ਪਾਕਿਸਤਾਨ ਨੂੰ ਬਾਈਪਾਸ ਕਰ ਕੇ ਚਾਬਹਾਰ ਬੰਦਰਗਾਹ ਤੇ ਹਵਾਈ ਰਸਤੇ ਵਧਾਇਆ ਜਾ ਰਿਹੈ ਵਪਾਰ
ਸੁਰਿੰਦਰ ਕੋਛੜ
ਅੰਮਿ੍ਤਸਰ, 31 ਦਸੰਬਰ-ਪਾਕਿਸਤਾਨ ਵਲੋਂ ਭਾਰਤ ਅਤੇ ਅਫ਼ਗਾਨਿਸਤਾਨ ਦੋਵਾਂ ਮੁਲਕਾਂ ਨਾਲ ਸਰਹੱਦੀ ਤੇ ਸਿਆਸੀ ਤਲਖ਼ੀਆਂ ਦੇ ਚੱਲਦਿਆਂ ਅਫ਼ਗਾਨ ਕਾਰੋਬਾਰੀਆਂ 'ਤੇ ਪਾਕਿ ਰਸਤੇ ਭਾਰਤ ਨਾਲ ਹੁੰਦੇ ਵਪਾਰ 'ਤੇ ਲਗਾਈ ਰੋਕ ਅਫ਼ਗਾਨਿਸਤਾਨ ਦੇ ਕਾਰੋਬਾਰੀਆਂ ਲਈ ਬੜੀ ਲਾਹੇਵੰਦ ਸਾਬਤ ਹੋ ਰਹੀ ਹੈ | ਗੁਆਂਢੀ ਮੁਲਕ ਦੀਆਂ ਇਨ੍ਹਾਂ ਰੋਕਾਂ ਤੋਂ ਬਾਅਦ ਪਾਕਿ ਨੂੰ ਬਾਈਪਾਸ ਕਰਕੇ ਭਾਰਤ ਅਤੇ ਅਫ਼ਗਾਨਿਸਤਾਨ ਦੋ ਮੁੱਖ ਮਾਰਗਾਂ ਦੀ ਵਰਤੋਂ ਕਰਕੇ ਵਪਾਰ ਨੂੰ ਵਧਾਉਣ ਦੇ ਨਾਲ-ਨਾਲ ਖੇਤਰੀ ਗੁੰਝਲਾਂ ਦੇ ਬਾਵਜੂਦ ਨਵੀਆਂ ਪਹਿਲਕਦਮੀਆਂ ਦੇ ਨਾਲ ਆਰਥਿਕ ਸੰਬੰਧਾਂ ਨੂੰ ਵੀ ਮਜ਼ਬੂਤ ਕਰ ਰਹੇ ਹਨ | ਦੋਵਾਂ ਮੁਲਕਾਂ ਵਲੋਂ ਥੋਕ ਸਾਮਾਨ ਲਈ ਈਰਾਨ ਦੀ ਚਾਬਹਾਰ ਬੰਦਰਗਾਹ ਅਤੇ ਉੱਚ ਮੁੱਲ ਵਾਲੇ ਉਤਪਾਦ ਹਵਾਈ ਰਸਤੇ ਦਿੱਲੀ-ਅੰਮਿ੍ਤਸਰ ਤੋਂ ਕਾਬੁਲ ਭੇਜੇ ਜਾ ਰਹੇ ਹਨ | ਉਕਤ ਰਸਤਿਆਂ ਰਾਹੀਂ ਭਾਰਤ ਵਲੋਂ ਅਫ਼ਗਾਨਿਸਤਾਨ 'ਚ ਫਾਰਮਾਸਿਊਟੀਕਲ, ਮੈਡੀਕਲ ਉਪਕਰਨ, ਉਦਯੋਗਿਕ ਕੱਚਾ ਮਾਲ, ਸੂਤੀ ਟੈਕਸਟਾਈਲ, ਆਟੋ ਪਾਰਟਸ, ਮਸ਼ੀਨਰੀ, ਬੀਜ, ਖੇਤੀਬਾੜੀ ਆਧਾਰਿਤ ਉਤਪਾਦ ਅਤੇ ਵੱਖ-ਵੱਖ ਕਿਸਮਾਂ ਦੇ ਕੱਪੜੇ ਭੇਜੇ ਜਾ ਰਹੇ ਹਨ | ਜਦਕਿ ਅਫ਼ਗਾਨਿਸਤਾਨ ਵਲੋਂ ਭਾਰਤ ਸੁੱਕੇ ਫਲ (ਕਿਸ਼ਮਿਸ਼, ਬਦਾਮ, ਅਖਰੋਟ), ਕੇਸਰ, ਅੰਜੀਰ, ਮੁਲੱਠੀ, ਹਿੰਗ, ਸੇਬ, ਅਨਾਰ, ਕਾਰਪੇਟ ਅਤੇ ਹੋਰ ਅਫ਼ਗਾਨ ਉਤਪਾਦ ਭੇਜੇ ਜਾ ਰਹੇ ਹਨ | ਦੱਸਣਯੋਗ ਹੈ ਕਿ ਚਾਬਹਾਰ ਬੰਦਰਗਾਹ ਨਾਲ ਜੋੜਨ ਲਈ ਭਾਰਤ ਵਲੋਂ ਅਫ਼ਗਾਨਿਸਤਾਨ 'ਚ ਜ਼ਰੰਜ-ਡੇਲਾਰਾਮ ਹਾਈਵੇਅ ਬਣਾਇਆ ਗਿਆ ਹੈ | ਦੋਵੇਂ ਮੁਲਕ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ | ਇਸ ਦੇ ਨਾਲ ਹੀ ਹੋਰ ਸਿੱਧੀਆਂ ਕਾਰਗੋ ਉਡਾਣਾਂ ਦੀ ਪੜਚੋਲ ਕਰਨ ਲਈ ਵਪਾਰਕ ਅਟੈਚੀਆਂ ਦੀ ਨਿਯੁਕਤੀ ਕਰਨ ਅਤੇ ਵਪਾਰ ਤੇ ਨਿਵੇਸ਼ ਲਈ ਸਾਂਝੇ ਕਾਰਜ ਸਮੂਹਾਂ ਨੂੰ ਮੁੜ ਸੁਰਜੀਤ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ | ਅਫ਼ਗਾਨਿਸਤਾਨ ਦੇ ਉਦਯੋਗ ਅਤੇ ਵਣਜ ਮੰਤਰਾਲੇ ਅਨੁਸਾਰ ਪਿਛਲੇ 10 ਮਹੀਨਿਆਂ 'ਚ ਭਾਰਤ ਨਾਲ ਅਫ਼ਗਾਨਿਸਤਾਨ ਦਾ ਵਪਾਰ ਲਗਭਗ 65 ਕਰੋੜ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ, ਜਿਸ 'ਚ 47.7 ਕਰੋੜ ਡਾਲਰ ਦਾ ਨਿਰਯਾਤ ਅਤੇ 20.3 ਕਰੋੜ ਡਾਲਰ ਦਾ ਆਯਾਤ ਸ਼ਾਮਿਲ ਹੈ | ਇਹ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਅਫ਼ਗਾਨਿਸਤਾਨ ਲਈ ਇਕ ਮਹੱਤਵਪੂਰਨ ਵਪਾਰਕ ਭਾਈਵਾਲ ਵਜੋਂ ਉੱਭਰ ਰਿਹਾ ਹੈ | ਚੈਂਬਰ ਆਫ਼ ਕਾਮਰਸ ਐਂਡ ਇਨਵੈਸਟਮੈਂਟ ਅਨੁਸਾਰ ਖ਼ਾਸ ਕਰਕੇ ਨਾਸ਼ਵਾਨ ਉਤਪਾਦਾਂ ਅਤੇ ਸੁੱਕੇ ਫਲਾਂ ਦੀ ਨਿਰਯਾਤ ਲਈ ਹਵਾਈ ਕਾਰਗੋ ਵਾਹਗਾ ਸਰਹੱਦੀ ਰਸਤੇ ਨਾਲੋਂ ਬਿਹਤਰ ਬਦਲ ਸਾਬਤ ਹੋ ਸਕਦਾ ਹੈ | ਇਸੇ ਦੌਰਾਨ ਏਰੀਆਨਾ ਅਫ਼ਗਾਨ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਭਾਰਤ ਨੂੰ ਹਰ ਕਿੱਲੋਗ੍ਰਾਮ ਅਫ਼ਗਾਨ ਨਿਰਯਾਤ ਸਾਮਾਨ 1 ਡਾਲਰ ਦੀ ਦਰ ਨਾਲ ਲਿਜਾਇਆ ਜਾਵੇਗਾ ਤੇ ਭਾਰਤ ਤੋਂ ਹਰ ਕਿੱਲੋਗ੍ਰਾਮ ਆਯਾਤ 80 ਸੈਂਟ ਦੀ ਦਰ ਨਾਲ ਲਿਜਾਇਆ ਜਾਵੇਗਾ | ਦੂਜੇ ਪਾਸੇ, ਪਾਕਿਸਤਾਨ-ਅਫ਼ਗਾਨਿਸਤਾਨ ਜੁਆਇੰਟ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦਾ ਕਹਿਣਾ ਹੈ ਕਿ ਪਾਕਿ ਵਲੋਂ ਅਫ਼ਗਾਨਿਸਤਾਨ ਲਈ ਸਰਹੱਦੀ ਗੇਟ ਬੰਦ ਕੀਤੇ ਜਾਣ ਨਾਲ ਪਾਕਿ ਨੂੰ ਵਪਾਰ 'ਚ 4.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਤੇ ਪਾਕਿਸਤਾਨੀ ਵਪਾਰੀਆਂ ਨੂੰ ਅਜੇ ਹੋਰ ਭਾਰੀ ਆਰਥਿਕ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ | ਚੈਂਬਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਮਾਰਚ ਤੱਕ ਸੰਤਰੇ ਅਤੇ ਆਲੂ ਦੀ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਜਿਸ ਦੇ ਨਤੀਜੇ ਵਜੋਂ 20 ਕਰੋੜ ਡਾਲਰ ਦਾ ਵਾਧੂ ਨੁਕਸਾਨ ਹੋਵੇਗਾ | ਦੱਸਿਆ ਜਾ ਰਿਹਾ ਹੈ ਕਿ ਪਾਕਿ ਵਲੋਂ ਲਗਾਈਆਂ ਸਰਹੱਦੀ ਰੋਕਾਂ ਤੋਂ ਪਹਿਲਾਂ ਅਪ੍ਰੈਲ 2025 ਤੱਕ ਅਫ਼ਗਾਨਿਸਤਾਨ-ਪਾਕਿਸਤਾਨ ਟਰਾਂਜ਼ਿਟ ਵਪਾਰ ਸਮਝੌਤੇ (ਏ. ਪੀ. ਟੀ. ਟੀ. ਏ.) ਤਹਿਤ ਅਟਾਰੀ-ਵਾਹਗਾ ਸਰਹੱਦ ਰਾਹੀਂ ਅਫ਼ਗਾਨਿਸਤਾਨ ਤੋਂ ਲਗਪਗ ਰੋਜ਼ਾਨਾ 25-30 ਡਰਾਈ ਫਰੂਟ, ਮੁਲੱਠੀ, ਪਿਆਜ਼ਾਂ ਅਤੇ ਤਾਜ਼ੇ ਫਲਾਂ ਦੇ ਟਰੱਕ ਭਾਰਤ ਪਹੁੰਚਦੇ ਰਹੇ | ਇਹ ਟਰੱਕ ਪਾਕਿ ਦੇ ਐੱਨ. ਐੱਲ. ਸੀ. (ਨੈਸ਼ਨਲ ਲੋਜਿਸਟਿਕਸ ਸੈੱਲ) ਵਲੋਂ ਅਟਾਰੀ ਸਰਹੱਦ 'ਚ ਦਾਖ਼ਲ ਹੁੰਦੇ ਸਨ ਅਤੇ ਭਾਰਤੀ ਕਸਟਮ ਵਿਭਾਗ ਸਮੇਤ ਹੋਰਨਾਂ ਕੇਂਦਰੀ ਜਾਂਚ ਏਜੰਸੀਆਂ ਦੀ ਮਨਜ਼ੂਰੀ ਬਾਅਦ ਇਨ੍ਹਾਂ ਨੂੰ ਆਈ. ਸੀ. ਪੀ. ਅਟਾਰੀ ਵੱਲ ਭੇਜਿਆ ਜਾਂਦਾ ਸੀ |
ਭਾਰਤ ਨਾਲ ਸਰਹੱਦੀ ਵਪਾਰ 'ਤੇ ਪਾਕਿ ਵਲੋਂ ਲਗਾਈਆਂ ਰੋਕਾਂ ਅਫ਼ਗਾਨਿਸਤਾਨ ਲਈ ਲਾਹੇਵੰਦ ਹੋ ਰਹੀਆਂ ਸਾਬਤ
ਅਜੀਤ ਡੈਸਕ
01-01-2026