16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਭੁੱਲਦਾ ਨਹੀਂ ਜੋਧਪੁਰ ਜੇਲ੍ਹ ਦਾ ਸਫ਼ਰ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਸਾਕਾ ਨੀਲਾ ਤਾਰਾ-1984 'ਤੇ ਵਿਸ਼ੇਸ਼

ਬਹੁਤ ਲੰਬਾ ਸਮਾਂ ਬੀਤ ਜਾਣ ਬਾਅਦ ਵੀ ਰਾਜਸਥਾਨ ਦੀ ਵੱਡੀ ਜੇਲ੍ਹ ਜੋਧਪੁਰ ਨੂੰ ਭੁਲਾਇਆ ਨਹੀਂ ਜਾ ਸਕਦਾ | ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਲਿਊ ਸਟਾਰ ਐਕਸ਼ਨ ਹੋਣ ਸਮੇਂ ਫ਼ੌਜ ਵਲੋਂ ਗਿ੍ਫਤਾਰ ਕਰਕੇ ਕੁਝ ਸਿੰਘਾਂ ਨੂੰ ਇਕ ਸਾਲ ਵੱਖ-ਵੱਖ ਜੇਲ੍ਹਾਂ ਵਿਚ ਰੱਖਣ ਉਪਰੰਤ ਰਾਜਸਥਾਨ ਦੀ ਸਭ ਤੋਂ ਵੱਡੀ ਤੇ ਸਖਤ ਜੇਲ੍ਹ ਜੋਧਪੁਰ ਵਿਖੇ ਮਾਰਚ 1985 ਵਿਚ ਲਿਜਾਇਆ ਗਿਆ | ਇਨ੍ਹਾਂ ਨਜ਼ਰਬੰਦਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਡਿਊਟੀ ਕਰਮਚਾਰੀ, ਖਾੜਕੂ ਸਿੰਘ , ਦੋ ਬੀਬੀਆਂ ਤੋਂ ਇਲਾਵਾ ਆਮ ਯਾਤਰੂ ਵੀ ਸ਼ਾਮਿਲ ਸਨ, ਜੋ ਕੇਵਲ ਤੇ ਕੇਵਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਦਰਸ਼ਨ ਕਰਨ ਲਈ ਹੀ ਆਏ ਸਨ | ਜਿਨ੍ਹਾਂ ਦਾ ਕਿਸੇ ਵੀ ਖਾੜਕੂ ਗਰੁੱਪ ਜਾਂ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀ | ਸ੍ਰੀ ਅੰਮਿ੍ਤਸਰ ਤੋਂ ਲਗਪਗ 800 ਕਿਲੋਮੀਟਰ ਦੂਰੀ 'ਤੇ ਸਥਿਤ ਕੇਂਦਰੀ ਜੇਲ੍ਹ ਜੋਧਪੁਰ ਦਾ ਕਦੀ ਨਾਂਅ ਵੀ ਨਹੀਂ ਸੁਣਿਆ ਸੀ | ਇੰਨੀ ਦੂਰ ਨਜ਼ਰਬੰਦਾਂ ਦੇ ਵਾਰਿਸਾਂ ਵਲੋਂ ਜਾਣਾ-ਆਉਣਾ ਸੰਭਵ ਨਹੀਂ ਸੀ | ਜੇਕਰ ਕੋਈ ਪਹਿਲ ਕਰਕੇ ਪੁੱਜ ਵੀ ਜਾਂਦਾ ਤਾਂ ਮੁਲਾਕਾਤ ਲਈ ਉਸ ਸਮੇਂ ਦੇ ਹਾਲਾਤ ਅਨੁਸਾਰ ਲੋੜੀਂਦੇ ਠੋਸ ਪ੍ਰਬੰਧ ਹੀ ਨਹੀਂ ਸਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਨੇ ਬਹੁਤ ਹੀ ਸੀਮਿਤ ਸਾਧਨ ਹੋਣ ਦੇ ਬਾਵਜੂਦ ਜੋਧਪੁਰ ਜੇਲ੍ਹ'ਚ ਨਜ਼ਰਬੰਦਾਂ ਦੀਆਂ ਮੁਲਾਕਾਤਾਂ ਕਰਾਉਣ ਅਤੇ ਵਾਰਿਸਾਂ ਨੂੰ ਸ੍ਰੀ ਅੰਮਿ੍ਤਸਰ ਤੋਂ ਜੋਧਪੁਰ ਲੈ ਕੇ ਜਾਣ ਤੇ ਲਿਆਉਣ ਦੀ ਜ਼ਿੰਮੇਵਾਰੀ ਅਪ੍ਰੈਲ 1985 ਵਿਚ ਲੈ ਲਈ | ਇਸ ਕੇਸ ਦੀ ਮੁਕੰਮਲ ਕਾਨੂੰਨੀ ਪੈਰਵੀ ਕਰਨ ਲਈ ਯੋਗ ਵਕੀਲਾਂ ਦਾ ਪੈਨਲ ਨਿਯੁਕਤ ਕੀਤਾ ਗਿਆ | ਉਸ ਸਮੇਂ ਜੋਧਪੁਰ ਦਾ ਨਾਂਅ ਸੁਣਦਿਆਂ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਸਨ | ਜੋਧਪੁਰ ਵਿਖੇ ਕਿਸੇ ਦੀ ਕੋਈ ਵਾਕਫੀਅਤ ਨਹੀਂ ਸੀ, ਕੋਈ ਰਹਿਣ ਦਾ ਟਿਕਾਣਾ ਨਹੀਂ ਸੀ | ਹਾਲਾਤ ਅਨੁਸਾਰ ਜਦੋਂ ਕਿਸੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਕਿ ਅਸੀਂ ਪੰਜਾਬ ਦੇ ਸ਼ਹਿਰ ਸ੍ਰੀ ਅੰਮਿ੍ਤਸਰ ਤੋਂ ਆਏ ਹਾਂ ਤਾਂ ਕੋਈ ਵੀ ਬਾਂਹ ਫੜਨ ਲਈ ਤਿਆਰ ਨਹੀਂ ਸੀ ਹੁੰਦਾ | ਖ਼ੈਰ! ਕੁਦਰਤੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਜਾਣਕਾਰੀ ਮਿਲੀ | ਗੁਰਦੁਆਰਾ ਸਾਹਿਬ ਵਿਖੇ ਪੁੱਜਣ ਉਪਰੰਤ ਖੁਫ਼ੀਆ ਵਿਭਾਗ ਦੇ ਕਰਮਚਾਰੀਆਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਪੁੱਛਣਾ ਕਿ ਗੁਰਦੁਆਰਾ ਸਾਹਿਬ ਵਿਖੇ ਕੌਣ ਆਇਆ, ਕੌਣ ਗਿਆ ਅਤੇ ਕਿਉਂ ਆਇਆ ਆਦਿ ਅਜਿਹੇ ਬੇਤੁਕੇ ਸਵਾਲ ਕੀਤੇ ਜਾਂਦੇ ਸਨ | ਸਰਕਾਰੀ ਅੰਕੜਿਆਂ ਵਿਚ 379 ਨਜ਼ਰਬੰਦਾਂ ਦੀ ਸੂਚੀ ਸੀ, ਪ੍ਰੰਤੂ 365 ਨਜ਼ਰਬੰਦ ਹੀ ਜੇਲ੍ਹ ਵਿਚ ਪੁੱਜੇ, ਜਿਨਾਂ੍ਹ ਵਿਚ ਦੋ ਔਰਤਾਂ ਬੀਬੀ ਇੰਦਰਜੀਤ ਕੌਰ ਅੰਮਿ੍ਤਸਰ ਤੇ ਬੀਬੀ ਪ੍ਰੀਤਮ ਕੌਰ (ਪਤਨੀ ਸ਼ਹੀਦ ਭਾਈ ਰਸ਼ਪਾਲ ਸਿੰਘ) ਵੀ ਸ਼ਾਮਲ ਸਨ | ਬਾਕੀ 14 ਬਾਰੇ ਆਖੀਰ ਤੀਕ ਪਤਾ ਨਹੀਂ ਲੱਗ ਸਕਿਆ | ਇਨ੍ਹਾਂ ਵਿਚੋਂ ਦੋ ਨਜ਼ਰਬੰਦ ਸ. ਹਰਨਾਜ਼ਰ ਸਿੰਘ (ਜੋ ਕਮੇਟੀ ਦਾ ਕਰਮਚਾਰੀ ਸੀ) ਅਤੇ ਸ. ਪਾਲ ਸਿੰਘ ਰਾਜਿਸਥਾਨ ਨਿਵਾਸੀ ਮਾਨਸਿਕ ਪਰੇਸ਼ਾਨੀ ਕਾਰਨ ਜੇਲ੍ਹ ਵਿਚ ਹੀ ਸਵਰਗਵਾਸ ਹੋ ਗਏ ਸਨ | ਸ਼੍ਰੋਮਣੀ ਕਮੇਟੀ ਵਲੋਂ ਬੜੀ ਮਿਹਨਤ ਮੁੱਸ਼ਕਤ ਉਪਰੰਤ ਮੁਲਾਕਾਤਾਂ ਲਈ ਕੇਂਦਰੀ ਗ੍ਰਹਿ ਵਿਭਾਗ ਤੋਂ ਪ੍ਰਵਾਨਗੀ ਲਈ ਗਈ | ਮਹੀਨੇ ਵਿਚ ਤਿੰਨ ਵਾਰ ਬੱਸ ਭੇਜੇ ਜਾਣ ਦਾ ਫੈਸਲਾ ਹੋਇਆ, ਪਰ ਇਹ ਸਿਲਸਲਾ ਦੋ ਤਿੰਨ ਮਹੀਨੇ ਹੀ ਚੱਲਿਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਤੀ ਸਾਧਨ ਕਮਜ਼ੋਰ ਸਨ | ਇਸ ਲਈ ਫੇਰ ਮਹੀਨੇ ਵਿਚ ਦੋ ਵਾਰ ਬੱਸ ਭੇਜਣ ਦਾ ਫੈਸਲਾ ਹੋਇਆ, ਜੋ ਲਗਾਤਾਰ ਚਾਰ ਸਾਲ ਨਜ਼ਰਬੰਦਾਂ ਦੀ ਰਿਹਾਈ ਤੱਕ ਜਾਰੀ ਰਿਹਾ | ਹਾਲਾਤ ਇਹ ਬਣ ਗਏ ਸੀ ਕਿ ਕੋਈ ਵੀ ਟਰਾਂਸਪੋਰਟਰ ਪੈਸੇ ਲੈ ਕੇ ਵੀ ਜੋਧਪੁਰ ਬੱਸ ਭੇਜਣ ਲਈ ਤਿਆਰ ਨਹੀਂ ਸੀ ਹੁੰਦਾ | ਜਿਸ ਨਾਲ ਵਾਰਿਸਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ ਨਾਰਾਜ਼ਗੀ ਜ਼ਾਹਿਰ ਹੋਣ ਲੱਗ ਪਈ | ਅਫਸੋਸ ਇਸ ਗੱਲ ਦਾ ਵੀ ਹੈ ਕਿ ਉਸ ਸਮੇਂ ਕਈ ਜਥੇਬੰਦੀਆਂ ਦੀਆਂ ਆਪਣੀਆਂ ਬੱਸਾਂ ਹੋਣ ਦੇ ਬਾਵਜੂਦ ਕਿਸੇ ਨੇ ਵੀ ਸੇਵਾ ਦੀ ਭਾਵਨਾ ਪਰਗਟ ਨਹੀਂ ਸੀ ਕੀਤੀ | ਆਖਰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਯਤਨ ਕਰਕੇ ਬੱਸਾਂ ਭੇਜਣ ਦਾ ਪ੍ਰਬੰਧ ਕੀਤਾ | ਇਹ ਮੁਲਾਕਾਤਾਂ ਕਰਾਉਣ ਦਾ ਪ੍ਰਬੰਧ ਕਰਨ ਅਤੇ ਕੇਸਾਂ ਦੀ ਪੈਰਵੀ ਲਈ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਵੱਖਰਾ ਵਿਭਾਗ (ਲੀਗਲ ਸੈੱਲ) ਕਾਇਮ ਕੀਤਾ ਗਿਆ, ਜਿਸ ਦੇ ਮੁਖੀ ਰਿਟਾਇਰਡ ਪੀ.ਸੀ.ਐਸ, ਸ. ਗੁਰਦਿਆਲ ਸਿੰਘ ਮੋਂਗਾ ਨੂੰ ਅਤੇ ਉਨ੍ਹਾਂ ਦੀ ਮਦਦ ਲਈ ਸ. ਗੁਰਮੀਤ ਸਿੰਘ ਭੱਟੀ (ਜੋ ਹੁਣ ਅਮਰੀਕਾ ਵਿਖੇ ਰਹਿ ਰਹੇ ਹਨ) ਨੂੰ ਨਿਯੁਕਤ ਕੀਤਾ ਗਿਆ | ਜੋਧਪੁਰ ਜਾਣ ਵਾਲੇ ਵਾਰਿਸਾਂ ਨੇ 20-25 ਦਿਨ ਪਹਿਲਾਂ ਇਸ ਦਫਤਰ ਆ ਕੇ ਆਪਣੇ ਨਾਮ ਦਰਜ ਕਰਵਾਉਣੇ | ਇਕ ਪਰਿਵਾਰ ਦੇ ਇਕ ਹੀ ਮੈਂਬਰ ਦਾ ਨਾਂਅ ਦਰਜ ਕਰਨ ਦੀ ਤਜਵੀਜ਼ ਸੀ ਤਾਂ ਜੋ ਸਾਰੇ ਪਰਿਵਾਰ ਵਾਰੀ ਸਿਰ ਜਾ ਸਕਣ, ਪ੍ਰੰਤੂ ਕਿਉੁਾਕਿ ਵਾਰਿਸਾਂ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਹਨ, ਉਹ ਇਕ ਤੋਂ ਵੀ ਵੱਧ ਜਾਣਾ ਚਾਹੁੰਦੇ ਸਨ | ਇਸ ਕਾਰਨ ਬੋਲ-ਬੁਲਾਰਾ ਹੋਣਾ ਵੀ ਸੁਭਾਵਿਕ ਹੀ ਸੀ, ਪਰ ਫਿਰ ਵੀ ਲਗਾਤਾਰ ਚਾਰ ਸਾਲ ਇਹ ਸਿਲਸਲਾ ਚਲਦਾ ਰਿਹਾ | ਡਿਊਟੀ ਕਰਮਚਾਰੀਆਂ ਨੇ ਇਹ ਸਮਾਂ ਬੜੀ ਨਿਮਰਤਾ ਹਲੀਮੀ ਨਾਲ ਸੇਵਾ ਦੀ ਭਾਵਨਾ ਨਾਲ ਨਿਭਾਇਆ | ਹਰ ਪੰਦਰਾਂ ਦਿਨਾਂ ਬਾਅਦ ਬੱਸ ਸਵੇਰੇ 7 ਵਜੇ ਗੁ. ਸਾਰਾਗੜ੍ਹੀ, ਸ੍ਰੀ ਅੰਮਿ੍ਤਸਰ ਵਿਖੇ ਆ ਜਾਂਦੀ ਸੀ | ਸੂਚੀ ਅਨੁਸਾਰ ਅਕਸਰ 50-55 ਵਾਰਸਾਂ ਨੂੰ ਬੱਸ ਵਿਚ ਸੀਟ ਦਿੱਤੀ ਜਾਂਦੀ ਸੀ | ਕਮੇਟੀ ਕਰਮਚਾਰੀ ਰਸਤੇ ਵਾਸਤੇ ਅਤੇ ਜੋਧਪੁਰ ਵਿਖੇ ਠਹਿਰਨ ਸਮੇਂ ਲਈ ਲੰਗਰ ਆਦਿ ਦਾ ਪ੍ਰਬੰਧ ਕਰਨ ਲਈ ਸਮਾਨ ਆਦਿ ਵੀ ਇਸੇ ਬੱਸ 'ਚ ਲੈ ਕੇ ਜਾਂਦੇ ਸਨ, ਪਰ ਡਿਊਟੀ ਵਾਲੇ ਸੇਵਾਦਾਰਾਂ ਨੂੰ ਕਦੇ ਵੀ ਬੱਸ ਵਿਚ ਸੀਟ ਬੈਠਣ ਲਈ ਨਸੀਬ ਨਹੀਂ ਸੀ ਹੁੰਦੀ | ਉਨ੍ਹਾਂ ਨੇ ਬੱਸ ਦੇ ਇੰਜਣ 'ਤੇ ਜਾਂ ਬੱਸ ਦੀ ਛੱਤ 'ਤੇ ਹੀ ਸਫਰ ਕੀਤਾ | ਸ੍ਰੀ ਅੰਮਿ੍ਤਸਰ ਤੋਂ ਬੱਸ ਚੱਲ ਕੇ ਹਰੀਕੇ ਪੱਤਣ, ਕਿਸੇ ਢਾਬੇ ਉੱਤੇ 15-20 ਮਿੰਟ ਲਈ ਠਹਿਰਾਓ ਕਰਦੀ ਸੀ ਤਾਂ ਜੋ ਬਾਥਰੂਮ ਵਗੈਰਾ ਕੀਤਾ ਜਾਂ ਚਾਹ-ਪਾਣੀ ਪੀਤਾ ਜਾ ਸਕੇ | ਫਿਰ ਦੁਪਹਿਰ ਲਗਭਗ 2 ਵਜੇ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਵਿਖੇ ਠਹਿਰਾਓ ਕਰਨਾ | ਜਿੱਥੇ ਗਰਦੁਆਰਾ ਸਾਹਿਬ ਵਲੋਂ ਵਾਰਿਸਾਂ ਲਈ ਲੰਗਰ ਆਦਿ ਤਿਆਰ ਹੁੰਦਾ ਸੀ ਅਤੇ ਰਾਤ ਲਈ ਲੰਗਰ ਪੈਕ ਕਰਕੇ ਨਾਲ ਲੈ ਲੈਂਦੇ ਸੀ | ਇਥੋਂ ਗੁਰਦੁਆਰਾ ਸਾਹਿਬ ਤੋਂ ਬਾਅਦ ਦੁਪਹਿਰ 3 ਵਜੇ ਚੱਲ ਕੇ ਹਨੂੰਮਾਨਗੜ੍ਹ ਤੋਂ ਸੂਰਤਗੜ੍ਹ ਹੁੰਦੇ ਹੋਏ ਰਾਜਸਥਾਨ ਦੇ ਰੇਤਲੇ ਇਲਾਕੇ ਵਿਚ ਦਾਖਲ ਹੋ ਜਾਣ ਉਪਰੰਤ ਲਗਪਗ ਰਾਤ 9-10 ਵਜੇ ਬੀਕਾਨੇਰ ਤੋਂ ਪਹਿਲਾਂ ਇਕ ਕਸਬਾ ਲੂਣ ਕਰਨ ਸਰ ਆਉਂਦਾ ਸੀ, ਉੱਥੇ ਮੇਨ ਰੋਡ 'ਤੇ ਛੋਟਾ ਜਿਹਾ 'ਜੱਗੇ ਦਾ ਪੱਟੀ ਵਾਲਾ ਢਾਬਾ' ਆਉਂਦਾ ਹੈ, ਉੱਥੇ ਰੁਕ ਜਾਣਾ | ਇਸ ਲਈ ਕਿ ਇਹ ਪੰਜਾਬੀ ਢਾਬਾ ਹੈ | ਢਾਬੇ ਦੇ ਮਾਲਕ ਜੱਗੇ ਨੂੰ ਚਾਅ ਚੜ੍ਹ ਜਾਂਦਾ ਕਿ ਸੰਗਤ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਆਈ ਹੈ, ਉਨ੍ਹਾਂ ਨੇ ਪਾਣੀ ਅਤੇ ਬਰਤਨਾਂ ਆਦਿ ਦਾ ਪ੍ਰਬੰਧ ਕਰਨ ਲੱਗ ਪੈਣਾ | ਸੇਵਾਦਾਰਾਂ ਨੇ ਲੋੜ ਅਨੁਸਾਰ ਸਭ ਵਾਰਿਸਾਂ ਨੂੰ ਪ੍ਰਸ਼ਾਦਾ ਛਕਾਉਣਾ ਅਤੇ ਬਾਕੀ ਲੰਗਰ ਉਸ ਢਾਬਾ ਮਾਲਕ ਜੱਗੇ ਨੇ ਰੱਖ ਲੈਣਾ ਕਿ ਗੁਰੂ ਦਾ ਲੰਗਰ ਹੈ, ਕੋਈ ਹੋਰ ਵੀ ਛਕ ਲਵੇਗਾ | ਢਾਬੇ 'ਤੇ ਚਾਹ ਬਣਾਉਣੀ ਕਈ ਵਾਰ ਵਾਰਿਸਾਂ ਨੇ ਪੈਸੇ ਵੀ ਨਾ ਦੇਣੇ ਪਰ ਕਈਆਂ ਨੇ ਲੋੜ ਤੋਂ ਵੱਧ ਵੀ ਦੇਣੇ | ਢਾਬੇ ਵਾਲਾ ਜੱਗਾ ਸੇਵਾ ਕਰਕੇ ਪੂਰੀ ਤਰਾਂ੍ਹ ਸੰਤੁਸ਼ਟ ਹੁੰਦਾ ਸੀ | ਇੱਥੋਂ 11 ਵਜੇ ਰਾਤ ਨੂੰ ਚੱਲ ਕੇ ਪਹਿਲਾਂ ਪਹਿਲ ਗੁਰਦੁਆਰਾ ਸਿੰਘ ਸਭਾ ਬੀਕਾਨੇਰ ਆਰਾਮ ਕਰਨਾ ਸ਼ੁਰੂ ਕੀਤਾ, ਉੱਥੇ ਬਿਸਤਰਿਆਂ ਆਦਿ ਦਾ ਪ੍ਰਬੰਧ ਨਹੀਂ ਸੀ | ਫਿਰ ਅਸੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਤੋਂ 100 ਬਿਸਤਰਿਆਂ ਦਾ ਗੁਰਦੁਆਰਾ ਸਿੰਘ ਸਭਾ ਬੀਕਾਨੇਰ ਵਿਖੇ ਸਟਾਕ ਜਮ੍ਹਾਂ ਕੀਤਾ | ਰਾਤ ਆਰਾਮ ਕਰਨ ਉਪਰੰਤ ਅਗਲੇ ਦਿਨ ਬੀਕਾਨੇਰ ਤੋਂ ਚੱਲ ਕੇ ਬਾਅਦ ਦੁਪਹਿਰ ਗੁਰਦੁਆਰਾ ਸਿੰਘ ਸਭਾ ਜੋਧਪੁਰ ਪੁੱਜ ਜਾਣਾ | ਥਕਾਵਟ ਹੋਣ ਕਰਕੇ ਸਭ ਨੇ ਆਰਾਮ ਕਰਨਾ | ਦੋ ਮਹੀਨੇ ਬਾਅਦ ਵਾਰਿਸਾਂ ਨੇ ਸਮੇਂ ਦੀ ਬੱਚਤ ਕਰਨ ਲਈ ਫੈਸਲਾ ਕੀਤਾ ਕਿ ਰਾਤ ਬੀਕਾਨੇਰ ਵਿਖੇ ਰੁਕਣ ਦੀ ਬਜਾਏ ਸਿੱਧੇ ਹੀ ਜੋਧਪੁਰ ਪਹੁੰਚਿਆ ਜਾਵੇ | ਫਿਰ ਲੂਣ ਕਰਨ ਸਰ ਢਾਬੇ ਤੋਂ ਚੱਲ ਕੇ ਸਿੱਧੇ ਹੀ ਜੋਧਪੁਰ ਅਗਲੇ ਦਿਨ ਸਵੇਰੇ ਲਗਭਗ 7 ਵਜੇ (ਭਾਵ ਸ੍ਰੀ ਅੰਮਿ੍ਤਸਰ ਤੋਂ ਜੋਧਪੁਰ 24 ਘੰਟੇ ਦਾ ਸਫਰ ਤੈਅ ਕਰਕੇ) ਪੁੱਜ ਜਾਣਾ, ਕਿਉਂਕਿ ਸਵੇਰ ਦਾ ਸਮਾਂ ਹੋਣ ਕਾਰਨ ਸਭ ਨੇ ਇਸ਼ਨਾਨ-ਪਾਣੀ ਕਰਨਾ ਹੁੰਦਾ ਸੀ, ਪਰ ਰਾਜਸਥਾਨ ਵਿਚ ਪਾਣੀ ਦੀ ਬਹੁਤ ਕਿੱਲਤ ਹੁੰਦੀ ਸੀ | ਜੋਧਪੁਰ ਨਿਵਾਸੀ ਤਾਂ ਪਾਣੀ ਸੰਕੋਚ ਨਾਲ ਵਰਤਦੇ ਸਨ ਪਰ ਅਸੀਂ ਸਾਰੇ ਪੰਜਾਬੀ ਸੀ, ਪਾਣੀ ਵੀ ਪੰਜਾਬ ਦੀ ਤਰ੍ਹਾਂ ਵਰਤਣ ਦੀ ਆਦਤ ਸੀ | ਇਸ ਲਈ ਗੁਰਦੁਆਰਾ ਸਿੰਘ ਸਭਾ ਜੋਧਪੁਰ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਟੈਂਕਰ ਮੰਗਵਾ ਕੇ ਲੋੜੀਂਦੇ ਪ੍ਰਬੰਧ ਕਰਕੇ ਦੇਣੇ ਸ਼ੁਰੂ ਕਰ ਦਿੱਤੇ ਗਏ | ਸਾਡੇ ਨਾਲ ਸ੍ਰੀ ਅੰਮਿ੍ਤਸਰ ਤੋਂ ਗਏ ਸੇਵਾਦਾਰਾਂ ਨੇ ਆਰਾਮ ਕਰਨ ਦੀ ਬਜਾਏ ਵਾਰਿਸਾਂ ਲਈ ਲੰਗਰ ਆਦਿ ਦਾ ਪ੍ਰਬੰਧ ਕਰਨ ਦੀ ਡਿਊਟੀ ਆਰੰਭ ਦੇਣੀ | ਲੰਗਰ ਛਕ ਕੇ ਵਾਰਿਸਾਂ ਨੇ ਲੋੜ ਅਨੁਸਾਰ ਨਜ਼ਰਬੰਦਾਂ ਲਈ ਸਾਮਾਨ ਦੀ ਖਰੀਦੋ-ਫਰੋਖਤ ਕਰਨੀ | ਵਾਰਿਸਾਂ ਦੇ ਹਲਫ਼ੀਆ ਬਿਆਨ ਇਕੱਲੇ-ਇਕੱਲੇ ਤਿਆਰ ਕਰਕੇ ਕਚਹਿਰੀ ਜਾ ਕੇ ਨੋਟਰੀ ਪਬਲਿਕ ਪਾਸੋਂ ਤਸਦੀਕ ਕਰਾਉਣ ਉਪਰੰਤ ਜੇਲ੍ਹ ਵਿਚ ਭੇਜੇ ਜਾਂਦੇ ਸਨ | ਇਸੇ ਦਿਨ ਸਰਕਾਰ ਦੇ ਖੁਫ਼ੀਆ ਵਿਭਾਗ ਦੇ ਕਰਮਚਾਰੀਆਂ ਨੇ ਆ ਕੇ ਵਾਰਿਸਾਂ ਨੂੰ ਪ੍ਰੇਸ਼ਾਨ ਕਰਨਾ ਹੁੰਦਾ ਸੀ | ਤਰ੍ਹਾਂ- ਤਰ੍ਹਾਂ ਦੇ ਬੇਤੁਕੇ ਸਵਾਲ ਪੁੱਛਣੇ ਕਿ ਮੁਲਾਕਾਤਾਂ ਲਈ ਖਾਸ-ਖਾਸ ਵਿਅਕਤੀ ਕੌਣ ਹੈ? ਕੌਣ –ਕੌਣ ਕਿਸ ਦੀ ਮੁਲਾਕਾਤ ਕਰੇਗਾ ਜਦ ਕਿ ਸ੍ਰੀ ਅੰਮਿ੍ਤਸਰ ਤੋਂ ਜੋਧਪੁਰ ਤੀਕ ਰਸਤੇ ਵਿਚ ਹਰੇਕ ਨਾਕੇ ਉੱਤੇ ਜਾਣ ਵਾਲਿਆਂ ਦੀ ਸੂਚੀ ਮੁਹੱਈਆ ਕੀਤੀ ਜਾਂਦੀ ਸੀ | ਲੋੜੀਂਦੀ ਜਾਣਕਾਰੀ ਉਨ੍ਹਾਂ ਨੂੰ ਦੇ ਵੀ ਦਿੱਤੀ ਜਾਂਦੀ ਸੀ | ਉਸੇ ਦਿਨ ਲੰਗਰ ਛਕ ਕੇ ਸਾਰੇ ਵਾਰਿਸਾਂ ਨੇ ਸਵੇਰੇ 10 ਵਜੇ ਜੇਲ੍ਹ ਦੇ ਮੁੱਖ ਦਰਵਾਜ਼ੇ ਉੱਪਰ ਪੁੱਜ ਜਾਣਾ | ਵਾਰੀ-ਵਾਰੀ 10-10 ਵਾਰਿਸਾਂ ਦੇ ਗਰੁੱਪ ਦੇ ਸਮਾਨ ਦੀ ਤਲਾਸ਼ੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ | ਕੁਝ ਸਾਮਾਨ ਜੇਲ੍ਹ ਕਰਮਚਾਰੀਆਂ ਨੇ ਭੇਜਣ ਦੀ ਪ੍ਰਵਾਨਗੀ ਨਾ ਦੇਣੀ | ਫਿਰ ਉਪਰਲੇ ਵੱਡੇ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਸਾਮਾਨ ਜੇਲ੍ਹ ਵਿਚ ਭੇਜਿਆ ਜਾਂਦਾ ਸੀ |
ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਲੋਂ ਸਾਮਾਨ ਭੇਜਣ ਦੀ ਤਜਵੀਜ਼ ਪੇਸ਼ ਕੀਤੀ, ਜੋ ਅਧਿਕਾਰੀਆਂ ਨੇ ਇਸ ਸ਼ਰਤ ਸਹਿਤ ਪ੍ਰਵਾਨ ਕੀਤੀ ਕਿ ਸਾਮਾਨ ਦੀ ਵੰਡ ਵੰਡਾਈ ਜੇਲ੍ਹ ਅੰਦਰ ਜੇਲ੍ਹ ਕਰਮਚਾਰੀਆਂ ਵਲੋਂ ਹੀ ਕੀਤੀ ਜਾਵੇਗੀ, ਅਸੀ ਮੰਨ ਗਏ | ਖੰਡ , ਸਾਬਣ , ਤੇਲ ਆਦਿ ਵਰਤੋਂ ਵਾਲੀਆਂ ਚੀਜ਼ਾਂ ਲੈ ਕੇ ਜੇਲ੍ਹ ਦੀ ਡਿਉੜੀ ਵਿਚ ਦੇ ਦਿੱਤੀਆਂ ਜਾਂਦੀਆਂ ਸਨ | ਸਾਮਾਨ ਦੀ ਚੈਕਿੰਗ ਦਾ ਤਰੀਕਾ ਬਹੁਤ ਹੀ ਔਖਾ ਸੀ | ਹਰੇਕ ਚੀਜ਼ ਨੂੰ ਬਾਰੀਕੀ ਨਾਲ ਚੈੱਕ ਕਰਕੇ ਰੱਖ ਲਿਆ ਜਾਂਦਾ | ਥੋੜ੍ਹਾ-ਥੋੜ੍ਹਾ ਕਰਕੇ ਵੰਡ-ਵੰਡਾਈ ਉਹ ਖੁਦ ਹੀ ਕਰਦੇ, ਪਰ ਇਹ ਤਜਰਬਾ ਬਹੁਤੀ ਦੇਰ ਨਾ ਚੱਲ ਸਕਿਆ | ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਸਾਮਾਨ ਦੇਣਾ ਸੰਭਵ ਨਹੀਂ ਹੈ | ਇਸ ਲਈ ਸਾਮਾਨ ਵਾਰਿਸਾਂ ਰਾਹੀਂ ਹੀ ਭੇਜਿਆ ਜਾਵੇ | ਪਰ ਇਹ ਸਾਡੇ ਲਈ ਮੁਸ਼ਕਿਲ ਸੀ ਕਿਉਂਕਿ 15 ਦਿਨਾਂ ਤੋਂ ਬਾਅਦ ਮੁਲਾਕਾਤ ਸਮੇਂ ਤਾਂ ਵੱਧ ਤੋਂ ਵੱਧ 50-60 ਵਾਰਸ ਹੀ ਜਾਂਦੇ ਸਨ, ਪ੍ਰੰਤੂ ਸਮਾਨ ਤਾਂ ਸਾਰਿਆਂ ਨੂੰ ਹੀ ਚਾਹੀਦਾ ਹੁੰਦਾ ਸੀ | ਜੇਲ੍ਹ ਅਧਿਕਾਰੀਆਂ ਨਾਲ ਸਾਡੀ ਮੁਲਾਕਾਤ ਕਰਾਉਣ ਦਾ ਪ੍ਰਬੰਧ ਕੀਤਾ ਤਾਂ ਜੋ ਕੋਈ ਹੱਲ ਲੱਭਿਆ ਜਾਵੇ, ਫਿਰ ਸਾਂਝੀ ਰਾਇ ਬਣ ਗਈ ਕਿ ਜੋ ਵੀ ਸਾਮਾਨ ਸਾਰੇ ਨਜ਼ਰਬੰਦਾਂ ਨੂੰ ਭੇਜਿਆ ਜਾਵੇ, ੳਹੁ ਨਜ਼ਰਬੰਦਾਂ ਦੀ ਗਿਣਤੀ ਭਾਵ 365 ਪੈਕਟ ਬਣਾ ਕੇ ਜੇਲ੍ਹ ਵਿਚ ਜਮ੍ਹਾਂ ਕਰਵਾਏ ਜਾਣ, ਉਪਰੰਤ ਜੇਲ੍ਹ ਅਧਿਕਾਰੀ ਉਸ ਨੂੰ ਵੰਡ ਦੇਣਗੇ | ਨਜ਼ਰਬੰਦਾਂ ਦੀ ਰਿਹਾਈ ਤੱਕ ਇਹ ਪ੍ਰਕਿਰਿਆ ਜਾਰੀ ਰਹੀ | ਫਿਰ ਕਦੀ ਵੀ ਵੰਡ-ਵੰਡਾਈ ਦੀ ਦਿੱਕਤ ਨਹੀਂ ਆਈ |
ਮੁਲਾਕਾਤਾਂ ਦਾ ਸਿਲਸਲਾ ਲਗਪਗ 3-4 ਵਜੇ ਸ਼ਾਮ ਤੀਕ ਚਲਦਾ ਸੀ | ਇਸ ਉਪਰੰਤ ਉਸੇ ਦਿਨ ਸ਼ਾਮ ਨੂੰ ਲਗਭਗ 7-8 ਵਜੇ ਜੋਧਪੁਰ ਤੋਂ ਲਗਾਤਾਰ ਚੱਲ ਕੇ 20 ਘੰਟੇ ਬਾਅਦ ਸ੍ਰੀ ਅੰਮਿ੍ਤਸਰ ਦੀ ਧਰਤੀ ਉ ੱਪਰ ਪੁੱਜ ਜਾਂਦੇ ਸੀ | ਜਿੱਥੋਂ ਇਹ ਵਾਰਸ ਆਪਣੇ-ਆਪਣੇ ਘਰਾਂ ਲਈ ਰਵਾਨਾ ਹੋ ਜਾਂਦੇ ਸਨ | ਲੰਬਾ ਸਮਾਂ ਜੋਧਪੁਰ ਵਿਖੇ ਰਹਿਣ ਕਾਰਨ ਸਮਾਂ ਤਬਦੀਲ ਹੁੰਦਾ ਗਿਆ | ਜੋਧਪੁਰ ਨਿਵਾਸੀ ਚਾਹੇ ਉਹ ਕਿਸੇ ਵਰਗ ਨਾਲ ਸੰਬੰਧਤ ਸਨ, ਨਜ਼ਰਬੰਦਾਂ ਨਾਲ ਹਮਦਰਦੀ ਪ੍ਰਗਟ ਕਰਨ ਲੱਗੇ | ਸਾਡੇ ਲਈ ਨਫ਼ਰਤ ਦੀ ਬਜਾਏ ਪਿਆਰ ਦੀ ਝਲਕ ਉਨ੍ਹਾਂ ਦੇ ਚਿਹਰੇ ਤੋਂ ਪੈਣ ਲੱਗੀ | ਸ੍ਰੀ ਅੰਮਿ੍ਤਸਰ ਤੋਂ ਜੋਧਪੁਰ ਦਾ ਸਫ਼ਰ ਬਹੁਤ ਲੰਬਾ ਸੀ, ਪਰ ਜੋਧਪੁਰ ਨਿਵਾਸੀਆਂ ਵਲੋਂ ਪੰਜਾਬ ਵਾਸੀਆਂ ਪ੍ਰਤੀ ਵਿਸ਼ਵਾਸ ਦੀ ਇੰਨੀ ਭਾਵਨਾ ਪੈਦਾ ਕੀਤੀ ਗਈ ਕਿ ਲਗਭਗ 40 ਸਾਲ ਦਾ ਸਮਾਂ ਬੀਤ ਜਾਣ 'ਤੇ ਵੀ ਜੋਧਪੁਰ ਨਿਵਾਸੀਆਂ ਦੇ ਪਿਆਰ ਅਤੇ ਆਪਣੇਪਨ ਦੀ ਅੱਜ ਵੀ ਯਾਦ ਆਉਂਦੀ ਹੈ |

-ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |
ਮੋਬਾਈਲ : 98143-56133

Ad Position 22
No active advertisement
ਪਿਛਲੀ ਖ਼ਬਰ ਖਾਸ ਰਿਸ਼ਤਾ ਅਗਲੀ ਖ਼ਬਰ ਨੀਲਾ ਤਾਰਾ ਸਾਕੇ ਤੋਂ ਬਾਅਦ-ਇਤਿਹਾਸ ਤੋਂ ਸੇਧ ਲੈ ਕੇ ਅੱਗੇ ਕਿਵੇਂ ਤੁਰਿਆ ਜਾਵੇ?
Ad Position 24