13 ਦਿਨ ਪਹਿਲਾਂ ਹੀ ਰੱਦ ਹੋਈ ਸੀ ਅਗਾਊਾ ਜ਼ਮਾਨਤ ਅਰਜ਼ੀ
ਐੱਸ. ਏ. ਐੱਸ. ਨਗਰ/ਅੰਮਿ੍ਤਸਰ, 1 ਜਨਵਰੀ (ਕਪਿਲ ਵਧਵਾ/ਰੇਸ਼ਮ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀ. ਏ. ਅਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮ-ਖਾਸ ਦੱਸੇ ਜਾਣ ਵਾਲੇ ਸਤਿੰਦਰ ਸਿੰਘ ਕੋਹਲੀ ਨੂੰ ਗਿ੍ਫ਼ਤਾਰ ਕਰਕੇ ਪੁੱਛਗਿੱਛ ਲਈ ਅੰਮਿ੍ਤਸਰ ਵਿਖੇ ਲਿਜਾਇਆ ਗਿਆ ਹੈ | ਪੰਜਾਬ ਪੁਲਿਸ ਵਲੋਂ ਫ਼ਿਲਹਾਲ ਉਸ ਦੀ ਗਿ੍ਫ਼ਤਾਰੀ ਬਾਰੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ | ਸੂਤਰਾਂ ਅਨੁਸਾਰ ਪੁਲਿਸ ਨੇ ਸਤਿੰਦਰ ਸਿੰਘ ਕੋਹਲੀ ਨੂੰ ਮੁਹਾਲੀ ਤੋਂ 31 ਦਸੰਬਰ ਦੀ ਰਾਤ ਨੂੰ ਹੀ ਗਿ੍ਫ਼ਤਾਰ ਕਰ ਲਿਆ ਸੀ | ਪੰਜਾਬ ਸਰਕਾਰ ਦੇ ਹੁਕਮਾਂ 'ਤੇ ਇਸ ਸੰਵੇਦਨਸ਼ੀਲ ਮਾਮਲੇ ਵਿਚ ਅੰਮਿ੍ਤਸਰ ਪੁਲਿਸ ਵਲੋਂ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਥਾਣਾ ਡਵੀਜ਼ਨ-4 ਵਿਖੇ 7 ਦਸੰਬਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਮਾਮਲੇ ਵਿਚ ਏ. ਆਈ. ਜੀ. ਜਗਤਪ੍ਰੀਤ ਸਿੰਘ ਦੀ ਪ੍ਰਧਾਨਗੀ ਵਾਲੀ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ | ਦੱਸ ਦਈਏ ਕਿ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 295, 295 (ਏ), 409, 465, 120 ਬੀ ਅਤੇ 408 ਦੇ ਨਾਲ ਜਗਤ ਜੋਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀ ਧਾਰਾ 5 ਦੇ ਤਹਿਤ ਮਾਮਲਾ ਦਰਜ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਚਾਰਟਰਡ ਅਕਾਊਟੈਂਟ ਸਤਿੰਦਰ ਸਿੰਘ ਦੇ ਨਾਲ-ਨਾਲ ਡਾ. ਰੂਪ ਸਿੰਘ (ਮੁੱਖ ਸਕੱਤਰ), ਮਨਜੀਤ ਸਿੰਘ (ਸਕੱਤਰ ਧਰਮ ਪ੍ਰਚਾਰ), ਗੁਰਬਚਨ ਸਿੰਘ (ਮੀਤ ਸਕੱਤਰ ਪਬਲੀਕੇਸ਼ਨ), ਨਿਸ਼ਾਨ ਸਿੰਘ, ਪਰਮਜੀਤ ਸਿੰਘ, ਗੁਰਮੱੁਖ ਸਿੰਘ, ਜੁਝਾਰ ਸਿੰਘ, ਬਾਜ ਸਿੰਘ (ਕਲਰਕ), ਦਲਬੀਰ ਸਿੰਘ, ਕਮਲਜੀਤ ਸਿੰਘ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੂੰ ਇਸ 'ਚ ਨਾਮਜ਼ਦ ਕੀਤਾ ਸੀ | ਜ਼ਿਕਰਯੋਗ ਹੈ ਕਿ ਇਸ ਮਾਮਲੇ ਸੰਬੰਧੀ ਗਿ੍ਫ਼ਤਾਰੀ ਤੋਂ ਰਾਹਤ ਪਾਉਣ ਲਈ ਸਤਿੰਦਰ ਸਿੰਘ ਵਲੋਂ ਅੰਮਿ੍ਤਸਰ ਅਦਾਲਤ ਵਿਖੇ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਗਈ ਸੀ, ਜਿਸ 'ਤੇ 20 ਦਸੰਬਰ ਨੂੰ ਫ਼ੈਸਲਾ ਸੁਣਾਉਂਦਿਆਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦੀਪ ਸਿੰਘ ਦੀ ਅਦਾਲਤ ਨੇ ਸਤਿੰਦਰ ਸਿੰਘ ਕੋਹਲੀ ਨੂੰ ਅਗਾਊਾ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ |
ਸਤਿੰਦਰ ਸਿੰਘ ਕੋਹਲੀ 'ਤੇ ਲੱਗੇ ਇਹ ਦੋਸ਼
ਅਦਾਲਤ ਵਿਖੇ ਮਾਮਲੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਵਲੋਂ ਦਲੀਲ ਦਿੱਤੀ ਗਈ ਕਿ ਸ਼ੋ੍ਰਮਣੀ ਕਮੇਟੀ ਅਧੀਨ ਗੋਲਡਨ ਆਫਸੈਟ ਪ੍ਰੈੱਸ ਅਤੇ ਹੋਰਨਾਂ ਸਥਾਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ, ਭੰਡਾਰ ਅਤੇ ਵੰਡ ਸੰਬੰਧੀ ਰਿਕਾਰਡਾਂ ਵਿਚ ਵੱਡੇ ਪੱਧਰ 'ਤੇ ਜਾਅਲਸਾਜ਼ੀ, ਰਿਕਾਰਡ ਖ਼ਤਮ ਕਰਨ ਅਤੇ ਬਿਨਾਂ ਮਨਜ਼ੂਰੀ ਛਪਾਈ ਦੇ ਦੋਸ਼ ਸਾਹਮਣੇ ਆਏ ਹਨ | ਜਾਂਚ ਦੌਰਾਨ 328 ਸਰੂਪਾਂ ਦਾ ਕੋਈ ਹਿਸਾਬ-ਕਿਤਾਬ ਨਾ ਮਿਲਣਾ ਵੀ ਸਾਹਮਣੇ ਆਇਆ ਹੈ | ਰਾਜ ਦੇ ਨੁਮਾਇੰਦਿਆਂ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਦੀ ਹਿਰਾਸਤੀ ਪੁੱਛਗਿੱਛ ਲਾਜ਼ਮੀ ਹੈ ਤਾਂ ਜੋ ਡੂੰਘੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ, ਲਾਪਤਾ ਸਰੂਪਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਜ਼ਰੂਰੀ ਦਸਤਾਵੇਜ਼ ਬਰਾਮਦ ਹੋ ਸਕਣ | ਅਦਾਲਤ ਵਿਖੇ ਜਾਂਚ ਕਮੇਟੀ ਦੀ ਸਾਲ 2020 ਦੀ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ, ਜਿਸ ਅਨੁਸਾਰ ਸਤਿੰਦਰ ਸਿੰਘ ਕੋਹਲੀ ਵਲੋਂ ਆਪਣੇ ਜ਼ਿੰਮੇ ਸੌਂਪੇ ਗਏ ਕੰਮਾਂ 'ਚੋਂ ਕੇਵਲ 25 ਫ਼ੀਸਦੀ ਕੰਮ ਕੀਤਾ ਗਿਆ ਹੈ, ਜਦਕਿ 75 ਫ਼ੀਸਦੀ ਭੁਗਤਾਨ ਗ਼ੈਰ-ਵਾਜਬ ਦੱਸਦਿਆਂ 7.20 ਕਰੋੜ ਰੁਪਏ ਦੀ ਵਸੂਲੀ ਦੀ ਸਿਫ਼ਾਰਸ਼ ਕੀਤੀ ਗਈ ਸੀ |
2020 ਤੋਂ ਚਰਚਾ 'ਚ ਹੈ ਮਾਮਲਾ
ਉਕਤ ਮਾਮਲਾ 2020 ਤੋਂ ਚਰਚਾ 'ਚ ਹੈ ਜਿਸ 'ਚ ਬੀਤੇ ਦਿਨੀਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਵੀ ਗਠਿਤ ਕੀਤੀ ਗਈ ਹੈ | ਟੀਮ ਵਲੋਂ ਇਸ ਮਾਮਲੇ 'ਚ ਨਾਮਜ਼ਦ ਕੀਤੇ ਵਿਅਕਤੀਆਂ ਤੇ ਸ਼੍ਰੋਮਣੀ ਕਮੇਟੀ ਦੇ ਹੋਰ ਅਧਿਕਾਰੀਆਂ ਨੂੰ ਬਕਾਇਦਾ ਸਿੱਟ ਅੱਗੇ ਪੇਸ਼ ਹੋਣ ਲਈ ਨੋਟਿਸ ਵੀ ਭੇਜੇ ਜਾ ਰਹੇ ਹਨ | ਗਿ੍ਫ਼ਤਾਰ ਸਾਬਕਾ ਸੀ.ਏ. ਐੱਸ.ਐੱਸ. ਕੋਹਲੀ ਐਂਡ ਐਸੋਸੀਏਸ਼ਨ ਫਰਮ ਦਾ ਮਾਲਕ ਹੈ, ਜੋ 2009 'ਚ ਸ਼੍ਰੋਮਣੀ ਕਮੇਟੀ ਦੇ ਲੇਖਾਕਾਰ ਵਜੋਂ ਖਾਤਿਆਂ ਦਾ ਕੰਪਿਊਟਰੀਕਰਨ ਤੇ ਅਗਵਾਈ ਪ੍ਰਣਾਲੀ ਦਾ ਕੰਮ ਸੰਭਾਲਦਾ ਰਿਹਾ ਹੈ ਤੇ ਉਸ ਖਿਲਾਫ ਸ਼੍ਰੋਮਣੀ ਕਮੇਟੀ ਤੋਂ ਮੋਟੀ ਤਨਖ਼ਾਹ (ਲੱਖਾਂ 'ਚ) ਵਸੂਲਣ ਦੇ ਵੀ ਦੋਸ਼ ਲਗਦੇ ਰਹੇ ਹਨ ਅਤੇ ਇਨ੍ਹਾਂ ਦੋਸ਼ਾਂ ਉਪਰੰਤ ਉਸ ਦੀਆਂ ਸੇਵਾਵਾਂ 2020 'ਚ ਸਮਾਪਤ ਹੋ ਗਈਆਂ ਸਨ ਅਤੇ ਕੀਤੇ ਗਏ ਭੁਗਤਾਨ ਦਾ 75 ਫੀਸਦੀ ਹਿੱਸਾ ਵੀ ਵਸੂਲਣ ਦਾ ਪ੍ਰਸਤਾਵ ਲਿਆਂਦਾ ਗਿਆ ਸੀ |
-ਮਾਮਲਾ 328 ਸਰੂਪਾਂ ਦੇ ਲਾਪਤਾ ਹੋਣ ਦਾ-<br> ਸ਼੍ਰੋਮਣੀ ਕਮੇਟੀ ਦਾ ਸਾਬਕਾ ਸੀ.ਏ. ਕੋਹਲੀ ਚੰਡੀਗੜ੍ਹ ਤੋਂ ਗਿ੍ਫ਼ਤਾਰ
ਅਜੀਤ ਡੈਸਕ
02-01-2026