ਭੁਲੱਥ, 24 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਅੱਜ ਸੱਤਵੇਂ ਦਿਨ 'ਚ ਦਾਖਲ ਹੋ ਗਈ ਹੈ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਚੀਦਾ ਵੱਲੋਂ ਆਪਣੇ ਸਾਥੀਆਂ ਸਮੇਤ ਖੁੱਲ ਕੇ ਉਨ੍ਹਾਂ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ | ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਸੱਤ ਦਿਨਾਂ ਤੋਂ ਲਗਾਤਾਰ ਪੰਜਾਬ ਅੰਦਰ ਨਗਰ ਪਾਲਿਕਾ ਜਾਂ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਚੱਲ ਰਹੀ ਹੈ, ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਕੰਨਾਂ 'ਤੇ ਹਾਲੇ ਤੱਕ ਜੂੰ ਨਹੀਂ ਸਰਕਦੀ ਨਜ਼ਰ ਆ ਰਹੀ | ਮੌਜੂਦਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਬੇਰੁਜ਼ਗਾਰੀ ਖ਼ਤਮ ਕਰਨ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਵਾਅਦੇ ਕੀਤੇ ਸਨ ਪਰ ਕੱਚੇ ਮੁਲਾਜਮਾਂ ਨੂੰ ਪੱਕੇ ਤਾਂ ਕੀ ਕਰਨਾ ਸਗੋਂ ਦਿੱਲੀ ਦੀ ਇੱਕ ਨਿੱਜੀ ਕੰਪਨੀ ਨੂੰ ਸਫਾਈ ਦਾ ਠੇਕਾ ਦੇ ਕੇ ਉਨ੍ਹਾਂ ਨੂੰ ਬੇਰੋਜ਼ਗਾਰ ਕਰ ਰਹੀ ਹੈ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਹ ਤਜਵੀਜ਼ ਰੱਦ ਕਰਕੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਉਹ ਆਪਣੇ ਸਾਥੀਆਂ ਸਮੇਤ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ ਬੂਲੇਵਾਲ ਤੇ ਹੋਰ ਸਾਥੀ ਹਾਜ਼ਰ ਸਨ, ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀ ਪ੍ਰਧਾਨ ਰਾਜੇਸ਼ ਕੁਮਾਰ, ਅੰਕਤ, ਅਨੀਕੇਤ, ਸੇਠੀ, ਅਸ਼ੋਕ, ਮਹਿੰਦਰ, ਅਜੇ ਕੁਮਾਰ, ਸੂਬੇ ਸਿੰਘ, ਪ੍ਰਕਾਸ਼, ਫੂਲਵੰਤੀ, ਮਹਿੰਦਰ ਸਿੰਘ, ਨਵਜੋਤ, ਵਿਨੋਦ ਕੁਮਾਰ, ਜੋਨੀ, ਸੰਜੀਵ ਕੁਮਾਰ, ਅਜੇ ਕੁਮਾਰ, ਮਨਜੀਤ ਕੌਰ, ਰੀਨਾ,ਸਾਗਰ, ਸੂਰਜ, ਕਰਨ, ਰਾਹੁਲ, ਰਾਜਵੰਤੀ, ਓਮ ਪ੍ਰਕਾਸ਼, ਰਵੀ ਕੁਮਾਰ, ਅਸ਼ੋਕ ਕੁਮਾਰ, ਮੱਖਣ, ਸੁਨੀਤਾ, ਜਸਵੰਤ, ਬਿਕਰਮ, ਸੁਭਾਸ਼, ਬਿਮਲਾ, ਕਿਸ਼ਨ ਤੇ ਹੋਰ ਕਰਮਚਾਰੀ ਹਾਜ਼ਰ ਸਨ |