ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਲਿਫ਼ਟ ਪੰਪ ਕਮੇਟੀਆਂ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਿਆ ਅਤੇ ਐੱਸ.ਡੀ.ਐੱਮ. ਦੇ ਨਾਂਅ ਮੰਗ ਪੱਤਰ ਆਈ.ਏ.ਐੱਸ. ਅਧਿਕਾਰੀ ਸਿਵਾਸ ਅਸਥਾਨਾ ਨੂੰ ਸੌਂਪਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਿੰਦਰ ਸਿੰਘ ਥਾਂਦੇਵਾਲਾ ਨੇ ਦੱਸਿਆ ਕਿ ਇਸ ਮੰਗ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਮਾਲਵਾ ਬੈਲਟ ਦੇ ਨਾਂਅ ਉੱਪਰ ਰਾਜਸਥਾਨ ਫ਼ੀਡਰ ਦੇ ਨਾਲ ਨਵੀਂ ਨਹਿਰ ਕੱਢਣ ਦੀ ਯੋਜਨਾ ਬਣਾ ਰਹੀ ਹੈ | ਜੇਕਰ ਇਹ ਨਹਿਰ ਕੱਢੀ ਜਾਵੇਗੀ ਤਾਂ ਉਸ ਦੇ ਨਾਲ ਸੈਂਕੜੇ ਏਕੜ ਉਪਜਾਊ ਜ਼ਮੀਨ ਐਕਵਾਇਰ ਹੋਣ ਕਾਰਨ ਖੇਤੀ ਹੇਠੋਂ ਨਿਕਲ ਜਾਵੇਗੀ | ਨਹਿਰ ਦੇ ਨਾਲ ਤਕਰੀਬਨ 70 ਸਾਲ ਪੁਰਾਣੇ ਦਰੱਖ਼ਤਾਂ ਦਾ ਉਜਾੜਾ ਹੋਵੇਗਾ | ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪਹਿਲਾਂ ਹੀ ਸੇਮ ਦੀ ਮਾਰ ਝੱਲ ਰਿਹਾ ਹੈ | ਜੇਕਰ ਇਕ ਹੋਰ ਨਹਿਰ ਨਿਕਲਦੀ ਹੈ ਤਾਂ ਸੇਮ ਦਾ ਖ਼ਤਰਾ ਹੋਰ ਵੀ ਵੱਧ ਜਾਵੇਗਾ | ਜੇਕਰ ਸਰਕਾਰ ਕਿਸਾਨਾਂ ਨੂੰ ਹੋਰ ਪਾਣੀ ਮੁਹੱਈਆ ਕਰਵਾਉਣਾ ਚਾਹੁੰਦੀ ਹੈ ਤਾਂ ਸਰਹੰਦ ਕੈਨਾਲ ਨਹਿਰ ਜੋ ਕਿ ਫ਼ਰੀਦਕੋਟ ਤੋਂ ਲੈ ਕੇ ਗੁਰਦਿੱਤੀ ਵਾਲੇ ਹੈੱਡ ਤੱਕ ਰਿਪੇਅਰ ਹੋਣ ਵਾਲੀ ਰਹਿੰਦੀ ਹੈ, ਉਸ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਉਸ ਵਿਚ ਪਾਣੀ ਦੀ ਸਮਰੱਥਾ ਵਧਾ ਕੇ ਸਿੰਚਾਈ ਲਈ ਕਿਸਾਨਾਂ ਨੂੰ ਦਿੱਤਾ ਜਾਵੇ | ਜਿਸ ਨਾਲ ਨਵੀਂ ਕੱਢਣ ਵਾਲੀ ਨਹਿਰ ਦੇ ਹੇਠਾਂ ਆਉਣ ਵਾਲਾ ਰਕਬਾ ਬਚ ਜਾਵੇਗਾ ਅਤੇ ਜੋ ਕਿਸਾਨਾਂ ਦਾ ਲਿਫ਼ਟ ਪੰਪਾਂ ਨਾਲ ਬਣਿਆ ਹੋਇਆ ਢਾਂਚਾ, ਜਿਸ ਉੱਪਰ ਕਰੋੜਾਂ ਰੁਪਏ ਦੀ ਲਾਗਤਾ ਆਈ ਹੈ, ਉਹ ਪੁਰਾਣੇ ਤਰੀਕੇ ਨਾਲ ਚੱਲਦਾ ਰਹਿ ਜਾਵੇਗਾ | ਜਿਸ ਨਾਲ ਕਿਸਾਨ ਬਹੁਤ ਚੰਗੇ ਤਰੀਕੇ ਨਾਲ ਸਿੰਚਾਈ ਕਰ ਰਹੇ ਹਨ, ਜਦੋਂ ਕਿ ਨਵੀਂ ਨਹਿਰ ਨਾਲ ਵੀ ਪਾਣੀ ਲਿਫ਼ਟ ਕਰਕੇ ਹੀ ਜਾਵੇਗਾ ਅਤੇ ਪੁਰਾਣੀ ਨਹਿਰ ਵਿਚੋਂ ਵੀ ਪਾਣੀ ਲਿਫ਼ਟ ਕਰਕੇ ਜਾਂਦਾ ਹੈ ਤਾਂ ਫ਼ਿਰ ਸਰਕਾਰ ਨਵਾਂ ਢਾਂਚਾ ਨਾ ਖੜ੍ਹਾ ਕਰੇ ਅਤੇ ਪੁਰਾਣੇ ਢਾਂਚੇ ਨੂੰ ਬਹਾਲ ਰੱਖੇ, ਸਰਹੰਦ ਫ਼ੀਡਰ ਨਹਿਰ ਨੂੰ ਚੌੜਾ ਕਰਕੇ ਪਾਣੀ ਦੀ ਸਮਰੱਥਾ ਵਧਾਈ ਜਾ ਸਕਦੀ ਹੈ ਤੇ ਵਧਾਈ ਜਾਵੇ ਅਤੇ ਨਵੀਂ ਬਣ ਰਹੀ ਨਹਿਰ ਦੇ ਪ੍ਰਪੋਜਲ ਨੂੰ ਤੁਰੰਤ ਰੱਦ ਕੀਤਾ ਜਾਵੇ | ਇਸ ਮੌਕੇ ਪਿੰਡ ਭੁੱਲਰ ਅਤੇ ਹੋਰ ਪਿੰਡਾਂ ਦੇ ਕਿਸਾਨ ਹਾਜ਼ਰ ਸਨ |