ਨਡਾਲਾ, 3 ਸਤੰਬਰ (ਰਘਬਿੰਦਰ ਸਿੰਘ)-ਹੜ੍ਹ ਕਾਰਨ ਮੰਡ ਖੇਤਰਾਂ ਵਿਚ ਧੁੱਸੀ ਬੰਨ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਅੱਜ ਬੁਤਾਲਾ ਵਿਖੇ ਦੌਰਾ ਕਰਕੇ ਬੰਨ੍ਹ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ | ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧੁੱਸੀ ਬੰਨ੍ਹ ਬਿਲਕੁਲ ਸੁਰੱਖਿਅਤ ਹੈ ਤੇ ਬੰਨ੍ਹ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ | ਉਨ੍ਹਾਂ ਨੀਵੇਂ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਬਣਾਏ ਹੋਰ ਰਾਹਤ ਕੇਂਦਰਾਂ ਵਿਚ ਆ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਰਾਹਤ ਕੇਂਦਰਾਂ ਵਿਚ ਲੋਕਾਂ ਦੇ ਰਹਿਣ, ਖਾਣ-ਪੀਣ ਤੇ ਸਿਹਤ ਸੰਭਾਲ ਦੇ ਲਈ ਵੀ ਪੂਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਸਕੇ | ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਟਰੋਲ ਰੂਮ ਨੰਬਰ 62800-49331, 01822-231990 24 ਘੰਟੇ ਕਾਰਜਸ਼ੀਲ ਹਨ, ਜਿਸ ਉੱਪਰ ਲੋਕ ਲੋੜ ਅਨੁਸਾਰ ਸੰਪਰਕ ਕਰ ਸਕਦੇ ਹਨ |