ਫਗਵਾੜਾ, 5 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੀਆਂ ਇਮਾਰਤਾਂ ਦੀ ਹਾਲਤ ਇਸ ਬਰਸਾਤ ਵਿਚ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਹਾਲਤ ਇਹ ਹੈ ਕਿ ਦਫ਼ਤਰ ਦੀਆਂ ਛੱਤਾਂ ਦੇ ਪਲੱਸਤਰ ਡਿਗ ਰਹੇ ਹਨ ਤੇ ਲੈਂਟਰ ਦੇ ਸਰੀਏ ਸਾਫ਼ ਨਜ਼ਰ ਆਉਣ ਲੱਗ ਪਏ ਹਨ | ਕੰਧਾ ਵੀ ਸਲ੍ਹਾਬੇ ਦੀ ਚਪੇਟ ਵਿਚ ਹਨ | ਬਰਸਾਤ ਦੌਰਾਨ ਟਪਕਦੇ ਪਾਣੀ ਤੋਂ ਬਚਾਅ ਲਈ ਦਫ਼ਤਰ ਦਾ ਕੀਮਤੀ ਸਮਾਨ ਤੇ ਫ਼ਰਨੀਚਰ ਤਰਪਾਲ ਅਤੇ ਕੱਪੜੇ ਨਾਲ ਢਕਿਆ ਹੋਇਆ ਹੈ | ਜ਼ਰੂਰੀ ਦਸਤਾਵੇਜ਼ ਵੀ ਸੰਭਾਲਣੇ ਮੁਸ਼ਕਿਲ ਹੋ ਰਹੇ ਹਨ, ਹਾਲਾਂਕਿ ਦਫ਼ਤਰੀ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰਦੇ ਹਨ ਪਰ ਦੂਸਰੇ ਪਾਸੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਆਪਣੇ ਵਿਭਾਗਾਂ ਦੀਆਂ ਇਮਾਰਤਾਂ ਦੀ ਦੇਖਭਾਲ ਨਹੀਂ ਕਰ ਸਕਦੀ, ਉਸ ਤੋਂ ਵਿਕਾਸ ਦੀ ਕੀ ਆਸ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਹ ਇਮਾਰਤ ਕਾਫ਼ੀ ਪੁਰਾਣੀ ਹੈ ਅਤੇ ਇਸ ਦੀ ਮੁਰੰਮਤ ਕਰਵਾਈ ਜਾਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਬਾਥਰੂਮਾਂ ਦੀ ਹਾਲਤ ਵੀ ਬਹੁਤ ਤਰਸਯੋਗ ਹੈ ਅਤੇ ਦਰਵਾਜ਼ੇ ਆਦਿ ਵੀ ਟੁੱਟੇ ਹੋਏ ਹਨ | ਉਨ੍ਹਾਂ ਮੰਗ ਕੀਤੀ ਕਿ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਦੀ ਹਾਲਤ ਨੂੰ ਪਹਿਲ ਦੇ ਆਧਾਰ 'ਤੇ ਸੁਧਾਰਿਆ ਜਾਵੇ ਤਾਂ ਜੋ ਦਫ਼ਤਰੀ ਸਟਾਫ਼ ਦੇ ਨਾਲ ਹੀ ਪਿੰਡਾਂ ਦੇ ਵਿਕਾਸ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਜ਼ਰੂਰੀ ਕੰਮ ਲਈ ਦਫ਼ਤਰ ਆਉਣ ਸਮੇਂ ਸਰਪੰਚਾਂ ਤੇ ਪੰਚਾਂ ਨੂੰ ਸਹੂਲਤ ਮਿਲ ਸਕੇ |