ਕਪੂਰਥਲਾ, 22 ਨਵੰਬਰ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਬਿਜ਼ਨਸ ਸਟੱਡੀ ਕਲੱਬ ਵਲੋਂ ਵਿਦਿਆਰਥੀਆਂ ਨੂੰ ਸਟਾਰਟਅਪ ਕਲਚਰ ਤੇ ਖ਼ੁਦ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਇੰਟਰਪ੍ਰਨਿਊਰਸ਼ਿਪ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਉੱਘੇ ਅਰਥ ਸ਼ਾਸਤਰੀ ਡਾ. ਬਿਕਰਮ ਸਿੰਘ ਵਿਰਕ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਵਿਰਕ ਨੇ ਇੰਟਰਪ੍ਰਨਿਊਰਸ਼ਿਪ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਅਜੋਕੇ ਯੁੱਗ 'ਚ ਨੌਕਰੀ ਖੋਜਣ ਦੀ ਬਜਾਏ ਨੌਕਰੀ ਦੇਣ ਦੀ ਸੋਚ ਵਿਦਿਆਰਥੀਆਂ ਨੂੰ ਤਰੱਕੀ ਦੇ ਰਾਹ ਦਿਖਾਵੇਗੀ | ਉਨ੍ਹਾਂ ਕਿਹਾ ਕਿ ਇੰਟਰਪ੍ਰਨਿਊਰਸ਼ਿਪ ਸਿਰਫ਼ ਇਕ ਕਾਰੋਬਾਰ ਸ਼ੁਰੂ ਕਰਨ ਦਾ ਨਾਂਅ ਨਹੀਂ ਸਗੋਂ ਇਹ ਇਕ ਸੋਚ, ਇਕ ਹਿੰਮਤ ਤੇ ਇਕ ਦਿ੍ਸ਼ਟੀਕੋਣ ਹੈ ਜੋ ਕਿਸੇ ਵੀ ਆਮ ਵਿਅਕਤੀ ਨੂੰ ਅਸਧਾਰਨ ਬਣਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਕ ਇੰਟਰਪ੍ਰਨਿਊਰ ਉਹ ਹੈ ਜੋ ਮੁਸ਼ਕਲਾਂ ਵਿਚ ਮੌਕੇ ਲੱਭਦਾ ਹੈ, ਨਵੇਂ ਵਿਚਾਰਾਂ ਨੂੰ ਜਨਮ ਦਿੰਦਾ ਹੈ ਤੇ ਉਨ੍ਹਾਂ ਨੂੰ ਹਕੀਕਤਾਂ ਦਾ ਰੂਪ ਦੇਣ ਦੀ ਹਿੰਮਤ ਰੱਖਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਤਕਨੀਕੀ ਯੁੱਗ ਆਪਣੀ ਚਰਮ ਸੀਮਾ 'ਤੇ ਹੈ ਤੇ ਇੰਟਰਪ੍ਰਨਿਊਰਸ਼ਿਪ ਦੇਸ਼ ਦੀ ਆਰਥਿਕ ਰੀੜ੍ਹ ਦੀ ਹੱਡੀ ਬਣ ਚੁੱਕੀ ਹੈ | ਡਾ. ਬਿਕਰਮ ਸਿੰਘ ਵਿਰਕ ਨੇ ਕਿਹਾ ਕਿ ਸਟਾਰਟਅਪ ਕਲਚਰ ਨੇ ਸਾਨੂੰ ਦੱਸ ਦਿੱਤਾ ਹੈ ਕਿ ਸਫ਼ਲਤਾ ਕਿਸੇ ਵੀ ਵੱਡੀ ਕੰਪਨੀ ਦਾ ਗਿਫ਼ਟ ਨਹੀਂ ਸਗੋਂ ਇਕ ਛੋਟੇ ਜਿਹੇ ਵਿਚਾਰ ਨਾਲ ਵੀ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ | ਸੈਮੀਨਾਰ ਵਿਚ ਵਿਦਿਆਰਥੀਆਂ ਨੇ ਸਟਾਰਟਅਪ ਦੀ ਯੋਜਨਾ ਤਿਆਰ ਕਰਨ, ਫੰਡਿੰਗ ਪ੍ਰਕਿਰਿਆ ਤੇ ਡਿਜੀਟਲ ਇਨੋਵੇਸ਼ਨ ਬਾਰੇ ਚਰਚਾ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇੰਟਰਪ੍ਰਨਿਊਰਸ਼ਿਪ ਰਾਹੀਂ ਨਵੀਂ ਰਾਹਦਾਰੀ ਖੁੱਲ੍ਹਦੀ ਹੈ ਜੋ ਕੇਵਲ ਵਿਅਕਤੀਗਤ ਨਹੀਂ ਸਗੋਂ ਸਮਾਜਿਕ ਵਿਕਾਸ ਲਈ ਵੀ ਅਤਿ ਮਹੱਤਵਪੂਰਨ ਹੈ | ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਡਿੰਪਲ ਭੰਡਾਰੀ ਨੇ ਮੁੱਖ ਰਿਸੋਰਸ ਪਰਸਨ ਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਸੈਮੀਨਾਰ ਦੌਰਾਨ ਮੰਚ ਸੰਚਾਲਨ ਦੇ ਫ਼ਰਜ ਪ੍ਰੋ. ਸੁਮੀਤ ਸਰਾਓ ਨੇ ਬਾਖ਼ੂਬੀ ਨਾਲ ਨਿਭਾਏ | ਇਸ ਮੌਕੇ ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਅਮਨਦੀਪ ਕੌਰ ਚੀਮਾ, ਡਾ. ਅਮਰੀਕ ਸਿੰਘ, ਪ੍ਰੋ. ਗਗਨ, ਪ੍ਰੋ. ਇੰਦਰਪ੍ਰੀਤ ਸਿੰਘ ਅਤੇ ਪ੍ਰੋ. ਸੰਦੀਪ ਸਿੰਘ ਵੀ ਹਾਜ਼ਰ ਸਨ |