ਮੰਡੀ ਕਿੱਲਿਆਂਵਾਲੀ, 31 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਾਦਲ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਮਾਪਤ ਹੋ ਗਿਆ | ਕੈਂਪ 'ਚ 100 ਵਲੰਟੀਅਰਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 15 ਨੂੰ ਬਿਹਤਰੀਨ ਵਲੰਟੀਅਰਾਂ ਨੂੰ ਚੁਣਿਆ ਗਿਆ | ਕੈਂਪ ਦੌਰਾਨ ਵਿਦਿਆਰਥਣਾਂ ਨੇ ਸਿੱਖਿਆਤਮਕ, ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ 'ਚ ਹਿੱਸਾ ਲਿਆ | ਵਲੰਟੀਅਰਜ਼ ਨੇ ਬਜ਼ੁਰਗਾਂ ਨੂੰ ਅੱਖਰ ਗਿਆਨ, ਸਿਵਲ ਹਸਪਤਾਲ ਬਾਦਲ ਵਿਖੇ ਮਰੀਜ਼ਾਂ ਨਾਲ ਗੱਲਬਾਤ ਅਤੇ ਉਨ੍ਹਾਂ ਦੀ ਸੇਵਾ ਕੀਤੀ | ਇਸ ਤੋਂ ਇਲਾਵਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ | ਏਮਜ਼ ਦੇ ਡਾਕਟਰਾਂ ਦੀ ਟੀਮ ਨੇ ਮਾਨਸਿਕ ਸਿਹਤ ਜ਼ਰੀਏ ਤੰਦਰੁਸਤ ਜੀਵਨ ਦੀ ਪ੍ਰੇਰਣਾ ਦਿੱਤੀ | ਸਕਿੱਲ ਵਰਕਸ਼ਾਪ ਰਾਹੀਂ ਸਾਬਣ ਬਣਾਉਣਾ ਤੇ ਮਸ਼ੀਨ ਨਾਲ ਸਵੈਟਰ ਬੁਣਨਾ ਵੀ ਸਿਖਾਇਆ ਗਿਆ | ਛੇਵੇਂ ਦਿਨ ਦੇ ਮੁੱਖ ਮਹਿਮਾਨ ਵਜੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਅਸਿਸਟੈਂਟ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਕੈਂਪ ਦਾ ਆਗਾਜ਼ ਕੀਤਾ | ਉਨ੍ਹਾਂ ਆਪਣੇ ਸੰਬੋਧਨ ਵਿਚ ਵਲੰਟੀਅਰਜ਼ ਨੂੰ ਮਿਹਨਤ, ਸੱਚਾਈ ਅਤੇ ਸਮਰਪਣ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ | ਪਿ੍ੰਸੀਪਲ ਤੇ ਪ੍ਰੋਗਰਾਮ ਅਫ਼ਸਰ ਰਿਤੂ ਨੰਦਾ ਨੇ ਕਿਹਾ ਕਿ ਐੱਨ.ਐੱਸ.ਐੱਸ ਕੈਂਪ ਵਿਦਿਆਰਥੀਆਂ ਵਿਚ ਸਮਾਜ ਸੇਵਾ ਦੀ ਭਾਵਨਾ ਅਤੇ ਸੱਭਿਆਚਾਰਕ ਮੁੱਲਾਂ ਪ੍ਰਤੀ ਸਮਰਪਣ ਪੈਦਾ ਕਰਦੇ ਹਨ | ਉਨ੍ਹਾਂ ਵਲੰਟੀਅਰਜ਼ ਅਤੇ ਪ੍ਰੋਗਰਾਮ ਅਫ਼ਸਰ ਸਤਿੰਦਰ ਕੌਰ, ਰਮਨਪ੍ਰੀਤ ਕੌਰ ਤੇ ਗੁਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ |