ਢਿਲਵਾਂ, 21 ਨਵੰਬਰ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਕਸਬਾ ਢਿਲਵਾਂ ਮਿਆਣੀ ਬਾਕਰਪੁਰ ਦੇ ਖੇਤਾਂ 'ਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ | ਮੌਕੇ 'ਤੇ ਮਿ੍ਤਕ ਦੀ ਮੋਟਰਸਾਈਕਲ ਵੀ ਖੇਤਾਂ ਵਿੱਚ ਪਈ ਮਿਲੀ | ਘਟਨਾ ਦੀ ਸੂਚਨਾ ਮਿਲਣ 'ਤੇ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਅਤੇ ਢਿਲਵਾਂ ਥਾਣੇ ਦੇ ਮੁਖੀ ਦਲਵਿੰਦਰ ਬੀਰ ਸਿੰਘ, ਏ. ਐਸ. ਆਈ. ਪਰਮਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ | ਇਸ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਇੱਕ ਡੌਗ ਸਕੁਐਡ ਟੀਮ ਜਾਂਚ ਕਰ ਰਹੀ ਹੈ, ਜਿਸ ਨੂੰ ਕਤਲ ਦਾ ਸ਼ੱਕ ਹੈ, ਮਿ੍ਤਕ ਦੀ ਪਛਾਣ ਹਰਵਿੰਦਰ ਸਿੰਘ (35 ਸਾਲ), ਪੁੱਤਰ ਬਲਵੰਤ ਸਿੰਘ, ਵਾਸੀ ਪਿੰਡ ਮਿਆਣੀ ਬਾਕਰਪੁਰ ਵਜੋਂ ਹੋਈ ਹੈ | ਰਿਪੋਰਟਾਂ ਅਨੁਸਾਰ, ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਪਿੰਡ ਮਿਆਣੀ ਬਾਕਰਪੁਰ ਦੇ ਖੇਤਾਂ 'ਚੋਂ ਮਿਲੀ | ਲਾਸ਼ 'ਤੇ ਕਈ ਡੂੰਘੇ ਜ਼ਖ਼ਮ ਸਨ, ਜਿਨ੍ਹਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਭੁਲੱਥ ਅਤੇ ਢਿਲਵਾਂ ਪੁਲਿਸ ਮੌਕੇ 'ਤੇ ਪਹੁੰਚੇ | ਘਟਨਾ ਦੀ ਜਾਂਚ ਕਰ ਰਹੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਰਵਿੰਦਰ ਸਿੰਘ ਵੀਰਵਾਰ ਸ਼ਾਮ ਨੂੰ ਆਪਣੀ ਮੋਟਰਸਾਈਕਲ 'ਤੇ ਘਰੋਂ ਨਿਕਲਿਆ ਸੀ ਪਰ ਰਾਤ ਭਰ ਵਾਪਸ ਨਹੀਂ ਆਇਆ | ਉਸ ਦੀ ਲਾਸ਼ ਅੱਜ ਪਿੰਡ ਦੇ ਖੇਤਾਂ 'ਚੋਂ ਬਰਾਮਦ ਹੋਈ, ਜਿਸ ਦੇ ਸਿਰ 'ਤੇ ਡੂੰਘੇ ਜ਼ਖ਼ਮ ਸਨ | ਡੀ.ਐਸ.ਪੀ. ਕਰਨੈਲ ਸਿੰਘ ਨੇ ਇਹ ਵੀ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਇਸ ਨੂੰ ਕਤਲ ਮੰਨ ਰਹੀ ਹੈ | ਮਾਤਾ ਕਪੂਰ ਕੌਰ ਦੇ ਬਿਆਨ ਦੇ ਆਧਾਰ 'ਤੇ, ਫ਼ਿਲਹਾਲ ਅਣਪਛਾਤੇ ਸ਼ੱਕੀ ਵਿਅਕਤੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ |