ਬਰੇਟਾ, 25 ਦਸੰਬਰ (ਜੀਵਨ ਸ਼ਰਮਾ)-ਕੁੱਲਰੀਆਂ ਬਿਜਲੀ ਗਰਿੱਡ ਅਧੀਨ ਆਉਂਦੇ ਪਿੰਡਾਂ 'ਚ ਸ਼ਾਮ ਸਮੇਂ ਲੱਗਦੇ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਜਦੋਂ ਕਿ ਸਰਦੀ ਦਾ ਮੌਸਮ ਹੋਣ ਕਾਰਨ ਬਿਜਲੀ ਦਾ ਕੋਈ ਜ਼ਿਆਦਾ ਲੋਡ ਨਹੀਂ ਹੈ, ਉਸ ਵਕਤ ਲੱਗਦੇ ਲੰਬੇ ਕੱਟ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ਸ਼ਾਮ 6 ਵਜੇ ਦੇ ਕਰੀਬ ਕੱਟ ਲੱਗਣ ਤੋਂ ਬਾਅਦ ਬਿਜਲੀ ਕਾਫ਼ੀ ਸਮੇਂ ਬਾਅਦ ਆਉਣ ਕਰ ਕੇ ਲੋਕਾਂ ਨੂੰ ਹਨੇਰੇ 'ਚ ਬੈਠਣਾ ਪੈਦਾ ਹੈ | ਇਸ ਤੋਂ ਇਲਾਵਾ ਦਿਨ ਸਮੇਂ ਵੀ ਕੱਟ ਉਨ੍ਹਾਂ ਨੂੰ ਤੰਗ ਕਰ ਰਹੇ ਹਨ | ਇਸ ਸਬੰਧੀ ਬਿਜਲੀ ਵਿਭਾਗ ਕੋਲ ਫ਼ਰਿਆਦ ਕੀਤੀ ਜਾ ਚੁੱਕੀ ਹੈ ਪਰ ਇਸ ਦਾ ਕੋਈ ਹੱਲ ਨਾ ਹੋਇਆ | ਲੋਕਾਂ ਨੇ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਨਿਰਵਿਘਨ 24 ਘੰਟੇ ਯਕੀਨੀ ਬਣਾਈ ਜਾਵੇ |