ਪੁਡੁਕੋਟੱਈ (ਤਾਮਿਲਨਾਡੂ), 4 ਜਨਵਰੀ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਸ਼ਵਾਸ ਪ੍ਰਗਟਾਇਆ ਕਿ ਇਸ ਸਾਲ ਤਾਮਿਲਨਾਡੂ ਅਤੇ ਪੱਛਮੀ ਬੰਗਾਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਐੱਨ. ਡੀ. ਏ. ਜੇਤੂ ਰਹੇਗਾ | ਇਥੇ ਭਾਜਪਾ ਦੀ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ 2024 ਤੋਂ ਭਾਜਪਾ-ਐੱਨ. ਡੀ. ਏ ਦੀਆਂ ਜਿੱਤਾਂ ਨੂੰ ਗਿਣਾਇਆ, ਜਿਸ ਵਿਚ ਹਰਿਆਣਾ 'ਚ ਲਗਾਤਾਰ ਤੀਸਰੀ ਜਿੱਤ ਵੀ ਸ਼ਾਮਿਲ ਹੈ ਅਤੇ ਕਿਹਾ ਕਿ ਹੁਣ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੀ ਵਾਰੀ ਹੈ | ਕਥਿਤ ਭਿ੍ਸ਼ਟਾਚਾਰ ਨੂੰ ਲੈ ਕੇ ਸੱਤਾਧਾਰੀ ਡੀ. ਐੱਮ. ਕੇ. 'ਤੇ ਹਮਲਾ ਬੋਲਦਿਆਂ ਉਨ੍ਹਾਂ ਪੁੱਛਿਆ ਕਿ ਕੀ ਸੂਬਾ 'ਭਿ੍ਸ਼ਟ ਮੰਤਰੀਆਂ ਦੀ ਫੌਜ' ਦੇ ਨਾਲ ਪ੍ਰਗਤੀ ਕਰ ਸਕਦਾ ਹੈ | ਉਨ੍ਹਾਂ ਵੰਸ਼ਵਾਦ ਦੇ ਸ਼ਾਸਨ ਦੇ ਲਈ ਡੀ. ਐੱਮ. ਕੇ. ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਸਨੂੰ ਬਣਾਈ ਰੱਖਣ ਦਾ ਸੁਪਨਾ ਸੱਚ ਨਹੀਂ ਹੋਵੇਗਾ ਅਤੇ ਤਾਮਿਲਨਾਡੂ 'ਚ ਪਰਿਵਾਰਵਾਦ ਦੀ ਰਾਜਨੀਤੀ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ | ਭਾਜਪਾ ਦੇ ਮੁੱਖ ਗਠਜੋੜ ਸਹਿਯੋਗੀ ਏ. ਆਈ. ਏ. ਡੀ. ਐੱਮ. ਕੇ. ਦੇ ਮੁਖੀ ਏਡਪਾਦੀ ਕੇ ਪਲਾਨੀਸਵਾਮੀ ਨੇ ਸ਼ਾਹ ਦੀ ਰੈਲੀ ਦੇ ਸਮੇਂ ਦੇ ਲਗਭਗ ਨਾਲ ਹੀ ਸਲੇਮ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕੀਤਾ |