ਸੁਲਤਾਨਪੁਰ ਲੋਧੀ, 23 ਦਸੰਬਰ (ਨਰੇਸ਼ ਹੈਪੀ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਰਜਿ: ਸੁਲਤਾਨਪੁਰ ਲੋਧੀ ਵੱਲੋਂ 22 ਵਾਂ ਸਾਲਾਨਾ ਕਬੱਡੀ ਕੱਪ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ 25 ਜਨਵਰੀ ਦਿਨ ਐਤਵਾਰ ਨੂੰ ਪੁਰਾਣੇ ਕਬੱਡੀ ਖਿਡਾਰੀਆਂ ਵੱਲੋਂ ਐਨ.ਆਰ.ਆਈ. ਵੀਰਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੀਆਂ ਪ੍ਰਮੁੱਖ ਕਬੱਡੀ ਕਲੱਬਾਂ ਦੇ ਨਾਮਵਰ ਖਿਡਾਰੀ ਭਾਗ ਲੈਣਗੇ | ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਹਰਨਾਮਪੁਰ, ਸਕੱਤਰ ਗਿਆਨੀ ਜਰਨੈਲ ਸਿੰਘ ਮੋਠਾਂਵਾਲਾ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ 70 ਕਿੱਲੋ ਭਾਰ ਵਰਗ ਦੇ ਮੈਚ ਵੀ ਕਰਵਾਏ ਜਾਣਗੇ | ਇਸ ਮੌਕੇ ਕਬੱਡੀ ਦਾ ਸ਼ੋਅ ਮੈਚ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਦੇ ਵਿਚਕਾਰ ਹੋਵੇਗਾ | ਇਸ ਤੋਂ ਇਲਾਵਾ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਖੇਡਾਂ ਦੇ ਮਹਾਂ ਕੰੁਭ ਵਿਚ ਬਹੁਤ ਸਾਰੇ ਲੱਕੀ ਡਰਾਅ ਮੋਬਾਈਲ ਫ਼ੋਨ, ਐਲ.ਈ.ਡੀ., ਸਾਈਕਲ ਤੇ ਹੋਰ ਕੀਮਤੀ ਸਮਾਨ ਦੇ ਇਨਾਮ ਕੱਢੇ ਜਾਣਗੇ ਜਿਨ੍ਹਾਂ ਦੇ ਕੂਪਨ ਬਿਲਕੁਲ ਮੁਫ਼ਤ ਹੋਣਗੇ | ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਪਾਰਦਰਸ਼ੀ ਢੰਗ ਨਾਲ ਦਿਨ ਵੇਲੇ ਹੀ ਕਰਵਾਇਆ ਜਾਵੇਗਾ ਜਿਸ ਦੇ ਲਈ ਕਬੱਡੀ ਟੀਮਾਂ ਸਮੇਂ ਸਿਰ ਆਉਣ ਲਈ ਪਾਬੰਧ ਹੋਣਗੀਆਂ | ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ ਪਹਿਲਾਂ ਇਨਾਮ ਧਰਮ ਸਿੰਘ ਖਿੰਡਾ ਮੈਰੀਪੁਰ ਯੂ.ਐਸ.ਏ ਤੇ ਬਲਵੀਰ ਸਿੰਘ ਡੇਰਾ ਨੰਦ ਸਿੰਘ ਯੂਐਸਏ ਵੱਲੋਂ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਬੈੱਸਟ ਜਾਫੀ ਤੇ ਬੈੱਸਟ ਰੇਡਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਧਰਮ ਸਿੰਘ ਖਿੰਡਾ ਤੇ ਬਲਵੀਰ ਸਿੰਘ ਐਨ.ਆਰ.ਆਈ ਭਰਾਵਾਂ ਵੱਲੋਂ ਕਲੱਬ ਨੂੰ ਹੌਸਲਾ ਅਫਜ਼ਾਈ ਵਜੋਂ 2 ਲੱਖ ਰੁਪਏ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਹਰਨੇਕ ਸਿੰਘ ਮੈਰੀਪੁਰ ਐਨ.ਆਰ.ਆਈ. ਵਲੋਂ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਗਿਆਨੀ ਜਰਨੈਲ ਸਿੰਘ ਮੋਠਾਂਵਾਲਾ ਨੇ ਵਿਦੇਸ਼ ਤੋਂ ਮੀਟਿੰਗ 'ਚ ਆਨਲਾਈਨ ਭਾਗ ਲਿਆ | ਮੀਟਿੰਗ ਵਿਚ ਪ੍ਰਧਾਨ ਬਲਕਾਰ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਬਲਦੇਵ ਸਿੰਘ ਟੀਟਾ, ਬਲਵਿੰਦਰ ਸਿੰਘ ਤੁੜ, ਅੰਗਰੇਜ ਸਿੰਘ ਢਿੱਲੋਂ, ਸਾਬਕਾ ਸਰਪੰਚ ਗੁਰਮੇਜ ਸਿੰਘ ਢਿੱਲੋਂ ਡਾਇਰੈਕਟਰ ਮਾਰਕਫੈੱਡ, ਕਮਲਜੀਤ ਸਿੰਘ ਬੱਬੂ, ਲਾਡੀ ਖਿੰਡਾ, ਰਾਜ ਬਹਾਦਰ ਸਿੰਘ ਡਡਵਿੰਡੀ, ਸੁਖਵਿੰਦਰ ਸਿੰਘ ਘੀਣਾ, ਹਰਜਿੰਦਰ ਸਿੰਘ ਖਿੰਡਾ, ਨਿਰਮਲ ਸਿੰਘ ਹੁੰਦਲ, ਹਰਦਿਆਲ ਸਿੰਘ ਸ਼ਾਹ, ਪਰਵਿੰਦਰ ਸਿੰਘ ਪੱਪਾ ਸਾਬਕਾ ਚੇਅਰਮੈਨ, ਤਜਿੰਦਰ ਪਾਲ ਸਿੰਘ ਮੱਟਾ ਟਿੱਬਾ ਆਦਿ ਵੀ ਹਾਜ਼ਰ ਸਨ |