ਸੁਲਤਾਨਪੁਰ ਲੋਧੀ, 23 ਨਵੰਬਰ (ਥਿੰਦ)-ਕੇਂਦਰ ਸਰਕਾਰ ਪੰਜਾਬੀਆਂ ਦੇ ਸਿਦਕ ਨੂੰ ਪਰਖ ਰਹੀ ਹੈ, ਪਰ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਦੇ ਦਬਾਅ ਹੇਠ ਨਹੀਂ ਆਉਣਗੇ | ਸਗੋਂ ਧੱਕੇਸ਼ਾਹੀ ਦਾ ਡਟ ਕੇ ਜਵਾਬ ਦੇਣਗੇ | ਕੇਂਦਰ ਸਰਕਾਰ ਵੱਲੋਂ ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਦੌਰਾਨ ਲਿਆਂਦੇ ਜਾ ਸੰਵਿਧਾਨਕ ਸੋਧ ਬਿੱਲ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਜ. ਸਵਰਨ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਪੰਜਾਬ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ, ਅੰਨ ਭੰਡਾਰ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨੂੰ ਲਗਾਤਾਰ ਕੇਂਦਰੀ ਸੱਤਾ ਵਿਚ ਆਉਣ ਵਾਲੀਆਂ ਸਰਕਾਰਾਂ ਵੱਲੋਂ ਹੱਕਾਂ ਤੋਂ ਵਾਂਝੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ 1966 ਤਹਿਤ ਉਸ ਸਮੇਂ ਪੰਜਾਬ ਦੀ ਰਾਜਧਾਨੀ ਬਾਰੇ ਸਪਸ਼ਟ ਲਿਖਿਆ ਗਿਆ ਸੀ, ਪਰ ਕੇਂਦਰੀ ਸੱਤਾ ਇਸ ਨੂੰ ਅੱਖੋਂ ਪਰੋਖੇ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਕੇਂਦਰੀ ਸਰਕਾਰਾਂ ਪਿਛਲੇ ਸਮੇਂ ਤੋਂ ਪੰਜਾਬੀਆਂ ਦੇ ਅਧਿਕਾਰਾਂ ਨੂੰ ਖੋਹਣ ਲਈ ਸੰਘੀ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਮੌਕੇ ਹਲਕੇ ਦੇ ਆਗੂਆਂ ਜਥੇ. ਅਵਤਾਰ ਸਿੰਘ ਮੀਰੇ, ਜਥੇਦਾਰ ਗੁਰਜੰਟ ਸਿੰਘ ਸੰਧੂ, ਜਥੇਦਾਰ ਦਿਲਬਾਗ ਸਿੰਘ ਗਿੱਲ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਜਥੇਦਾਰ ਕੁਲਦੀਪ ਸਿੰਘ ਬੂਲੇ, ਸਤਨਾਮ ਸਿੰਘ ਰਾਮੇ, ਮਾਸਟਰ ਰਣਜੀਤ ਸਿੰਘ ਬਿਧੀਪੁਰ,ਯੂਥ ਆਗੂ ਗੋਲਡੀ ਜੋਸਨ ਆਦਿ ਨੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਢੇਗੀ |