ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ
ਸੰਗਤਾਂ ਨੇ 58 ਯੂਨਿਟ ਖ਼ੂਨ ਦਾਨ ਕੀਤਾ
ਸਰਹਾਲੀ ਕਲਾਂ (ਤਰਨ ਤਾਰਨ), 1 ਜਨਵਰੀ (ਅਜੈ ਸਿੰਘ ਹੁੰਦਲ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਅਤੇ ਸੱਚਖੰਡ ਵਾਸੀ ਸੰਤ ਬਾਬਾ ਚਰਨ ਸਿੰਘ ਦੀ ਬੰਦਗੀ ਤੇ ਸੇਵਾ ਦੀ ਮਹਿਮਾ ਦੇਸ਼ਾਂ-ਵਿਦੇਸ਼ਾਂ ਤੱਕ ਫੈਲੀ ਹੋਈ ਹੈ, ਜਿਨ੍ਹਾਂ ਦੀ ਮਿੱਠੀ ਯਾਦ ਵਿਚ ਬਰਸੀ ਸਮਾਗਮ ਵਿਚ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਮਨਾਏ ਗਏ | ਬਰਸੀ ਸਮਾਗਮ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਨੇ ਆਰਤੀ ਸ਼ਬਦ ਗਾਇਨ ਨਾਲ ਹਾਜ਼ਰੀ ਭਰੀ | ਅਰਦਾਸ ਉਪਰੰਤ ਖੁੱਲੇ੍ਹ ਪੰਡਾਲ ਵਿਚ ਦੀਵਾਨ ਸਜਿਆ, ਜਿਸ ਵਿਚ ਸਿੰਘ ਸਾਹਿਬ ਗਿ. ਇਕਬਾਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਸ੍ਰੀ ਮੁੱਖਵਾਕ ਦੀ ਕਥਾ ਨਾਲ ਦੀਵਾਨ ਦੀ ਆਰੰਭਤਾ ਹੋਈ | ਦੀਵਾਨ ਵਿਚ ਭਾਈ ਸੁਖਵੰਤ ਸਿੰਘ ਸ਼ਹੂਰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਦਲੀਪ ਸਿੰਘ ਫੱਕਰ ਰਬਾਬੀ, ਭਾਈ ਸੁਖਦੇਵ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੇਰ ਸਾਹਿਬ ਅਤੇ ਹੋਰ ਕਈ ਪੰਥ ਪ੍ਰਸਿੱਧ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵੱਖ-ਵੱਖ ਸੰਪਰਦਾਵਾਂ ਤੋਂ ਸੰਤ ਮਹਾਂਪੁਰਖ ਪਹੁੰਚੇ, ਜਿਨ੍ਹਾਂ ਵਿਚ ਸੰਤ ਬਾਬਾ ਅਵਤਾਰ ਸਿੰਘ ਤੇ ਸੰਤ ਬਾਬਾ ਗੁਰਬਚਨ ਸਿੰਘ ਦਲ ਬਾਬਾ ਬਿਧੀ ਚੰਦ ਸੁਰਸਿੰਘ, ਸੰਤ ਬਲਜੀਤ ਸਿੰਘ ਦਾਦੂਵਾਲ, ਬਾਬਾ ਮਨਵੀਰ ਸਿੰਘ ਝੂਲਣੇ ਮਹਿਲ, ਸੰਤ ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਜਥਾ ਸੰਗਰਾਵਾਂ, ਬਾਬਾ ਖੜਕ ਸਿੰਘ ਗੁਰਦੁਆਰਾ ਗੁਪਤਸਰ ਸਾਹਿਬ ਅਨੰਦਪੁਰ ਸਾਹਿਬ ਵਾਲੇ ਅਤੇ ਹੋਰ ਕਈ ਸਤਿਕਾਰਯੋਗ ਧਾਰਮਿਕ ਸ਼ਖ਼ਸੀਅਤਾਂ ਸਮੇਤ ਢਾਕਾ ਤੋਂ ਡਾ. ਐੱਮ.ਕੇ. ਰਾਇ ਮੈਂਬਰ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ, ਸਤਨਾਮ ਸਿੰਘ ਚੋਹਲਾ ਸਾਹਿਬ, ਡਾ. ਮਨਜੀਤ ਸਿੰਘ ਮਰਹਾਣਾ, ਸਾਹਿਬ ਸਿੰਘ ਮੁੰਬਈ, ਪ੍ਰਭਜੋਤ ਸਿੰਘ ਏ.ਬੀ.ਟੀ.ਸੀ. ਟਰਾਂਸਪੋਰਟ ਵਾਲੇ, ਹਰਜੀਤ ਸਿੰਘ ਸਿੰਗਾਪੁਰ, ਸੁਰੇਸ਼ ਭਾਟੀਆ ਦਿੱਲੀ, ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼ੋ੍ਰਮਣੀ ਕਮੇਟੀ, ਬੀਬੀ ਦਵਿੰਦਰ ਕੌਰ ਕਾਲੜਾ ਮੈਂਬਰ ਸ਼ੋ੍ਰਮਣੀ ਕਮੇਟੀ, ਹਰਦੇਵ ਸਿੰਘ ਕਰਮੂਵਾਲਾ ਮੈਂਬਰ ਸ਼ੋ੍ਰਮਣੀ ਕਮੇਟੀ, ਚੇਅਰਮੈਨ ਗੁਰਮਹਾਂਬੀਰ ਸਿੰਘ ਸਰਹਾਲੀ, ਗੁਰਦਿਆਲ ਸਿੰਘ ਕਾਲੜਾ, ਦਇਆ ਸਿੰਘ ਚੇਅਰਮੈਨ, ਡਾ. ਇੰਦਰਜੀਤ ਸਿੰਘ ਮੈਂਬਰ, ਸਵਰਨ ਸਿੰਘ ਚੇਅਰਮੈਨ ਦਦੇਹਰ ਸਾਹਿਬ, ਪ੍ਰਤਾਪ ਸਿੰਘ ਮੈਨੇਜਰ, ਸਾਹਿਬ ਸਿੰਘ ਸਾਬਕਾ ਸਰਪੰਚ ਸਰਹਾਲੀ, ਅਰਜਨ ਸਿੰਘ ਸੰਧੂ ਸਮਾਜ ਸੇਵੀ, ਸਿਕੰਦਰ ਸਿੰਘ ਵਰਾਣਾ ਮੁੱਖ ਬੁਲਾਰਾ ਸੰਪਰਦਾਇ ਕਾਰ ਸੇਵਾ ਸਰਹਾਲੀ ਅਤੇ ਹੋਰ ਕਈ ਸਤਿਕਾਰ ਹਸਤੀਆਂ ਮੌਜੂਦ ਸਨ | ਬਰਸੀ ਸਮਾਗਮਾਂ ਦੌਰਾਨ ਗੁਰਦੁਆਰਾ ਗੁਰਪੁਰੀ ਸਾਹਿਬ ਜਾਣ ਵਾਲੀ ਸੜਕ 'ਤੇ 3-4 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗਾ ਰਿਹਾ | ਸੰਗਤ ਨਾਲ ਭਰੀਆਂ ਬੱਸਾਂ, ਕਾਰਾਂ, ਟਰੈਕਟਰ ਟਰਾਲੀਆਂ ਦੀ ਲਾਈਨ ਸਾਰਾ ਦਿਨ ਨਹੀਂ ਟੁੱਟੀ | ਸੰਗਤਾਂ ਵਿਚ ਸ਼ਰਧਾ ਅਤੇ ਪ੍ਰੇਮ ਨਾਲ ਦਰਸ਼ਨ ਕਰਕੇ ਸੇਵਾ ਅਤੇ ਸਤਿਸੰਗਤ ਵਿਚ ਜੁੜੀਆਂ ਰਹੀਆਂ | ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਹੜ੍ਹ ਪੀੜਤਾਂ ਲਈ ਕੀਤੇ ਉੱਚ ਪੱਧਰੀ ਰਾਹਤ ਕਾਰਜਾਂ ਕਾਰਨ ਸੰਗਤ ਦੀ ਸੰਪਰਦਾਇ ਪ੍ਰਤੀ ਪ੍ਰੇਮ ਅਤੇ ਸ਼ਰਧਾ ਵਿਚ ਅਥਾਹ ਵਾਧਾ ਹੋਇਆ ਹੈ | ਸਮਾਗਮ ਵਿਚ ਦੇਸ਼ ਭਰ ਦੀਆਂ ਸੰਗਤਾਂ ਸਮੇਤ ਕੈਨੇਡਾ, ਆਸਟ੍ਰੇਲੀਆ, ਸਿੰਘਾਪੁਰ, ਮਲੇਸ਼ੀਆ, ਬੰਗਲਾਦੇਸ਼ ਅਤੇ ਯੂਰਪ ਦੇ ਕਈ ਦੇਸ਼ਾਂ ਤੋਂ ਵੀ ਸ਼ਰਧਾਲੂ ਪਹੁੰਚੇ ਹੋਏ ਸਨ | ਸਟੇਜ ਦੀ ਸੇਵਾ ਸਿੱਖ ਚਿੰਤਕ ਤੇ ਪੰਥਕ ਬੁਲਾਰੇ ਡਾ. ਭਗਵਾਨ ਸਿੰਘ ਜੌਹਲ ਅਤੇ ਹਰਭਜਨ ਸਿੰਘ ਸੰਧੂ (ਸਕੱਤਰ ਸੰਪਰਦਾਇ) ਨੇ ਨਿਭਾਈ | ਗੁਰੂ ਕੇ ਲੰਗਰਾਂ ਵਿਚ ਕਈ ਕਿਸਮ ਦੇ ਪਦਾਰਥ ਸਾਰਾ ਦਿਨ ਅਤੁੱਟ ਵਰਤੇ | ਸਾਰਾ ਦਿਨ ਚੱਲੇ ਖੂਨਦਾਨ ਕੈਂਪ ਵਿਚ ਸੰਗਤ ਵਲੋਂ 58 ਯੂਨਿਟ ਖ਼ੂਨ ਦਾਨ ਕੀਤਾ ਗਿਆ | ਸ਼ਾਮ ਨੂੰ ਨਿਹੰਗ ਸਿੰਘ ਫੌਜਾਂ ਵਲੋਂ ਘੋੜ-ਦੌੜ ਅਤੇ ਖ਼ਾਲਸਾਈ ਜੰਗੀ ਕਰਤਬ ਦਿਖਾਏ ਗਏ | ਇਸ ਮੌਕੇ ਗਿਆਨੀ ਕਰਤਾਰ ਸਿੰਘ ਕਿਰਤੀ ਸਭਰਾਵਾਂ ਵਾਲਿਆਂ ਨੇ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਨੂੰ ਆਪਣੇ ਹੱਥੀਂ ਤਿਆਰ ਕੀਤੇ ਹੋਏ ਖੰਜਰ ਭੇਟ ਕੀਤੇ | ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ 2 ਜਨਵਰੀ ਵੀਰਵਾਰ ਨੂੰ ਅੰਮਿ੍ਤ ਸੰਚਾਰ ਹੋਵੇਗਾ ਅਤੇ ਸਮੂਹਿਕ ਅਨੰਦ ਕਾਰਜ ਵੀ ਹੋਣਗੇ |
ਸੰਤ ਤਾਰਾ ਸਿੰਘ ਅਤੇ ਸੰਤ ਚਰਨ ਸਿੰਘ ਦੀ ਬਰਸੀ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਮਨਾਈ
ਅਜੀਤ ਡੈਸਕ
02-01-2026