ਦੌੜ ਵਿਚ ਵੱਖ-ਵੱਖ ਸਕੂਲਾਂ ਤੇ ਕਾਲਜ ਦੇ ਵਿਦਿਆਰਥੀਆਂ ਨੇ ਲਿਆ ਭਾਗ
ਭੁਲੱਥ, 31 ਅਕਤੂਬਰ (ਮਨਜੀਤ ਸਿੰਘ ਰਤਨ)-ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਐੱਸ.ਐੱਸ.ਪੀ. ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ, ਡੀ.ਐੱਸ.ਪੀ. ਭੁਲੱਥ ਕਰਨੈਲ ਸਿੰਘ ਦੀ ਅਗਵਾਈ ਹੇਠ ਭੁਲੱਥ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ | ਇਸ ਦੌੜ ਵਿਚ ਵੱਖ-ਵੱਖ ਸਕੂਲ ਜਿਨ੍ਹਾਂ ਵਿਚ ਸ਼ਿਸ਼ੂ ਮਾਡਲ ਹਾਈ ਸਕੂਲ ਭੁਲੱਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਸਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਅਤੇ ਸਰਕਾਰੀ ਕਾਲਜ ਭੁਲੱਥ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਭਾਗ ਲਿਆ | ਇਸ ਮੈਰਾਥਨ ਦੌੜ ਵਿਚ ਸਕੂਲੀ ਬੱਚਿਆਂ ਦੇ ਨਾਲ ਨਾਲ ਪੁਲਿਸ ਮੁਲਾਜ਼ਮਾਂ ਨੇ ਵੀ ਭਾਗ ਲਿਆ ਅਤੇ ਇਸ ਦੌੜ ਦਾ ਉਦੇਸ਼ ਇਹ ਸੀ ਕਿ ਲੋਕਾਂ ਨੂੰ ਕਿਵੇਂ ਤੰਦਰੁਸਤ ਰੱਖਿਆ ਜਾਵੇ | ਇਸ ਦੌੜ ਤੋਂ ਪਹਿਲਾਂ ਥਾਣਾ ਭੁਲੱਥ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਡੀ.ਐੱਸ.ਪੀ. ਕਰਨੈਲ ਸਿੰਘ, ਐੱਸ.ਐਚ.ਓ. ਰਣਜੀਤ ਸਿੰਘ ਅਤੇ ਏ.ਐੱਸ.ਆਈ. ਸੁਖਵਿੰਦਰ ਸਿੰਘ ਟਰੈਫ਼ਿਕ ਇੰਚਾਰਜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ ਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣ ਬਾਰੇ ਕਿਹਾ | ਇਸ ਉਪਰੰਤ ਥਾਣਾ ਭੁਲੱਥ ਤੋਂ ਮੈਰਾਥਨ ਦੌੜ ਸ਼ੁਰੂ ਕੀਤੀ ਗਈ ਜੋ ਕਿ ਨਗਰ ਦੀਆਂ ਸੜਕਾਂ ਤੋਂ ਹੁੰਦੀ ਹੋਈ ਸਰਕਾਰੀ ਕਾਲਜ ਭੁਲੱਥ ਵਿਖੇ ਜਾ ਕੇ ਸਮਾਪਤ ਹੋਈ | ਦੌੜ ਦੀ ਸਮਾਪਤੀ ਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਇਸ ਮੌਕੇ ਸਰਕਾਰੀ ਸਕੂਲ ਖੱਸਣ ਤੋਂ ਦਿਨੇਸ਼ ਸ਼ਰਮਾ ਸਟੇਟ ਅਵਾਰਡੀ, ਦਵਿੰਦਰ ਕੁਮਾਰ ਐੱਸ.ਐੱਸ. ਟੀਚਰ, ਸਰਕਾਰੀ ਸਕੂਲ ਭੁਲੱਥ ਤੋਂ ਜਗਤਾਰ ਸਿੰਘ ਪਿ੍ੰਸੀਪਲ, ਲਖਬੀਰ ਸਿੰਘ, ਗੁਰਵਿੰਦਰ ਸਿੰਘ, ਸ਼ਿਸ਼ੂ ਮਾਡਲ ਸਕੂਲ ਤੋਂ ਅੰਮਿ੍ਤਪਾਲ ਸਿੰਘ, ਸਰਕਾਰੀ ਕਾਲਜ ਤੋਂ ਪ੍ਰੋਫੈਸਰ ਵਿਜੇ ਸ਼ੰਕਰ, ਪ੍ਰੋਫੈਸਰ ਕੁਲਵਿੰਦਰ ਸਿੰਘ, ਡਾ. ਮੁਖਵੀਰ ਸਿੰਘ, ਰੀਡਰ ਬਲਦੇਵ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |
ਭੁਲੱਥ ਪੁਲਿਸ ਪ੍ਰਸ਼ਾਸਨ ਵਲੋਂ ਮੈਰਾਥਨ ਦੌੜ ਕਰਵਾਈ
ਅਜੀਤ ਡੈਸਕ
01-11-2025