ਮਾਨਸਾ, 22 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਰੇਲਵੇ ਵਿਭਾਗ ਵਲੋਂ ਚਕੇਰੀਆਂ ਰੋਡ ਨੇੜੇ ਰਜਬਾਹੇ ਦੇ ਨਜ਼ਦੀਕ ਫਾਟਕ ਨੰਬਰ 204 ਨੂੰ ਬੰਦ ਕਰ ਦਿੱਤਾ ਗਿਆ ਹੈ | ਇਹ ਫਾਟਕ ਅੰਡਰ ਬਿ੍ਜ ਬਣਾਉਣ ਦੇ ਮੱਦੇਨਜ਼ਰ ਬੰਦ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ ਅੰਡਰ ਬਿ੍ਜ ਪ੍ਰੋਜੈਕਟ 1 ਸਾਲ 'ਚ ਮੁਕੰਮਲ ਹੋਣਾ ਹੈ | ਇਸ ਰਸਤੇ ਰਾਹੀਂ ਪਹਿਲਾਂ ਹੀ ਜ਼ਿਆਦਾਤਰ ਲੋਕ ਵਹੀਕਲ ਰਾਹੀਂ ਗੁਜ਼ਰਦੇ ਸਨ ਜਦਕਿ ਪਿਛਲੇ ਮਹੀਨੇ ਤੋਂ ਚਕੇਰੀਆਂ ਰੋਡ ਤੋਂ ਜਵਾਹਰਕੇ ਸੂਏ ਤੱਕ ਨਵੀਂ ਸੜਕ ਬਣਨ ਕਰ ਕੇ ਇੱਥੋਂ ਆਵਾਜਾਈ ਦੀ ਤਾਦਾਦ ਵਧੇਰੇ ਹੋ ਗਈ ਸੀ | ਸੜਕ ਕੁਝ ਦਿਨ ਪਹਿਲਾਂ ਹੀ ਬਣੀ ਹੈ ਅਤੇ ਰੇਲਵੇ ਵਿਭਾਗ ਵਲੋਂ ਫਾਟਕ ਬੰਦ ਕਰਨ ਕਰ ਕੇ ਸ਼ਹਿਰ 'ਚ ਟਰੈਫ਼ਿਕ ਦੀ ਸਮੱਸਿਆ ਹੋਰ ਗੰਭੀਰ ਹੋਵੇਗੀ | ਜ਼ਿਕਰਯੋਗ ਹੈ ਕਿ ਮਾਨਸਾ ਪਹਿਲਾਂ ਹੀ ਲੋਕ ਟਰੈਫ਼ਿਕ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ ਅਤੇ ਹੁਣ ਫਾਟਕ ਬੰਦ ਹੋਣ ਕਰ ਕੇ ਉਨ੍ਹਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ | ਦੱਸਣਾ ਬਣਦਾ ਹੈ ਕਿ ਫ਼ਿਰੋਜਪੁਰ-ਦਿੱਲੀ ਰੇਲਵੇ ਲਾਈਨ 'ਤੇ ਟਰੇਨਾਂ ਆਮ ਲੰਘਦੀਆਂ ਹਨ | ਰੇਲ ਗੱਡੀਆਂ ਦੀ ਆਮਦ ਸਮੇਂ ਸ਼ਹਿਰ ਦਾ ਮੁੱਖ ਫਾਟਕ ਬੰਦ ਹੋਣ ਕਰ ਕੇ ਬਾਜ਼ਾਰ 'ਚ ਜਾਮ ਵਰਗੀ ਸਥਿਤੀ ਹੋ ਜਾਂਦੀ ਹੈ ਅਤੇ ਬਹੁਤੇ ਲੋਕ ਸ਼ਹਿਰ ਵਿਚਲੇ ਅੰਡਰ ਬਿ੍ਜ ਜਾਂ ਚਕੇਰੀਆਂ ਵਾਲੇ ਫਾਟਕ ਰਾਹੀਂ ਜਾਣ ਨੂੰ ਤਰਜੀਹ ਦਿੰਦੇ ਹਨ | ਹੁਣ ਜਦੋਂ ਰੇਲਵੇ ਵਿਭਾਗ ਵਲੋਂ ਉਪਰੋਕਤ ਫਾਟਕ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਸ਼ਹਿਰ 'ਚ ਟਰੈਫ਼ਿਕ ਸਮੱਸਿਆ ਬਦ ਤੋਂ ਬਦਤਰ ਹੋ ਜਾਵੇਗੀ | ਰੇਲਵੇ ਸੰਘਰਸ਼ ਕਮੇਟੀ ਦੇ ਆਗੂ ਜਤਿੰਦਰ ਕੁਮਾਰ ਆਗਰਾ, ਕੇ.ਕੇ. ਸਿੰਗਲਾ, ਰਾਮ ਕ੍ਰਿਸ਼ਨ ਚੁੱਘ ਨੇ ਡਿਪਟੀ ਕਮਿਸ਼ਨਰ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਆਵਾਜਾਈ ਦੀ ਸਹੂਲਤ ਨੂੰ ਸੁਖਾਲਾ ਬਣਾਉਣ ਲਈ ਨਿੱਗਰ ਕਦਮ ਚੁੱਕੇ ਜਾਣ |