ਫਗਵਾੜਾ, 28 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਬੋਹਾਨੀ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਇਕ ਗਾਰਮੈਂਟਸ ਦੀ ਦੁਕਾਨ ਦੇ ਬਾਹਰ ਹਵਾਈ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਸਬੰਧ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਗੋਲੀ ਚਲਾਉਣ ਵਾਲੇ ਨੂੰ ਕਾਬੂ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੋਹਾਨੀ ਪਿੰਡ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਲਵ ਕੂਲੈਕਸ਼ਨ ਨਾਮਕ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਹੈ | ਸੁਖਵਿੰਦਰ ਸਿੰਘ ਦਾ ਇਕ ਦੋਸਤ, ਹਰਵਿੰਦਰ ਸਿੰਘ ਉਰਫ਼ ਲਾਡੀ ਜੋ ਕਿ ਜਲੰਧਰ ਦੇ ਪਿੰਡ ਨੰਗਲ ਦਾ ਰਹਿਣ ਵਾਲਾ ਹੈ, ਆਪਣੇ ਐਕਟਿਵਾ ਸਕੂਟਰ 'ਤੇ ਪੁੱਜਿਆ ਤੇ ਬਹਿਸ ਹੋ ਗਈ | ਝਗੜੇ ਦੌਰਾਨ ਹਰਵਿੰਦਰ ਸਿੰਘ ਉਰਫ਼ ਲਾਡੀ ਨੇ ਆਪਣਾ ਰਿਵਾਲਵਰ ਕੱਢਿਆ ਤੇ ਹਵਾ 'ਚ ਗੋਲੀ ਚਲਾਈ ਤੇ ਮੌਕੇ ਤੋਂ ਭੱਜ ਗਿਆ | ਗੋਲੀ ਚੱਲਣ ਨਾਲ ਇਲਾਕੇ 'ਚ ਦਹਿਸ਼ਤ ਫ਼ੈਲ ਗਈ | ਰਾਵਲਪਿੰਡੀ ਦੇ ਐਸ.ਐਚ.ਓ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧ 'ਚ ਟੀਮਾਂ ਬਣਾਈਆਂ ਗਈਆਂ ਹਨ ਤੇ ਜਲੰਧਰ ਦੇ ਪਿੰਡ ਨੰਗਲ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਉਰਫ਼ ਲਾਡੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਉਸ ਖ਼ਿਲਾਫ਼ ਧਾਰਾ 109, 125 ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਨੇ ਦੱਸਿਆ ਕਿ ਪੁਲਿਸ ਜਾਂਚ ਤੋਂ ਬਾਅਦ ਲੱਗੇਗਾ ਕਿ ਰਿਵਾਲਵਰ ਲਾਇਸੈਂਸੀ ਸੀ ਜਾਂ ਨਹੀਂ |