ਹਰਕਵਲਜੀਤ ਸਿੰਘ
ਚੰਡੀਗੜ੍ਹ, 27 ਜਨਵਰੀਸੁਪਰੀਮ ਕੋਰਟ ਵਲੋਂ ਪੰਜਾਬ ਤੇ ਹਰਿਆਣਾ ਨੂੰ ਆਪਸੀ ਗੱਲਬਾਤ ਰਾਹੀਂ ਸਤਲੁਜ-ਯਮੁਨਾ ਿਲੰਕ ਨਹਿਰ ਦੀ ਉਸਾਰੀ ਦਾ ਹੱਲ ਕੱਢਣ ਲਈ ਦਿੱਤੇ ਆਦੇਸ਼ਾਂ ਅਨੁਸਾਰ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦਰਮਿਆਨ ਹੋਈ 6ਵੀਂ ਬੈਠਕ ਦੌਰਾਨ ਇਸ ਮੁੱਦੇ 'ਤੇ ਗੱਲਬਾਤ ਹੋਈ | ਚੰਡੀਗੜ੍ਹ ਦੇ ਹੋਟਲ ਤਾਜ ਵਿਚ ਹੋਈ ਇਸ ਮੀਟਿੰਗ ਦੌਰਾਨ ਦੋਵਾਂ ਰਾਜਾਂ ਦੇ ਸਿੰਜਾਈ ਮੰਤਰੀ, ਮੁੱਖ ਸਕੱਤਰ ਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ | ਸੂਚਨਾ ਅਨੁਸਾਰ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਪੱਖ ਦੁਹਰਾਇਆ ਕਿ ਮਗਰਲੇ ਸਾਲਾਂ ਦੌਰਾਨ ਪੰਜਾਬ ਦੇ ਦਰਿਆਵਾਂ ਵਿਚ ਪਾਣੀ ਦੀ ਉਪਲਬਧਤਾ ਵਿਚ ਵੱਡੀ ਕਮੀ ਆਈ ਹੈ, ਜਿਸ ਕਾਰਨ ਪਾਣੀ ਦੀ ਵੰਡ ਸੰਬੰਧੀ ਕੋਈ ਵੀ ਫ਼ੈਸਲਾ ਮੌਜੂਦਾ ਉਪਲਬਧਤਾ ਅਨੁਸਾਰ ਹੀ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਵੇਲੇ ਰਾਜ ਦੀਆਂ ਪਾਣੀ ਸੰਬੰਧੀ ਆਪਣੀਆਂ ਲੋੜਾਂ ਹੀ ਪੂਰੀਆਂ ਨਹੀਂ ਹੋ ਰਹੀਆਂ ਅਤੇ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਵਾਧੂ ਪਾਣੀ ਉਪਲਬਧ ਨਹੀਂ ਹੈ | ਪੰਜਾਬ ਦੇ ਪ੍ਰਮੁੱਖ ਸਕੱਤਰ ਸਿੰਜਾਈ ਕ੍ਰਿਸ਼ਨ ਕੁਮਾਰ ਨੇ ਵੀ ਉਪਲਬਧ ਪਾਣੀ ਵਿਚ ਆਈ ਕਮੀ ਦਾ ਬਿਊਰਾ ਦਿੱਤਾ ਅਤੇ ਦੱਸਿਆ ਕਿ ਰਾਜ ਕੋਲ ਆਪਣੀ ਸਿੰਜਾਈ ਲੋੜਾਂ ਲਈ ਵੀ ਲੋੜੀਂਦਾ ਪਾਣੀ ਨਹੀਂ ਹੈ | ਇਹ ਮੀਟਿੰਗ ਜੋ ਕੋਈ 30-35 ਮਿੰਟ ਹੀ ਚੱਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਵਿਚ ਹੋਈ | ਉਨ੍ਹਾਂ ਕਿਹਾ ਕਿ ਇਹ ਮੁੱਦਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ | ਅਸੀਂ ਭਾਈ ਘਨੱਈਆ ਦੇ ਵਾਰਿਸ ਹਾਂ ਜੋ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਰਹੇ, ਲੇਕਿਨ ਹਰਿਆਣਾ ਤਾਂ ਸਾਡਾ ਦੁਸ਼ਮਣ ਨਹੀਂ, ਬਲਕਿ ਸਾਡਾ ਭਰਾ ਹੈ | ਅਸੀਂ ਵੀ ਚਾਹੁੰਦੇ ਹਾਂ ਕਿ ਇਸ ਮਸਲੇ ਦਾ ਕੋਈ ਹੱਲ ਨਿਕਲੇ, ਇਸ ਲਈ ਅੱਜ ਦੀ ਮੀਟਿੰਗ 'ਚ ਫ਼ੈਸਲਾ ਹੋਇਆ ਹੈ ਕਿ ਹੁਣ ਅੱਗੋਂ ਦੋਵਾਂ ਰਾਜਾਂ ਦੇ ਅਧਿਕਾਰੀ ਮੁਢਲੇ ਤੌਰ 'ਤੇ ਇਸ ਮਸਲੇ ਦੇ ਹੱਲ ਲਈ ਵਿਚਾਰ-ਵਟਾਂਦਰੇ ਜਾਰੀ ਰੱਖਣ ਅਤੇ ਆਪਣੀਆਂ ਸਰਕਾਰਾਂ ਨੂੰ ਇਸ ਸੰਬੰਧੀ ਰਿਪੋਰਟ ਕਰਦੇ ਰਹਿਣ | ਉਨ੍ਹਾਂ ਕਿਹਾ ਕਿ ਅਧਿਕਾਰੀ ਸੁਪਰੀਮ ਕੋਰਟ ਦੀ ਤਾਰੀਖ਼ ਦਾ ਇੰਤਜ਼ਾਰ ਕੀਤੇ ਬਿਨਾਂ ਮੀਟਿੰਗ ਕਰ ਸਕਦੇ ਹਨ, ਜੋ ਮਹੀਨੇ ਵਿਚ ਇਕ ਵਾਰ ਤੋਂ ਵੱਧ ਵੀ ਹੋ ਸਕਦੀਆਂ ਹਨ | ਮੁੱਖ ਮੰਤਰੀ ਕਿਹਾ ਕਿ ਫ਼ੈਸਲੇ ਤੇ ਬਟਵਾਰੇ ਤਾਂ ਗੱਲਬਾਤ ਰਾਹੀਂ ਬੈਠ ਕੇ ਹੀ ਹੋ ਸਕਦੇ ਹਨ | ਲੇਕਿਨ ਕਿਸੇ ਦਾ ਹੱਕ ਨਹੀਂ ਮਾਰਿਆ ਜਾਣਾ ਚਾਹੀਦਾ | ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਐਸ.ਵਾਈ.ਐਲ. ਨਹਿਰ 'ਤੇ ਉਸਾਰੀ ਕਦੋਂ ਸ਼ੁਰੂ ਹੋਵੇਗੀ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪਾਣੀ ਦੀ ਵੰਡ ਤੇ ਉਪਲੱਬਧਤਾ ਸੰਬੰਧੀ ਤਾਂ ਫ਼ੈਸਲਾ ਹੋਣ ਦੇਵੋ ਫਿਰ ਨਹਿਰ ਵੀ ਬਣ ਜਾਵੇਗੀ | ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਪਾਣੀ ਤੋਂ ਬਿਨਾਂ ਨਹਿਰ ਬਣਾ ਕੇ ਨਹਿਰ 'ਚ ਜੂਸ ਭੇਜੋਗੇ | ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅੱਜ ਕੋਈ ਬ੍ਰੇਕਿੰਗ ਨਿਊਜ਼ ਨਹੀਂ ਮਿਲਣ ਵਾਲੀ | ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਵੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੁਰੂਆਂ ਦੀ ਧਰਤੀ ਹੈ ਅਤੇ ਗੁਰੂਆਂ ਦੇ ਅਨਮੋਲ ਬਚਨ ਸਾਡੀ ਰਹਿਨੁਮਾਈ ਕਰਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਗੱਲਬਾਤ ਚੰਗੇ ਮਾਹੌਲ 'ਚ ਹੁੰਦੀ ਹੈ, ਤਾਂ ਉਸ ਦੇ ਨਤੀਜੇ ਵੀ ਚੰਗੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਹੀ ਹੋ ਰਹੀ ਹੈ ਅਤੇ ਅਗਲੇ ਦਿਨਾਂ ਦੌਰਾਨ ਅਧਿਕਾਰੀਆਂ ਦੀਆਂ ਮੀਟਿੰਗਾਂ ਜਾਰੀ ਰਹਿਣਗੀਆਂ | ਅਧਿਕਾਰੀਆਂ ਦੀਆਂ ਰਿਪੋਰਟਾਂ ਦੇ ਅਧਾਰ 'ਤੇ ਦੋਵੇਂ ਮੁੱਖ ਮੰਤਰੀ ਇਸ ਮੁੱਦੇ 'ਤੇ ਕੋਈ ਫ਼ੈਸਲੇ ਲੈਣਗੇ | ਅੱਜ ਦੀ ਮੀਟਿੰਗ ਪੰਜਾਬ ਵਲੋਂ ਮੁੱਖ ਮੰਤਰੀ ਤੋਂ ਇਲਾਵਾ ਸਿੰਜਾਈ ਮੰਤਰੀ ਬਰਿੰਦਰ ਕੁਮਾਰ ਗੋਇਲ, ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਪ੍ਰਮੁੱਖ ਸਕੱਤਰ ਸਿੰਜਾਈ ਕ੍ਰਿਸ਼ਨ ਕੁਮਾਰ ਤੇ ਦੂਜੇ ਅਧਿਕਾਰੀ ਵੀ ਹਾਜ਼ਰ ਸਨ | ਜਦੋਂ ਕਿ ਹਰਿਆਣਾ ਵਲੋਂ ਵੀ ਮੁੱਖ ਮੰਤਰੀ ਤੋਂ ਇਲਾਵਾ ਸਿੰਜਾਈ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਰਾਜ ਦੇ ਮੁੱਖ ਸਕੱਤਰ ਤੇ ਪ੍ਰਮੁੱਖ ਸਕੱਤਰ ਸਿੰਜਾਈ ਵੀ ਹਾਜ਼ਰ ਸਨ | ਇਹ ਮੀਟਿੰਗ ਜੋ ਪਹਿਲਾਂ ਹਰਿਆਣਾ ਨਿਵਾਸ ਵਿਖੇ ਰੱਖੀ ਗਈ ਸੀ ਅੱਜ ਹੋਟਲ ਤਾਜ 'ਚ ਤਬਦੀਲ ਕਰ ਦਿੱਤੀ ਗਈ ਸੀ |
ਸਾਰਥਿਕ ਮਾਹੌਲ 'ਚ ਹੋਈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ <br/>
ਅਜੀਤ ਡੈਸਕ
28-01-2026