ਸਮੁੰਦਰੀ ਦੁਨੀਆ ਦੀ ਰੋਮਾਂਚਕ ਯਾਤਰਾ
ਲੇਖਕ : ਜੂਲਸ ਵਰਨ
ਅਨੁਵਾਦ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 92090-00001

ਕਿਸੇ ਗਲਪਕਾਰ ਦੀ ਰਚਨਾ ਦਾ ਇਹ ਅਮੀਰੀ ਗੁਣ ਹੁੰਦਾ ਹੈ ਕਿ ਉਹ ਆਪਣੇ ਵਿਸ਼ੇ ਦੀ ਪੇਸ਼ਕਾਰੀ ਕਰਦਿਆਂ ਰਚਨਾ ਵਿਚ ਰੌਚਕਤਾ ਅਤੇ ਉਤਸੁਕਤਾ ਅੰਤ ਤੱਕ ਬਣਾਈ ਰੱਖੇ। ਜੂਲਸ ਬਰਨ ਦੀਆਂ ਲਿਖਤਾਂ 'ਚ ਇਹ ਸਾਹਿਤਕ ਗੁਣ ਮੌਜੂਦ ਹੁੰਦੇ ਹਨ। ਉਕਤ ਨਾਵਲ ਦੀ ਸਾਰੀ ਕਹਾਣੀ ਸਮੁੰਦਰੀ ਪਾਣੀ 'ਚ ਅੱਗੇ ਵਧਦੀ ਹੈ। ਲੇਖਕ ਨੇ ਜੋ ਜਾਣਕਾਰੀ ਦਿੱਤੀ ਹੈ, ਉਹ ਬਾਕਮਾਲ ਹੈ। ਵਿਸ਼ਾ ਨਿਵੇਕਲਾ, ਵਿਗਿਆਨਕ ਅਤੇ ਭੂਗੋਲਿਕ ਜਾਣਕਾਰੀ ਦੇਣ ਵਾਲਾ ਹੈ। ਸਮੁੱਚੀ ਕਹਾਣੀ ਦੇ ਪਾਤਰ ਬੜੇ ਵਾਰ ਵੱਡੀਆਂ ਮੁਸ਼ਕਲਾਂ ਅਤੇ ਗੰਭੀਰ ਸੰਕਟ 'ਚ ਘਿਰੇ ਹੋਏ ਨਜ਼ਰ ਆਉਂਦੇ ਹਨ, ਪਰ ਉਹ ਪੈਦਾ ਹੋਏ ਹਾਲਾਤਾਂ ਅੱਗੇ ਕਦੇ ਵੀ ਗੋਡੇ ਨਹੀਂ ਟੇਕਦੇ, ਸਗੋਂ ਦ੍ਰਿੜ੍ਹਤਾ ਅਤੇ ਸਾਹਸ ਨਾਲ ਉਨ੍ਹਾਂ ਦਾ ਮੁਕਾਬਲਾ ਕਰਦਿਆਂ ਜੇਤੂ ਹੋ ਕੇ ਨਿਕਲਦੇ ਹਨ। ਹੋਰ ਤਾਂ ਹੋਰ ਕਿਸੇ ਸੰਕਟ ਦੀ ਘੜੀ 'ਚ ਰੱਬ ਅੱਗੇ ਫ਼ਰਿਆਦਾ ਨਹੀਂ ਕਰਦੇ। ਲੇਖਕ ਦੱਸਦਾ ਹੈ ਕਿ ਕਰੀਬ 100 ਸਾਲ ਪਹਿਲਾਂ ਯੂਰਪ ਅਤੇ ਅਮਰੀਕਾ ਦੇ ਜਹਾਜ਼ੀ ਅਧਿਕਾਰੀ, ਕਪਤਾਨ, ਮਲਾਹ ਅਤੇ ਹੋਰ ਅਮਲਾ ਐਟਲਾਂਟਿਕ ਮਹਾਂਸਾਗਰ ਜਾਂ ਪ੍ਰਸ਼ਾਂਤ ਮਹਾਂਸਾਗਰ ਦੀ ਯਾਤਰਾ ਤੋਂ ਘਬਰਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਮੁੰਦਰੀ ਤਲ 'ਤੇ ਵੇਲ੍ਹ ਮੱਛੀ ਤੋਂ ਵੀ ਵੱਡੇ ਅਕਾਰ ਦੀ ਸੰਜੀਵ ਜਾਂ ਨਿਰਜੀਵ ਵਸਤੂ ਜਹਾਜ਼ਾਂ ਦਾ ਕੁਝ ਬਣਨ ਨਹੀਂ ਦਿੰਦੀ। ਲੇਖਕ ਆਪਣੇ ਵਿਸ਼ਵਾਸਪਾਤਰ ਨੌਕਰ ਕਨਸੀਲ, ਮਸ਼ਹੂਰ ਬਰਛਾਧਾਰੀ ਨੇਡਲੈਂਡ ਅਤੇ ਜਹਾਜ਼ ਦੇ ਕਪਤਾਨ ਸਮੇਤ ਸਮੁੰਦਰੀ ਯਾਤਰਾ 'ਤੇ ਨਿਕਲਦੇ ਹਨ ਅਤੇ ਕਾਫ਼ੀ ਖੋਜ ਭਰਭੂਰ ਕਾਰਜ ਕਰਦਾ ਹੈ। ਕਹਾਣੀ ਅੰਦਰ ਇਕ ਸਮਾਂ ਅਜਿਹਾ ਆਉਂਦਾ ਹੈ ਕਿ ਉਹ ਸਮੁੰਦਰੀ ਯਾਤਰਾ ਕਰਦੇ ਹੋਏ ਰਹੱਸਮਈ 'ਨਾਟਿਲਸ' ਨਾਂਅ ਦੀ ਵਸਤੂ 'ਚ ਸਵਾਰ ਹੋ ਜਾਂਦੇ ਹਨ ਅਤੇ ਕਈ ਮਹੀਨਿਆਂ ਤੱਕ ਸਮੁੰਦਰੀ ਯਾਤਰਾ ਕਰਦੇ ਹਨ। ਸਮੁੰਦਰ ਰਾਹੀਂ ਉਹ ਦੁਨੀਆ ਭਰ ਦੇ ਮੁਲਕਾਂ ਦੇ ਕਿਨਾਰਿਆਂ ਤੱਕ ਅੱਪੜ ਜਾਂਦੇ ਹਨ। ਇਸ ਦੌਰਾਨ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਹਨ, ਜਿਨ੍ਹਾਂ ਦਾ ਉਹ ਡਟ ਕੇ ਮੁਕਾਬਲਾ ਕਰਦੇ ਹਨ। ਲੇਖਕ ਨਾਟਿਲਸ ਦੀ ਅੰਦਰੂਨੀ ਅਤੇ ਬਾਹਰੀ ਬਣਤਰ 'ਤੇ ਚਾਨਣਾ ਪਾਉਂਦਾ ਹੈ ਕਿ ਕਿਵੇਂ ਇਹ ਪਣਡੁੱਬੀ ਜਹਾਜ਼ੀਆਂ ਦੇ ਰਸਤਿਆਂ 'ਚ ਰੋੜਾ ਬਣ ਜਾਂਦੀ ਹੈ। ਇਸ ਪਣਡੁੱਬੀ ਦਾ ਕਪਤਾਨ ਸਮੁੰਦਰ 'ਚੋਂ ਸੋਨੇ ਦੀਆਂ ਇੱਟਾਂ ਤਲਾਸ਼ ਕੇ ਉਨ੍ਹਾਂ ਮੁਲਕਾਂ ਦੇ ਆਗੂਆਂ ਦੀ ਵਿੱਤੀ ਸਹਾਇਤਾ ਲਈ ਭੇਜਦਾ ਹੈ, ਜੋ ਕਿਸੇ ਕਾਰਨ ਦੂਜੇ ਮੁਲਕਾਂ ਨੇ ਗੁਲਾਮ ਬਣਾਏ ਹੁੰਦੇ ਹਨ। ਇਵੇਂ ਸਮੁੰਦਰ ਅੰਦਰ ਸ਼ਿਕਾਰ 'ਤੇ ਨਿਕਲਣਾ ਅਤੇ ਨਵੀਂ ਖੋਜ ਦੀ ਤਲਾਸ਼ 'ਚ ਰਹਿਣਾ ਕਾਫ਼ੀ ਰੌਚਕ ਬ੍ਰਿਤਾਂਤ ਹੈ। ਸਮੁੰਦਰੀ ਪਣਡੁੱਬੀ (ਨਾਟਿਲਸ) 'ਚ 10 ਮਹੀਨਿਆਂ ਤੱਕ ਗੁਲਾਮ ਬਣ ਕੇ ਰਹਿਣ ਵਾਲੇ ਤਿੰਨੇ ਪਾਤਰ ਹਜ਼ਾਰਾਂ ਮੀਲਾਂ ਦੀ ਯਾਤਰਾ ਕਰਦੇ ਹੋਏ ਅੰਤ 'ਚ ਕਲਾਤਮਿਕ ਤਰੀਕੇ ਨਾਲ ਆਜ਼ਾਦ ਹੋਣ 'ਚ ਸਫ਼ਲ ਹੋ ਜਾਂਦੇ ਹਨ। ਇਸ ਮੁੱਲਵਾਨ ਰਚਨਾ ਦਾ ਪੰਜਾਬੀ 'ਚ ਅਨੁਵਾਦ ਕਰਨ ਲਈ ਜਸਪ੍ਰੀਤ ਸਿੰਘ ਜਗਰਾਓਂ ਹੋਰੀਂ ਵਧਾਈ ਦੇ ਪਾਤਰ ਹਨ।
-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110
ਹੱਕ-ਸੱਚ ਦਾ ਸੰਗਰਾਮ
ਲੇਖਕ : ਲਾਲ ਸਿੰਘ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ
ਮੁੱਲ : 390 ਰੁਪਏ, ਸਫੇ : 264
ਸੰਪਰਕ : 70870-91838

'ਹੱਕ ਸੱਚ ਦਾ ਸੰਗਰਾਮ' ਸਵੈਜੀਵਨੀ ਲਾਲ ਸਿੰਘ ਢਿੱਲੋਂ ਦੀ ਲਿਖੀ ਹੋਈ ਹੈ ਇਹ ਸਵੈਜੀਵਨੀ ਲੇਖਕ ਦੇ ਸਿਧਾਂਤਾਂ ਨੂੰ ਪੇਸ਼ ਕਰਦੀ ਹੈ ਇਸ ਵਿਚ ਲੇਖਕ ਨੇ ਸਾਰੀਆਂ ਘਟਨਾਵਾਂ ਨੂੰ ਸਿੱਧੇ ਤੇ ਸਾਦੇ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਸਵੈ ਜੀਵਨੀ ਵਰਤਮਾਨ ਸਮੇਂ ਦੇ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੀ ਹੈ ਤੇ ਦੱਸਦੀ ਹੈ ਕਿ ਕਿਵੇਂ ਲੇਖਕ ਨੇ ਆਪਣੀ ਪੜ੍ਹਾਈ ਤੇ ਕਾਲਜ ਦੌਰਾਨ ਸਟੂਡੈਂਟ ਫੈਡਰੇਸ਼ਨ ਦੀ ਕਾਨਫਰੰਸ ਨੌਜਵਾਨ ਭਾਰਤ ਸਭਾ ਸਰਗਰਮੀਆਂ ਆਦਿ ਵਿਚ ਭਾਗ ਲਿਆ। ਇਸ ਪੁਸਤਕ ਵਿਚ ਲੇਖਕ ਨੇ ਦੱਸਿਆ ਹੈ ਕਿ ਉਸ ਨੇ ਆਪਣੀ ਪੜ੍ਹਾਈ ਨੂੰ ਕਿਵੇਂ ਔਖੇ ਹਾਲਾਤਾਂ ਵਿਚ ਵੀ ਜਾਰੀ ਰੱਖਿਆ ਤੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕੀਤਾ। ਸਵੈਜੀਵਨੀ ਪੜ੍ਹ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਮਿਸਾਲੀ ਜੀਵਨ ਜਿਉਣ ਵਾਲਾ ਸਹੀ ਇਨਸਾਨ ਲਾਲ ਸਿੰਘ ਢਿੱਲੋਂ ਹੀ ਹੈ। ਉਹ ਸਹੀ ਮਾਇਨਿਆਂ ਵਿਚ ਕਮਿਊਨਿਸਟ ਹੈ। ਸਵੈਜੀਵਨੀ ਵਿਚ ਲੇਖਕ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪਿੰਡ ਵਿਚਲੇ ਸਕੂਲ ਦੀ ਸਥਾਪਨਾ ਬਾਰੇ, ਦੇਸ਼ ਦੀ ਵੰਡ ਬਾਰੇ, ਅਨੇਕਾਂ ਮਹੱਤਵਪੂਰਨ ਘਟਨਾਵਾਂ, ਲਹਿਰਾਂ ਅਤੇ ਆਗੂਆਂ ਬਾਰੇ ਜਾਣਕਾਰੀ ਦਿੱਤੀ ਹੈ ਸਵੈਜੀਵਨੀ ਲਿਖਣ ਦੀ ਸ਼ੈਲੀ ਸਧਾਰਨ ਤੇ ਸਰਲ ਹੈ। ਇਸ ਤੋਂ ਇਲਾਵਾ ਲੇਖਕ ਨੇ ਚੋਣਾਂ ਤੇ ਕਿਸਾਨ ਕਾਨਫਰੰਸ ਦਾ ਜ਼ਿਕਰ ਕੀਤਾ ਹੈ ਤੇ ਇੱਕ ਗੌਰਮੈਂਟ ਅਧਿਆਪਕ ਹੁੰਦੇ ਹੋਏ ਵੀ ਜਨਤਕ ਜਥੇਬੰਦੀਆਂ ਨਾਲ ਰਹਿ ਕੇ ਲੇਖਕ ਨੇ ਸਰਕਾਰ ਦੇ ਵਿਰੁੱਧ ਆਵਾਜ਼ ਉਠਾਈ ਇਹ ਪੁਸਤਕ ਲੇਖਕ ਦੇ ਜੀਵਨ ਤੇ ਸੰਘਰਸ਼ ਨਾਲ ਭਰਪੂਰ ਹੈ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਚ ਗਰੀਬ ਤੇ ਮਜ਼ਦੂਰ ਲੋਕਾਂ ਦਾ ਬਹੁਤ ਸਾਥ ਦਿੱਤਾ। ਆਪਣੇ ਪਰਿਵਾਰ ਵਿਚ ਆਪਣੀ ਬੇਟੀਆਂ ਨੂੰ ਪੜ੍ਹਾ-ਲਿਖਾ ਕੇ ਵਧੀਆ ਮਿਸਾਲ ਕਾਇਮ ਕੀਤੀ। ਇਹ ਪੁਸਤਕ ਅਮੁੱਲੇ ਵਿਚਾਰਾਂ ਦੀ ਧਾਰਨੀ ਹੈ ਤੇ ਨੌਜਵਾਨਾਂ ਨੂੰ ਸੇਧ ਦਿੰਦੀ ਹੈ।
ਮੇਰੇ ਅਨੁਸਾਰ ਇਹ ਪੁਸਤਕ ਹਰ ਇੱਕ ਨੌਜਵਾਨ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ।
-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 9888690280
ਵਜੂਦ ਜ਼ਿੰਦਗੀ ਦਾ
ਕਵੀ : ਕੇਵਲਜੀਤ ਸਿੰਘ ਕੰਵਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 98775-66190

ਹਥਲੀ ਕਾਵਿ ਪੁਸਤਕ ਕੰਵਲਜੀਤ ਸਿੰਘ ਕੰਵਲ ਦੀ ਸਿਰਜੀ ਤੀਜੀ ਪੁਸਤਕ ਹੈ। ਉਹ ਇਸ ਪੁਸਤਕ ਤੋਂ ਬਿਨਾਂ 'ਸਫ਼ਰ ਜ਼ਿੰਦਗੀ ਕਾ' ਹਿੰਦੀ ਵਿਚ ਵੀ ਲਿਖ ਚੁੱਕਾ ਹੈ। ਇਸ ਤੋਂ ਬਿਨਾਂ ਉਸ ਨੇ ਦੋ ਹੋਰ ਕਾਵਿ-ਪੁਸਤਕਾਂ ਦੀ ਸਿਰਜਣਾ ਕੀਤੀ : 1. ਜ਼ਿੰਦਗੀ ਦੇ ਬਦਲਦੇ ਰੰਗ 2023 ਅਤੇ ਜ਼ਿੰਦਗੀ ਦੇ ਰੂਬਰੂ 2023. ਹਥਲੀ ਪੁਸਤਕ ਵਿਚ ਕਵੀ ਕੰਵਲਜੀਤ ਸਿੰਘ ਕੰਵਲ ਨੇ ਉੱਚੇ ਦਰਜੇ ਦੀਆਂ ਛੋਟੀਆਂ-ਵੱਡੀਆਂ ਤੇ ਦਰਮਿਆਨੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਉਸ ਦੀਆਂ ਕਵਿਤਾਵਾਂ ਦੇ ਸਿਰਲੇਖ ਵੀ ਇਸ ਤਰ੍ਹਾਂ ਦੇ ਭਾਵਪੂਰਤ ਹਨ : ਮਾਂ ਅਤੇ ਮਾਂ ਬੋਲੀ ਪੰਜਾਬੀ, ਵਗਦਾ ਦਰਿਆ, ਮ੍ਰਿਗਤ੍ਰਿਸ਼ਨਾ, ਭੰਵਰ, ਸੁੱਕਾ ਖੂਹ, ਨੀਂਹ ਦੇ ਪੱਥਰ, ਬਰਾਬਰੀ ਤੇ ਰੋਟੀ ਦਾ ਟੁੱਕੜ ਆਦਿ। 'ਮ੍ਰਿਗਤ੍ਰਿਸ਼ਨਾ' ਕਵਿਤਾ ਸਫ਼ਾ 26 ਉੱਤੇ ਉਹ ਜੀਵਨ ਦੀ ਭਟਕਣ ਬਾਰੇ ਲਿਖਦਾ ਹੈ : 'ਮ੍ਰਿਗਤ੍ਰਿਸ਼ਨਾ, ਭਟਕਣ ਕਦੇ ਮੁਕਦੀ ਨਹੀਂ/ਲਭਦਾ ਫਿਰੇ ਆਦਮੀ ਕਸਤੂਰੀ/ਝਿੜੀਆਂ, ਰੇਗਿਸਤਾਨੀ ਟਿਲਿਆਂ/ ਟਿੱਬਿਆਂ 'ਚੋਂ, ਬੀਆਬਾਣ ਮਸਾਣਾਂ ਵਿਚ/ ... ਖ਼ੁਦ ਤੋਂ ਖ਼ੁਦ ਤੱਕ ਦਾ ਪੈਂਡਾ ਤੈਅ ਹੁੰਦਾ ਨਹੀਂ/ ਨਾਦ-ਧੁਨੀ ਸੁਣਦੀ ਨਹੀਂ/ ਅਨੁਭੂਤੀ ਹੁੰਦੀ ਨਹੀਂ/ ਕਸਤੂਰੀ ਲਭਦੀ ਨਹੀਂ/ਭਟਕਣ ਮੁੱਕਦੀ ਨਹੀਂ...
-ਆਜੜੀ ਬਣ ਬੈਠਾ ਹੈ/ ਲੋਕਤੰਤਰੀ ਇੱਜੜ ਦਾ/ ਪੈਸੇ ਸ਼ਰਾਬਾਂ ਨਸ਼ੇ ਵੰਡ ਕੇ/ ਤਬਕੇ ਫਿਰਕੇ ਦਾ ਧਰੁਵੀਕਰਨ ਕਰਕੇ/ ਹਜ਼ਾਰਾਂ ਕਰੋੜਾਂ ਫੂਕ ਰੈਲੀਆਂ 'ਤੇ... (ਸਫ਼ਾ 26)
-ਵੱਡਾ ਆਦਮੀ ਬਣਨ ਲਈ/ਸੋਚ ਛੋਟੀ ਹੋ ਗਈ / ਆਦਮੀ ਬੌਣਾ ਹੋ ਗਿਆ/ ਆਪਣੇ ਵਿੱਸਰ ਗਏ/ ਪੈਸਾ ਪ੍ਰਧਾਨ ਹੋ ਗਿਆ/ ਆਪਣੇ ਫਾਡੀ ਰਹਿ ਗਏ/ ਖੁਦਗਰਜ਼ੀ, ਸਵਾਰਥ, ਹਉਮੈ/ ਐਨੀ ਵਧ ਗਈ/ ... ਲਹੂ ਪਾਣੀ ਹੋ ਗਿਆ। (ਸਫ਼ਾ 51)
-ਚਿੱਟੇ ਦੇ ਨਸ਼ੇ ਨਾਲ/ ਘਰਾਂ ਦੇ ਚਿਰਾਗ ਬੁਝੀ ਜਾਂਦੇ/ ਮਾਵਾਂ ਦੇ ਪੁੱਤ/ ਅਣਿਆਈ ਮੌਤੇ ਮਰੀ ਜਾਂਦੇ/ ...ਮੌਤ ਦੀ ਖੇਡ/ ਖੇਡੀ ਜਾਂਦੇ/ ਤਸਕਰ/ ਨਸ਼ੇ ਦੇ ਵਪਾਰੀ। -ਜਿਨ੍ਹਾਂ ਬਜ਼ੁਰਗਾਂ ਨੇ/ਕਤਰਾ ਕਤਰਾ ਕਰ/ ਔਲਾਦ ਨੂੰ ਸਮੁੰਦਰ ਬਣਾ ਦਿੱਤਾ/ ਉਨ੍ਹਾਂ ਨੂੰ ਹੀ ਔਲਾਦ ਨੇ/ ਇਕੱਲੇਪਣ ਦੇ ਮਾਰੂਥਲ ਵਿਚ/ ਭਟਕਣ ਲਈ ਛੱਡ ਦਿੱਤਾ। (ਸਫ਼ਾ 52)
-ਕਾਰਪੋਰੇਟ 'ਚ ਨੌਕਰੀ ਕਰਦਾ ਕਰਦਾ ਆਦਮੀ/ 24×7 ਕੰਮ ਕਰਦਾ ਕੰਪਨੀ ਲਈ/ ਬਸ ਮਸ਼ੀਨ ਬਣ ਕੇ ਰਹਿ ਗਿਐ/ ਕੰਮ ਕੰਮ ਕੰਮ/ ਹੈ ਕੰਪਨੀ ਦਾ ਨਾਅਰਾ/ ਕੰਮ ਲਈ ਹਮੇਸ਼ਾ ਦਬਾਅ/ ...ਕੰਪਨੀ ਨੂੰ ਤਾਂ ਆਪਣੇ ਲਾਭ-ਮੁਨਾਫ਼ੇ/ ਦਾ ਹੀ ਮਤਲਬ ਹੈ/ ਇਨਸਾਨੀ ਰਿਸ਼ਤੇ ਬਹੁਤ ਪਿੱਛੇ ਦੀ ਗੱਲ ਰਹਿ ਜਾਂਦੀ ਹੈ। ਨਵੇਂ ਸਮੇਂ ਦੀ ਨਵੀਂ ਕਵਿਤਾ ਦਾ ਲੋਕ ਰੰਗ ਚੰਗਾ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਆਪਣੇ ਆਪ ਨੂੰ ਖੋਜੋ
ਲੇਖਕ : ਬਲਵੰਤ ਸਿੰਘ ਮੌੜ
ਮੁੱਲ : 395 ਰੁਪਏ, ਸਫ਼ੇ : 220
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਸੰਪਰਕ : 98152-98459

ਬਲਵੰਤ ਸਿੰਘ ਮੌੜ ਰਚਿਤ 'ਆਪਣੇ ਆਪ ਨੂੰ ਖੋਜੋ' ਪੰਜਾਬੀ ਨਿਬੰਧ-ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਜੀਵਨ ਨਾਲ ਜੁੜੇ ਪ੍ਰਸ਼ਨਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਅਜੋਕੇ ਸਮਾਜ ਦੀ ਨੈਤਿਕਤਾ, ਭਾਈਚਾਰਕ ਸਾਂਝ ਅਤੇ ਮਾਨਵਤਾ ਦੇ ਸੰਕਟ ਬਾਰੇ ਹੈ। ਇਹ ਪੁਸਤਕ ਮਨੁੱਖ ਨੂੰ ਸਵੈ-ਪਛਾਣ ਦਾ ਰਾਹ ਵਿਖਾਉਂਦੀ ਹੈ ਅਤੇ ਇਹ ਦੱਸਦੀ ਹੈ ਕਿ ਬਾਹਰੀ ਸੰਸਾਰ ਦੀ ਥਾਂ ਜੀਵਨ ਦੀ ਅਸਲ ਖੁਸ਼ੀ ਮਨੁੱਖ ਦੇ ਆਪਣੇ ਅੰਦਰ ਹੈ। ਅੱਜ ਦੇ ਵਿਸ਼ਵੀਕਰਨ ਦੇ ਦੌਰ ਵਿਚ ਮਨੁੱਖ ਮੀਡੀਆ ਰਾਹੀਂ ਪੂਰੇ ਸੰਸਾਰ ਨਾਲ ਪਰ ਉਹ ਕੁਦਰਤ ਨਾਲੋਂ ਦੂਰ ਹੋ ਗਿਆ ਹੈ। ਪੁਸਤਕ 'ਆਪਣੇ-ਆਪ ਨੂੰ ਖੋਜੋ' ਮਨੁੱਖ ਨੂੰ ਸਵੈ-ਪਛਾਣ ਵੱਲ ਮੋੜਦੀ ਹੈ। ਨਿਬੰਧ 'ਸੰਗਤ ਅਤੇ ਕੁਸੰਗਤ', 'ਨੇਕੀ ਅਤੇ ਬਦੀ', 'ਮਨੁੱਖ ਮਨੁੱਖ ਦਾ ਵੈਰੀ ਕਿਉਂ', 'ਨਿਮਰਤਾ ਦਾ ਫਲ', 'ਚੰਗਾ ਇਨਸਾਨ' ਮਨੁੱਖੀ ਜੀਵਨ ਦੇ ਕਈ ਭੇਤ ਖੋਲ੍ਹਦੇ ਹਨ। ਸਮਾਜਿਕ ਸਰੋਕਾਰਾਂ ਨਾਲ ਜੁੜਦਿਆਂ ਇਹ ਲੇਖ ਆਤਮ-ਚਿੰਤਨ ਤੱਕ ਸੀਮਿਤ ਨਹੀਂ ਹਨ। 'ਨਵਾਂ ਸਾਲ ਮੁਬਾਰਕ ਕਹਿਣ ਦੀ ਰਸਮ', 'ਬੁਢਾਪਾ ਸਭ ਸਮਿਆਂ ਨਾਲੋਂ ਕਿਵੇਂ ਚੰਗਾ ਹੈ' ਅਤੇ 'ਪਰਦੇਸਾਂ ਦੀ ਜ਼ਿੰਦਗੀ' ਵਰਗੇ ਨਿਬੰਧ ਸਮਾਜ ਦੇ ਉੱਭਰਦੇ ਮਸਲਿਆਂ ਨੂੰ ਮਨੋਵਿਗਿਆਨਿਕ ਅਤੇ ਸਮਾਜ ਵਿਗਿਆਨਕ ਨਜ਼ਰੀਏ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਨ। 'ਕੈਨੇਡਾ ਜਾਂ ਬਾਹਰਲੇ ਮੁਲਕਾਂ ਵਿਚ ਬੱਚੇ ਭੇਜ ਕੇ ਕੀ ਖੱਟਿਆ ਤੇ ਕੀ ਗਵਾਇਅ', 'ਪਤੀ-ਪਤਨੀ ਦੇ ਸੰਬੰਧ', 'ਪਿਆਰ ਕੀ ਹੈ', 'ਇਨਸਾਨ ਗ਼ਲਤੀ ਦਾ ਪੁਤਲਾ ਹੈ' ਅਤੇ 'ਕੀ ਪੁੰਨ ਤੇ ਪਾਪ ਇਨਸਾਨ ਭੁਗਤਦਾ' ਵਰਗੇ ਨਿਬੰਧ ਮਨੁੱਖੀ ਨੈਤਿਕਤਾ ਅਤੇ ਅਧਿਆਤਮਿਕਤਾ ਦੀ ਗੱਲ ਕਰਦੇ ਹਨ। 'ਹਮੇਸ਼ਾ ਚੜ੍ਹਦੀ ਕਲਾ ਵਿਚ ਕਿਵੇਂ ਰਹੀਏ', 'ਸਫਲ ਇਨਸਾਨ ਬਣਨ ਦੇ ਨੁਸਖੇ', 'ਔਰਤ ਦੀ ਤਾਕਤ' ਪ੍ਰੇਰਕ ਨਿਬੰਧ ਹਨ। ਲੇਖਕ ਨੇ ਸਮਾਜਿਕ, ਧਾਰਮਿਕ ਅਤੇ ਨੈਤਿਕ ਵਿਹਾਰਕ ਪੱਧਰ 'ਤੇ ਅੱਜ ਦੇ ਮਨੁੱਖ ਨੂੰ ਦਰਪੇਸ਼ ਕਈ ਸਮੱਸਿਆਵਾਂ ਦੀ ਪੇਸ਼ਕਾਰੀ ਕੀਤੀ ਹੈ। ਲੇਖਕ ਨੇ ਅਸਲ ਵਿਕਾਸ ਲਈ ਆਪਣੇ ਸਵੈ ਦੇ ਵਿਕਾਸ ਲਈ ਪਾਠਕ ਨੂੰ ਆਪਣੇ-ਆਪ ਬਾਰੇ ਚਿੰਤਨ ਕਰਨ ਲਈ ਪ੍ਰੇਰਿਤ ਕਰਦੀ ਹੈ।
ਲੇਖਕ ਦੀ ਭਾਸ਼ਾ ਤਰਕਪੂਰਨ ਅਤੇ ਵਿਚਾਰਸ਼ੀਲ ਹੈ। ਉਹ ਆਪਣੇ ਵਿਚਾਰ ਪੁਖ਼ਤਾ ਢੰਗ ਨਾਲ ਪਾਠਕ ਸਾਹਮਣੇ ਰੱਖਦਾ ਹੈ। ਲੇਖਕ ਦੀ ਵਾਰਤਕ ਕਲਾ ਪਾਠਕ ਨੂੰ ਹਰ ਸਤਰ, ਹਰ ਸ਼ਬਦ ਪੜ੍ਹਨ ਲਈ ਪ੍ਰੇਰਦੀ ਹੈ। ਇਸ ਢੰਗ ਨਾਲ ਇਹ ਪੁਸਤਕ ਸਵੈ ਨੂੰ ਸਮਝਣ ਲਈ ਇਕ ਅਹਿਮ ਦਸਤਾਵੇਜ਼ ਸਾਬਿਤ ਹੁੰਦੀ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਭੋਜਨ-ਮਾਲਾ
ਲੇਖਕ : ਡਾ. ਕੁਲਦੀਪ ਸਿੰਘ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 60
ਸੰਪਰਕ : 94638-54209

'ਮੇਰੇ ਬੋਲ ਮੇਰਾ ਸਿਰਨਾਵਾਂ' ਅਤੇ 'ਬੱਚੇ ਮਨ ਦੇ ਸੱਚੇ' ਦੋ ਬਾਲ ਸਾਹਿਤ ਪੁਸਤਕਾਂ ਤੋਂ ਬਾਅਦ ਡਾ. ਕੁਲਦੀਪ ਸਿੰਘ ਦੀ ਨਿਵੇਕਲੀ ਪੁਸਤਕ 'ਭੋਜਨ ਮਾਲਾ' ਛਪੀ ਹੈ। ਬੱਚੇ ਦੀ ਸਿਹਤ ਲਈ ਪੌਸ਼ਟਿਕ ਖ਼ੁਰਾਕ ਜ਼ਰੂਰੀ ਹੈ ਜਿਸ ਵਿਚ ਫਲ ਤੇ ਸਬਜ਼ੀਆਂ ਦੀ ਵਿਸ਼ੇਸ਼ ਮਹੱਤਤਾ ਹੈ। ਨਰੋਈ ਸਿਹਤ ਹੀ ਨਰੋਈ ਸੋਚ ਪੈਦਾ ਕਰ ਸਕਰਦੀ ਹੈ। 1 Sound m}nd }n a sound bod਼. ਦੂਜੇ ਪਾਸੇ ਬੱਚੇ ਦੀ ਸਰਬ-ਪੱਖੀ ਸ਼ਖ਼ਸੀਅਤ ਨੂੰ ਉਸਾਰਨ ਵਿਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੈ। ਬੱਚਿਆਂ ਨੂੰ ਆਪਣੀ ਮਾਂ-ਬੋਲੀ ਵਿਚ ਵੱਧ ਤੋਂ ਵੱਧ ਵਿਸ਼ਿਆਂ ਵਾਲੀਆਂ ਸਚਿੱਤਰ ਤੇ ਮਿਆਰੀ ਪੁਸਤਕਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ। ਬਾਲ ਸਾਹਿਤ ਦਾ ਉਦੇਸ਼ ਭਾਸ਼ਾ ਦੀ ਜਾਣਕਾਰੀ ਰਾਹੀਂ ਮਨੋਰੰਜਕ ਢੰਗ ਨਾਲ ਪ੍ਰੇਰਨਾ ਦੇਣਾ ਹੁੰਦਾ ਹੈ। ਬਚਪਨ 'ਚ ਪ੍ਰਾਪਤ ਕੀਤਾ ਗਿਆ ਤਾ-ਜ਼ਿੰਦਗੀ ਅਮਿੱਟ ਪੈੜਾਂ ਪਾਉਣ ਵਾਲਾ ਹੁੰਦਾ। ਇਸ ਨਜ਼ਰੀਏ ਤੋਂ 'ਭੋਜਨ ਮਾਲਾ' ਇਕ ਵੱਖਰੀ ਜਾਣਕਾਰੀ ਵਾਲੀ ਪੌਸ਼ਟਿਕ ਭੋਜਨ 'ਤੇ ਕੇਂਦਰਿਤ ਹੈ। ਬਹੁਤ ਸਰਲ ਵਾਰਤਕ ਵਰਗੀ ਭਾਸ਼ਾ ਰਾਹੀਂ ਲੇਖਕ ਨੇ 13 ਫਲਾਂ ਬਾਰੇ ਅਤੇ 30 ਸਬਜ਼ੀਆਂ ਬਾਰੇ ਕਵਿਤਾਵਾਂ ਰਚੀਆਂ ਹਨ ਜਿਵੇਂ ਅਮਰੂਦ, ਸੇਬ, ਕੇਲਾ, ਅੰਗੂਰ, ਜਾਮਣਾ, ਪਪੀਤਾ, ਅੰਗੂਰ, ਲੀਚੀ, ਅਨਾਨਾਸ, ਅੰਬ, ਸੰਗਤਰਾ, ਹਦਵਾਣਾ, ਨਿੰਬੂ ਤੇ ਖ਼ਰਬੂਜ਼ਾ। ਇਸ ਤੋਂ ਬਾਅਦ ਸਬਜ਼ੀਆਂ ਬਾਰੇ ਜਾਣਕਾਰੀ ਭਰਪੂਰ ਕਵਿਤਾਵਾਂ ਹਨ। ਇਸ ਪੱਖੋਂ ਇਹ ਕਿਤਾਬ ਫਲਾਂ ਤੇ ਸਬਜ਼ੀਆਂ ਦਾ ਕੋਸ਼ ਆਖੀ ਜਾ ਸਕਦੀ ਹੈ। ਸੰਤੁਲਿਤ ਭੋਜਨ ਤੇ ਵਿਟਾਮਨ ਬਾਰੇ ਵੀ ਗੱਲ ਕੀਤੀ ਗਈ ਹੈ। ਸਾਫ਼-ਸੁਥਰਾ ਭੋਜਨ ਖਾਣ ਉੱਤੇ ਜ਼ੋਰ ਦਿੱਤਾ ਗਿਆ। ਫਾਸਟ ਫੂਡ ਖਾਣ ਨਾਲੋਂ ਘਰ ਦਾ ਬਣਾਇਆ ਖਾਣਾ ਹੀ ਚੰਗੀ ਸਿਹਤ ਬਣਾ ਸਕਦਾ ਹੈ। ਅਜਿਹਾ ਸੰਦੇਸ਼ ਅੱਜ ਦੇ ਸਮਿਆਂ ਵਿਚ ਸੁਚੇਤ ਕਰਨ ਵਾਲਾ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਸ਼੍ਰੀ
ਲੇਖਕ : ਸੁਰਿੰਦਰ ਸੀਹਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 98152-98459

ਬਿਨਾਂ ਤੁਆਰਫ਼ੀ ਸ਼ਬਦ-ਜਾਲ ਦੇ 'ਸ਼੍ਰੀ' ਗ਼ਜ਼ਲਕਾਰ ਸੁਰਿੰਦਰ ਸੀਹਰਾ ਦੀ ਚੌਥੀ ਪੁਸਤਕ ਤੇ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਉਹ ਕਾਫ਼ੀ ਦੇਰ ਤੋਂ ਇੰਗਲੈਂਡ ਵਿਚ ਰਹਿ ਰਿਹਾ ਹੈ ਤੇ ਉਥੋਂ ਦੀਆਂ ਅਦਬੀ ਸਰਗਰਮੀਆਂ ਦਾ ਹਿੱਸਾ ਵੀ ਬਣਦਾ ਰਹਿੰਦਾ ਹੈ। ਸੁਰਿੰਦਰ ਸੀਹਰਾ ਜਦੀਦ ਗ਼ਜ਼ਲਕਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਤੇ ਉਸ ਦੀ ਗ਼ਜ਼ਲ ਵਿਚ ਇੰਦਰਧਨੁਸ਼ੀ ਰੰਗ ਵੀ ਵੇਖੇ ਜਾ ਸਕਦੇ ਹਨ। 'ਸ਼੍ਰੀ' ਸੀਹਰਾ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਅਠੱਤਰ ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ। ਇਹ ਗ਼ਜ਼ਲਾਂ ਸਿੱਧੀ ਸ਼ਬਦਾਵਲੀ ਦੀ ਥਾਂ ਬਿੰਬਾਂ, ਅਲੰਕਾਰਾਂ, ਢੁਕਵੇਂ ਸ਼ਬਦਾਂ ਤੇ ਤਰਤੀਬ ਨਾਲ ਸੰਵਾਦ ਰਚਾਉਂਦੀਆਂ ਹਨ। ਸੀਹਰਾ ਨੂੰ ਲਕੀਰ ਦਾ ਫ਼ਕੀਰ ਬਣਨਾ ਪਸੰਦ ਨਹੀਂ, ਬਲਕਿ ਉਹ ਆਪਣੀ ਭਾਂਤ ਦੀ ਸ਼ਬਦਾਵਲੀ ਨੂੰ ਪਸੰਦ ਕਰਦਾ ਹੈ। ਉਸ ਦੀ ਗ਼ਜ਼ਲਕਾਰੀ 'ਤੇ ਮੈਨੂੰ ਕਿਸੇ ਦੀ ਵੀ ਛਾਪ ਨਜ਼ਰ ਨਹੀਂ ਆਉਂਦੀ। ਇਹ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਆਪਣੀ ਸ਼ਿਅਰਕਾਰੀ ਵਿਚ ਮੈਂ-ਮੈਂ ਦਾ ਰਾਗ ਨਹੀਂ ਅਲਾਪਦਾ, ਆਪਣੇ-ਆਪ ਨੀਵੀਂ ਥਾਂ 'ਤੇ ਰੱਖ ਕੇ ਗ਼ਜ਼ਲਕਾਰ ਹੋਰ ਵੱਡਾ ਬਣਦਾ ਮਹਿਸੂਸ ਹੁੰਦਾ ਹੈ। ਸੀਹਰਾ ਦੀ 'ਕਬੂਲ ਕਰ' ਰਦੀਫ਼ ਵਾਲੀ ਪਹਿਲੀ ਗ਼ਜ਼ਲ ਹੀ ਉਸ ਦੇ ਸਿਰਜਣ ਪੱਧਰ ਦੀ ਤਸਦੀਕ ਕਰ ਦਿੰਦੀ ਹੈ। ਉਹ ਅਫ਼ਸੋਸ ਪ੍ਰਗਟ ਕਰਦਾ ਹੈ ਕਿ ਸਾਨੂੰ ਖੋਟੇ ਵਕਤ ਦੀ ਆਵਾਜ਼ ਦਾ ਬਦਲ ਨਹੀਂ ਮਿਲ ਸਕਿਆ ਤੇ ਏਥੇ ਬਾਜ਼ ਹੀ ਬਾਜ਼ ਦਾ ਬਦਲ ਬਣਦੇ ਹਨ। ਉਹ ਆਪਣੇ ਆਸੇ ਪਾਸੇ ਦੀ ਫ਼ਿਜ਼ਾ ਨੂੰ ਜੰਗਲੀ ਹਵਾ ਦਾ ਨਾਂਅ ਦਿੰਦਾ ਹੈ ਤੇ ਆਖਦਾ ਹੈ, ਜੋ ਵੀ ਇਸ 'ਚੋਂ ਲੰਘਿਆ ਹੈ ਉਹ ਤਾਰ-ਤਾਰ ਹੋ ਜਾਂਦਾ ਜਾਂ ਉਸ ਦਾ ਵਜੂਦ ਗੁੰਝਲਾਂ ਵਾਂਗ ਉਲਝ ਜਾਂਦਾ ਹੈ। ਗ਼ਜ਼ਲਕਾਰ ਆਪਣੇ ਸੁਖ਼ਨ ਦਾ ਕਾਰਕ ਕਿਸੇ ਦੇ ਆਗਮਨ ਨੂੰ ਮੰਨਦਾ ਹੈ ਤੇ ਉਹ ਆਪਣੇ ਅੰਦਰ ਯਾਦਾਂ ਦਾ ਇਕ ਕਬਰਸਤਾਨ ਵੀ ਮਹਿਸੂਸ ਕਰਦਾ ਹੈ। ਉਹ ਰੌਸ਼ਨੀ ਸੁੱਟ ਕੇ ਅਲੋਪ ਹੋਏ ਹਰ ਤਾਰੇ ਦਾ ਕਦਰਦਾਨ ਹੈ, ਸ਼ਾਇਦ ਇਸ ਲਈ ਕਿ ਉਸ ਅੰਦਰ ਵੀ ਰੌਸ਼ਨੀ ਦੀ ਭੁੱਖ ਹੈ। ਰੌਸ਼ਨੀ ਪ੍ਰਤੀ ਖਿੱਚ ਹਰ ਸ਼ਾਇਰ ਵਿਚ ਹੋਣੀ ਚਾਹੀਦੀ ਹੈ, ਇਸ ਲਈ ਵੀ ਕਿ ਉਸ ਨੇ ਹਨੇਰਿਆਂ ਰਾਹਾਂ ਰੁਸ਼ਨਾਉਣਾ ਹੁੰਦਾ ਹੈ। ਗ਼ਜ਼ਲ ਦੀ ਕੁਝ ਵਰਜਣਾਵਾਂ ਨੂੰ ਪਾਰ ਕਰਨ ਦੇ ਬਾਵਜੂਦ ਵੀ 'ਸ਼੍ਰੀ' ਨਿਸ਼ਚੇ ਹੀ ਪੜ੍ਹਨਯੋਗ ਗ਼ਜ਼ਲ ਸੰਗ੍ਰਹਿ ਹੈ। ਇਸ ਨਾਲ ਗ਼ਜ਼ਲਕਾਰ ਦੇ ਕੱਦ ਨੂੰ ਹੋਰ ਉਚਾਣ ਮਿਲੀ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002