ਨਵੀਂ ਦਿੱਲੀ, 4 ਜਨਵਰੀ (ਏਜੰਸੀ)-ਐਨ.ਆਈ.ਏ. ਨੇ ਗੈਂਗਸਟਰ ਤੋਂ ਖਾਲਿਸਤਾਨੀ ਬਣੇ ਅਰਸ਼ ਡੱਲਾ ਨਾਲ ਜੁੜੇ 2024 ਨੀਮਰਾਨਾ ਹੋਟਲ ਗੋਲੀਬਾਰੀ ਮਾਮਲੇ 'ਚ ਸ਼ਾਮਿਲ ਦੋ ਮੁੱਖ ਸ਼ੂਟਰਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀ ਪੁਨੀਤ ਤੇ ਨਰਿੰਦਰ ਲਾਲੀ ਖਿਲਾਫ਼ ਸਨਿਚਰਵਾਰ ਨੂੰ ਰਾਜਸਥਾਨ ਦੇ ਜੈਪੁਰ ਦੀ ਇਕ ਅਦਾਲਤ 'ਚ ਆਰਮਜ਼ ਐਕਟ ਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਵੱਖ-ਵੱਖ ਅਪਰਾਧਾਂ ਲਈ ਦੋਸ਼ ਪੱਤਰ ਦਾਖ਼ਲ ਕੀਤਾ ਗਿਆ | ਜਾਂਚ ਏਜੰਸੀ ਨੇ ਦੱਸਿਆ ਕਿ ਇਨ੍ਹਾਂ ਸ਼ੂਟਰਾਂ ਨੇ ਅਸਲ 'ਚ ਗੋਲੀਬਾਰੀ ਕੀਤੀ ਸੀ ਅਤੇ ਉਹ ਨੀਮਰਾਨਾ (ਹਰਿਆਣਾ) ਦੇ ਹਾਈਵੇ ਕਿੰਗ ਹੋਟਲ ਦੇ ਮਾਲਿਕਾਂ ਨੂੰ ਧਮਕੀ ਦੇਣ ਤੇ ਉਨ੍ਹਾਂ ਤੋਂ ਜਬਰੀ ਵਸੂਲੀ ਮੰਗਣ ਦੇ ਦੋਸ਼ਾਂ 'ਚ ਵੀ ਸ਼ਾਮਿਲ ਸਨ | ਇਸ ਮਾਮਲੇ 'ਚ ਹੁਣ ਤੱਕ ਕੁਲ 9 ਦੋਸ਼ੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਜਾ ਚੁੱਕਾ ਹੈ | ਜਾਂਚ ਏਜੰਸੀ ਨੇ ਦੱਸਿਆ ਕਿ ਹੋਟਲ 'ਤੇ ਹਮਲਾ ਸਤੰਬਰ 2024 'ਚ ਨਾਮਜ਼ਦ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਬੰਬੀਹਾ ਗਰੋਹ ਦੀ ਅਗਵਾਈ ਵਾਲੇ ਖਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ-ਗੈਂਗਸਟਰ ਗਰੋਹ ਦੁਆਰਾ ਕੀਤਾ ਗਿਆ ਸੀ | ਗਰੋਹ ਦੇ ਮੈਂਬਰ ਦਿਨੇਸ਼ ਗਾਂਧੀ ਤੇ ਸੌਰਭ ਕਟਾਰੀਆ ਨੇ ਹਮਲੇ ਦੀ ਯੋਜਨਾ ਬਣਾਈ, ਜਿਸ ਨੂੰ ਪੁਨੀਤ ਤੇ ਨਰਿੰਦਰ ਨੇ ਅੰਜਾਮ ਦਿੱਤਾ ਸੀ |