ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਐੱਨ.ਐੱਸ.ਐੱਸ. ਵਿਭਾਗ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਲੋਂ ਪਿ੍ੰਸੀਪਲ ਡਾ. ਜਗਜੀਵਨ ਕੌਰ ਦੀ ਰਹਿਨੁਮਾਈ ਅਧੀਨ ਕਾਲਜ ਵਿਖੇ ਐੱਨ.ਐੱਸ.ਐੱਸ. ਦਿਵਸ ਮਨਾਇਆ ਗਿਆ | ਇਸ ਤਹਿਤ ਕਾਲਜ 'ਚ ਇਕ ਰੋਜ਼ਾ ਕੈਂਪ ਲਗਾਇਆ ਗਿਆ | ਸਭ ਤੋਂ ਪਹਿਲਾਂ ਪਿ੍ੰਸੀਪਲ ਨੇ ਸਮਾਜਿਕ ਕਦਰਾਂ ਕੀਮਤਾਂ ਤੇ ਭਲਾਈ ਨੂੰ ਮੱਦੇਨਜ਼ਰ ਰੱਖਦਿਆਂ ਪ੍ਰੋਗਰਾਮ ਅਫ਼ਸਰ ਪ੍ਰੋ. ਕੰਵਰਜੀਤ ਸਿੰਘ, ਪ੍ਰੋ. ਹਰਮੀਤ ਕੌਰ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਸਾਨੂੰ ਸਭਨਾਂ ਨੂੰ ਇਕ-ਦੂਜੇ ਤੋਂ ਅੱਗੇ ਹੋ ਕੇ ਚੰਗੇ ਕੰਮਾਂ ਲਈ ਅਗਵਾਈ ਕਰਨੀ ਚਾਹੀਦੀ ਹੈ | ਕੈਂਪ ਦੇ ਪਹਿਲੇ ਸੈਸ਼ਨ ਵਿਚ ਵਲੰਟੀਅਰਜ਼ ਲਈ ਓਰੀਐਂਟੇਸ਼ਨ ਪ੍ਰੋਗਰਾਮ ਹੋਇਆ, ਜਿਸ ਵਿਚ ਪ੍ਰੋ. ਕੰਵਰਜੀਤ ਸਿੰਘ ਦੁਆਰਾ ਐੱਨ.ਐੱਸ.ਐੱਸ ਦਾ ਮੌਜੂਦਾ ਰੂਪ, ਸਮਾਜਿਕ ਖੇਤਰ ਤੇ ਸਿੱਖਿਆ ਸੰਸਥਾਵਾਂ ਵਿਚ ਨਿਭਾਈ ਜਾਂਦੀ ਸਕਾਰਆਤਮਕ ਭੂਮਿਕਾ ਦੇ ਨਾਲ-ਨਾਲ ਭਵਿੱਖ ਪ੍ਰਤੀ ਇਸ ਦੀਆਂ ਵਿਭਿੰਨ ਯੋਜਨਾਵਾਂ ਬਾਰੇ ਚਾਨਣਾ ਪਾਇਆ | ਇਸ ਉਪਰੰਤ ਵਲੰਟੀਅਰਜ਼ ਨੇ ਕਾਲਜ ਕੰਟੀਨ ਦੇ ਆਲੇ-ਦੁਆਲੇ ਨੂੰ ਸਾਫ਼ ਕੀਤਾ ਅਤੇ ਬੂਟਿਆਂ ਦੀ ਸੰਭਾਲ ਕੀਤੀ | ਦੁਪਹਿਰ ਦੇ ਸੈਸ਼ਨ ਵਿਚ 'ਵਿਅਕਤੀਗਤ ਸ਼ਖ਼ਸੀਅਤ ਦਾ ਵਿਕਾਸ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿਚ ਪ੍ਰੋ. ਹਰਮੀਤ ਕੌਰ ਦੁਆਰਾ ਵਿਦਿਆਰਥੀਆਂ ਨੂੰ ਸ਼ਖ਼ਸੀਅਤ ਦੇ ਨਿਰਮਾਣ ਲਈ ਮਹੱਤਵਪੂਰਨ ਨੁਕਤਿਆਂ ਬਾਰੇ ਦੱਸਿਆ ਗਿਆ | ਬੀ.ਏ ਭਾਗ ਦੂਜਾ ਦੇ ਵਿਦਿਆਰਥੀ ਕਰਿਸ਼ਨ ਸਿੰਘ ਨੇ ਮੌਲਿਕ ਕਵਿਤਾਵਾਂ ਪੇਸ਼ ਕੀਤੀਆਂ | ਗੁਰਜੀਤ ਸਿੰਘ ਵਿਦਿਆਰਥੀ ਬੀ.ਏ. ਭਾਗ ਤੀਜਾ ਨੇ ਆਪਣੇ ਯੂਨਿਟ 'ਚ ਪਹਿਲਾਂ ਤੋਂ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਨਵੇਂ ਵਲੰਟੀਅਰਾਂ ਨੂੰ ਐੱਨ.ਐੱਸ.ਐੱਸ. ਦੁਆਰਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਨੇ ਸਮੂਹ ਵਲੰਟੀਅਰਜ਼ ਦੀ ਹੌਂਸਲਾ ਅਫ਼ਜਾਈ ਕਰਦਿਆਂ ਐੱਨ.ਐੱਸ.ਐੱਸ. ਯੂਨਿਟਸ ਦੇ ਜ਼ਰੀਏ ਅਣਥੱਕ ਸੇਵਾਵਾਂ ਨਿਭਾਉਂਦਿਆਂ ਸਮਾਜ ਭਲਾਈ ਲਈ ਕੀਤੇ ਜਾਂਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕੈਂਪ ਦੇ ਸਰਵੋਤਮ ਵਲੰਟੀਅਰਜ਼ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਪ੍ਰੋ. ਜਸਕਰਨ ਸਿੰਘ, ਦੌਲਧ ਸਿੰਘ ਬਰਾੜ, ਪ੍ਰੋ. ਪਰਮਿੰਦਰ ਸਿੰਘ, ਗੁਰਕਿ੍ਪਾਲ ਪਾਲ ਸਿੰਘ ਲੱਕੀ, ਮਨਦੀਪ ਸਿੰਘ ਚੜੇਵਾਨ, ਰਾਜਵਿੰਦਰ ਸਿੰਘ (ਨਹਿਰੂ ਯੁਵਾ ਕੇਂਦਰ) ਅਤੇ ਐੱਨ.ਐੱਸ.ਐੱਸ. ਵਲੰਟੀਅਰ ਹਾਜ਼ਰ ਸਨ |