ਫੱਤੂਢੀਂਗਾ/ਕਪੂਰਥਲਾ, 5 ਸਤੰਬਰ (ਬਲਜੀਤ ਸਿੰਘ, ਅਮਨਜੋਤ ਸਿੰਘ ਵਾਲੀਆ)-ਸਥਾਨਕ ਫੱਤੂਢੀਂਗਾ ਵਿਖੇ ਕਾਰ ਸਵਾਰ ਵਿਅਕਤੀ ਨੇ ਇਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਫੱਤੂਢੀਂਗਾ ਵਿਖੇ ਇਕ ਵਿਅਕਤੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੈ ਕੇ ਜਾਣ ਲਈ ਮਿੱਟੀ ਦੀਆਂ ਟਰਾਲੀਆਂ ਭਰ ਰਿਹਾ ਸੀ ਤਾਂ ਇੱਕ ਟਾਟਾ ਪੰਚ ਗੱਡੀ ਨੰਬਰ ਪੀਬੀ09 ਏ.ਕਿਉ 1113 'ਤੇ ਸਵਾਰ ਇੱਕ ਵਿਅਕਤੀ ਤੇਜ਼ ਰਫ਼ਤਾਰ ਨਾਲ ਆਇਆ ਤਾਂ ਜਗਜੀਤ ਸਿੰਘ ਵਲੋਂ ਉਕਤ ਕਾਰ ਸਵਾਰ ਨੂੰ ਗੱਡੀ ਹੌਲੀ ਲੈ ਕੇ ਜਾਣ ਲਈ ਕਿਹਾ ਤਾਂ ਉਕਤ ਵਿਅਕਤੀ ਵਲੋਂ ਤੈਸ਼ ਵਿਚ ਆ ਕੇ ਜਗਜੀਤ ਸਿੰਘ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਗੱਡੀ ਭਜਾ ਕੇ ਲੈ ਗਿਆ | ਉੱਥੇ ਹਾਜ਼ਰ ਪਿੰਡ ਵਾਸੀਆਂ ਨੇ ਜਖ਼ਮੀ ਵਿਅਕਤੀ ਨੂੰ ਫੱਤੂਢੀਂਗਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਡਿਊਟੀ ਅਫ਼ਸਰ ਜਸਪ੍ਰੀਤ ਕੁਮਾਰ ਵਲੋਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਹਰਗੁਰਦੇਵ ਸਿੰਘ ਤੇ ਥਾਣਾ ਮੁਖੀ ਜਸਬੀਰ ਸਿੰਘ ਮੌਕੇ 'ਤੇ ਪੁੱਜੇ ਅਤੇ ਕਿਹਾ ਕਿ ਕਥਿਤ ਦੋਸ਼ੀ ਨੂੰ ਜਲਦ ਕਾਬੂ ਕੀਤਾ ਜਾਵੇਗਾ |