ' ਨੂੰ ਦਿਲਾਸਾ ਦਿੱਤਾ ਕਿ ਮੈਂ ਚੰਨੇ ਲਈ ਕੋਈ ਕੰਮ ਜ਼ਰੂਰ ਲੱਭਾਂਗਾ | ਏਨਾ ਕਹਿ ਕੇ ਮੈਂ ਆਪਣੀ ਟੁੱਟਦੀ ਹੋਈ ਸਰਕਾਰ ਨੂੰ ਮਸਾਂ ਬਚਾਇਆ ਅਤੇ ਖਾਣ ਨੂੰ ਰੋਟੀ ਮਿਲੀ ਨਹੀਂ ਤਾਂ ਕਿਸੇ ਗੁਰਦੁਆਰੇ ਜਾਂ ਮੰਦਿਰ ਦਾ ਰਸਤਾ ਦੇਖਣਾ ਪੈਣਾ ਸੀ | ਇਸ ਲਈ ਕਿਸੇ ਸੱਚ ਹੀ ਕਿਹਾ ਕਿ,
'ਸਾਰੀ ਖੁਦਾਈ ਏਕ ਤਰਫ਼,
ਜੋਰੂ ਦਾ ਭਾਈ ਏਕ ਤਰਫ਼ | '
ਮੇਰੀ ਵਿਆਹੇ ਹੋਏ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਖਾਸ ਰਿਸ਼ਤੇ ਨੂੰ ਫੈਵੀਕੋਲ ਦੇ ਮਜ਼ਬੂਤ ਜੋੜ ਵਾਂਗੂੰ ਜੋੜ ਕੇ ਰੱਖਣਾ ਹੈ | ਸਾਰੇ ਰਿਸ਼ਤਿਆਂ ਦਾ ਧਿਆਨ ਰੱਖਿਓ, ਪਰ ਇਸ ਰਿਸ਼ਤੇ ਨੂੰ ਸੋਨੇ ਦੀ ਡੱਬੀ ਵਿਚ ਸੰਭਾਲ ਕੇ ਰੱਖਿਓ, ਨਹੀਂ ਤਾਂ ਇਸ ਰਿਸ਼ਤੇ ਦੀ ਬਦੌਲਤ ਤੁਸੀਂ ਆਪਣਾ ਰਿਸ਼ਤਾ ਵੀ ਤੁੜਵਾ ਬੈਠੋਗੇ |
-ਪੰਜਾਬੀ ਲੈਕਚਰਾਰ, ਸ.ਸ.ਸ. ਸਕੂਲ ਚੁਗਿੱਟੀ, ਜਲੰਧਰ |
ਮੋਬਾਈਲ : 99888-53936