ਕਪੂਰਥਲਾ, 23 ਦਸੰਬਰ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੇ ਹੁਕਮਾਂ ਦੇ ਬਾਵਜੂਦ ਚਾਈਨਾ ਡੋਰ ਧੜੱਲੇ ਨਾਲ ਸ਼ਹਿਰ 'ਚ ਵਿਕ ਰਹੀ ਹੈ ਜੋ ਕਿ ਪੰਛੀਆਂ ਦੇ ਨਾਲ ਨਾਲ ਇਨਸਾਨਾਂ ਲਈ ਵੀ ਘਾਤਕ ਹੈ, ਕਿਉਂਕਿ ਡੋਰ ਮਜ਼ਬੂਤ ਹੋਣ ਕਾਰਨ ਕਈ ਲੋਕ ਇਸ ਨਾਲ ਜ਼ਖਮੀ ਹੋ ਜਾਂਦੇ ਹਨ | ਅੱਜ ਸੰਤਪੁਰਾ ਵਿਖੇ ਇਕ ਬੱਚਾ ਛੱਤ ਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਪਤੰਗ ਪਿੱਛੋਂ ਕੱਟ ਕੇ ਆਈ ਜਦੋਂ ਉਸ ਨੇ ਪਤੰਗ ਦੀ ਡੋਰ ਨੂੰ ਫੜਿਆ ਤਾਂ ਪਿੱਛੇ ਲਮਕ ਰਹੀ ਡੋਰ ਨੂੰ ਕਿਸੇ ਨੇ ਜ਼ੋਰ ਦੀ ਖਿੱਚ ਲਿਆ, ਜਿਸ ਕਾਰਨ ਉਹ ਡੋਰ ਨੌਜਵਾਨ ਦੇ ਉਂਗਲਾਂ 'ਤੇ ਬੁਰੀ ਤਰ੍ਹਾਂ ਫਿਰ ਗਈ ਤੇ ਉਹ ਜ਼ਖਮੀ ਹੋ ਗਿਆ | ਜ਼ਖਮੀ ਨੌਜਵਾਨ ਦੀ ਪਹਿਚਾਣ ਆਯੂਸ਼ ਪੁੱਤਰ ਚਿੰਟੂ ਕੁਮਾਰ ਵਾਸੀ ਸੰਤਪੁਰਾ ਵਜੋਂ ਹੋਈ ਹੈ, ਜਿਸ ਨੂੰ ਪਰਿਵਾਰਿਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਸ਼ੈਲਜਾ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ |