• ਬੈਡਰੂਮ 'ਚੋਂ ਖ਼ੂਨ ਨਾਲ ਲੱਥ-ਪੱਥ ਲਾਸ਼ ਮਿਲੀ
ਸੁਲਤਾਨਪੁਰ ਲੋਧੀ, 24 ਦਸੰਬਰ (ਥਿੰਦ)-ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ 'ਚ ਅੱਜ ਦੇਰ ਸ਼ਾਮ ਕਰੀਬ 7 ਵਜੇ ਦੇ ਕਰੀਬ ਲਾਇਸੰਸੀ 12 ਬੋਰ ਦੀ ਰਾਈਫ਼ਲ 'ਚੋਂ ਅਚਾਨਕ ਗੋਲੀ ਚੱਲਣ ਨਾਲ ਇਕ ਕਿਸਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਛਾਣ ਬਲਕਾਰ ਸਿੰਘ (60) ਪੁੱਤਰ ਚੈਨ ਸਿੰਘ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਘਟਨਾ ਵੇਲੇ ਮਿ੍ਤਕ ਆਪਣੇ ਘਰ ਵਿਚ ਆਪਣੀ ਪਤਨੀ ਸ਼ਿੰਦਰਪਾਲ ਕੌਰ ਨਾਲ ਇਕੱਲਾ ਮੌਜੂਦ ਸੀ | ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਤਨੀ ਨੇ ਹੋਰ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਬਲਕਾਰ ਸਿੰਘ ਦੀ ਖ਼ੂਨ ਨਾਲ ਲੱਥਪੱਥ ਲਾਸ਼ ਉਸ ਦੇ ਬੈਡਰੂਮ 'ਚੋਂ ਮਿਲੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿ੍ਤਕ ਦੀ ਲੜਕੀ ਵਿਆਹੀ ਹੋਈ ਹੈ, ਜਦਕਿ ਦੋਵੇਂ ਲੜਕੇ ਵਿਦੇਸ਼ ਰਹਿੰਦੇ ਹਨ | ਪਰਿਵਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਉੱਤੇ ਕੋਈ ਸ਼ੱਕ ਨਹੀਂ ਹੈ ਤੇ ਇਹ ਮੌਤ ਲਾਇਸੰਸੀ ਰਾਈਫ਼ਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਹੋਈ ਹੈ | ਸੂਚਨਾ ਮਿਲਦੇ ਹੀ ਥਾਣਾ ਕਬੀਰਪੁਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ | ਪੁਲਿਸ ਵਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ |
ਅਚਾਨਕ ਗੋਲੀ ਚੱਲਣ ਨਾਲ ਕਿਸਾਨ ਦੀ ਮੌਤ
ਅਜੀਤ ਡੈਸਕ
25-12-2025