ਸੈਕਰਾਮੈਂਟੋ, 1 ਜਨਵਰੀ (ਏਜੰਸੀ)-ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲਜ਼ (ਧੰੜ) ਵਿਰੁੱਧ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਇੱਕ ਸਮੂਹ ਵਲੋਂ ਕੇਸ ਕੀਤੇ ਜਾਣ ਦੇ ਇੱਕ ਹਫ਼ਤੇ ਬਾਅਦ ਅਮਰੀਕਾ ਨੇ ਕਿਹਾ ਕਿ ਉਹ 17,000 ਵਪਾਰਕ ਡਰਾਈਵਿੰਗ ਲਾਇਸੈਂਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਮਾਰਚ ਤੱਕ ਮੁਲਤਵੀ ਕਰ ਦੇਵੇਗਾ | ਇਸ ਨਾਲ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਹੋਰ ਸਮਾਂ ਮਿਲੇਗਾ ਕਿ ਜੋ ਟਰੱਕ ਅਤੇ ਬੱਸ ਡਰਾਈਵਰ ਕਾਨੂੰਨੀ ਤੌਰ 'ਤੇ ਯੋਗ ਹਨ, ਉਹ ਆਪਣੇ ਲਾਇਸੈਂਸ ਬਰਕਰਾਰ ਰੱਖ ਸਕਣ | ਐਸੋਸੀਏਟਡ ਪ੍ਰੈੱਸ ਦੀ ਰਿਪੋਰਟ ਦੇ ਹਵਾਲੇ ਨਾਲ ਅਮਰੀਕੀ ਟ੍ਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਕਿਹਾ ਕਿ ਜੇਕਰ ਰਾਜ 5 ਜਨਵਰੀ ਤੱਕ ਲਾਇਸੈਂਸ ਰੱਦ ਕਰਨ ਦੀ ਸਮਾਂ ਸੀਮਾ ਪੂਰੀ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ 160 ਮਿਲੀਅਨ ਡਾਲਰ ਦੀ ਸੰਘੀ ਫੰਡਿੰਗ ਦਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਨੇ ਪਹਿਲਾਂ ਹੀ 40 ਮਿਲੀਅਨ ਡਾਲਰ ਰੋਕ ਲਏ ਹਨ, ਇਹ ਕਹਿੰਦੇ ਹੋਏ ਕਿ ਕੈਲੀਫੋਰਨੀਆ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਮੁਹਾਰਤ ਦੀਆਂ ਜ਼ਰੂਰਤਾਂ ਨੂੰ ਲਾਗੂ ਨਹੀਂ ਕਰ ਰਿਹਾ ਹੈ | ਕੈਲੀਫੋਰਨੀਆ ਨੇ ਡਫੀ ਦੇ ਦਬਾਅ ਤੋਂ ਬਾਅਦ ਲਾਇਸੈਂਸਾਂ ਨੂੰ ਅਵੈਧ ਕਰਨ ਦੇ ਨੋਟਿਸ ਭੇਜੇ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀਆਂ ਨੂੰ ਵਪਾਰਕ ਲਾਇਸੈਂਸ ਨਾ ਦਿੱਤੇ ਜਾਣ | ਡਫੀ ਨੇ ਸੋਸ਼ਲ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਕੈਲੀਫੋਰਨੀਆ ਕੋਲ ਕਾਨੂੰਨ ਤੋੜਨਾ ਜਾਰੀ ਰੱਖਣ ਲਈ ਕੋਈ 'ਐਕਸਟੈਂਸ਼ਨ' ਨਹੀਂ ਹੈ |