ਸੁਭਾਨਪੁਰ, 24 ਦਸੰਬਰ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਪਿੰਡ ਹਮੀਰਾ ਦੇ ਨਜ਼ਦੀਕ ਫ਼ੈਕਟਰੀ ਕੋਲੋਂ ਇਕ ਨੌਜਵਾਨ ਲੜਕੇ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਏ. ਐਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਮੀਰਾ ਫ਼ੈਕਟਰੀ ਦੇ ਨਜ਼ਦੀਕ ਇਕ ਨੌਜਵਾਨ ਲੜਕੇ ਦੀ ਲਾਸ਼ ਪਈ ਹੈ | ਉਨ੍ਹਾਂ ਨੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਮਿ੍ਤਕ ਨੌਜਵਾਨ ਨੇ ਚੈੱਕਦਾਰ ਲਾਲ ਹੁੱਡੀ, ਹੇਠਾਂ ਗਰਮ ਬਨੈਣ ਤੇ ਨੀਲੀ ਜੀਨ ਦੀ ਪੈਂਟ ਪਹਿਨੀ ਹੋਈ ਸੀ | ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਦ ਲੱਗੇਗਾ | ਲਾਸ਼ ਦੀ ਸ਼ਨਾਖ਼ਤ ਕਰਨ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੋਰਚਰੀ ਵਿਚ ਰਖਵਾ ਦਿੱਤੀ ਹੈ | ਥਾਣਾ ਸੁਭਾਨਪੁਰ ਵਿਖੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |