23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਭਾਰਤ ਤੇ ਯੂਰਪੀਅਨ ਯੂਨੀਅਨ ਦਰਮਿਆਨ ਇਤਿਹਾਸਕ 'ਮੁਕਤ ਵਪਾਰ ਸਮਝੌਤੇ' ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 28-01-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਜਨਵਰੀ- ਭਾਰਤ ਅਤੇ 27 ਦੇਸ਼ਾਂ ਦੇ ਗਰੁੱਪ ਯੂਰਪੀਅਨ ਯੂਨੀਅਨ ਦਰਮਿਆਨ 18 ਸਾਲਾਂ ਦੀ ਲੰਬੀ ਗੱਲਬਾਤ ਤੋਂ ਬਾਅਦ ਮੰਗਲਵਾਰ ਨੂੰ ਹੋਏ 'ਮੁਕਤ ਵਪਾਰ ਸਮਝੌਤੇ' ਦੇ ਐਲਾਨ ਨੂੰ ਇਤਿਹਾਸਕ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਝੌਤੇ ਨੂੰ 'ਸਾਂਝੇ ਵਿਕਾਸ ਦਾ ਨਵਾਂ ਬਲੂ ਪਿ੍ੰਟ' ਕਰਾਰ ਦਿੱਤਾ | ਮੰਗਲਵਾਰ ਨੂੰ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨਿਓ ਕੋਸਟਾ ਦੀ ਮੌਜੂਦਗੀ 'ਚ ਹੋਏ ਇਸ ਸਮਝੌਤੇ ਜਿਸ ਨੂੰ 'ਮਦਰ ਆਫ਼ ਆਲ ਡੀਲ' ਭਾਵ ਹਰ ਸਮਝੌਤੇ ਦੀ ਜਨਨੀ ਕਰਾਰ ਦਿੱਤਾ ਗਿਆ, ਦਾ ਰਸਮੀ ਐਲਾਨ ਕੀਤਾ ਗਿਆ | ਉਕਤ ਸਮਝੌਤਾ ਭਾਰਤ ਅਤੇ ਈ.ਯੂ. ਦੇ 16ਵੇਂ ਸਿਖ਼ਰ ਸੰਮੇਲਨ 'ਚ ਕੀਤਾ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹੀ ਉਹ ਪਲ ਹੈ, ਜੋ ਵੱਡੇ ਬਦਲਾਅ ਦਾ ਸੰਕੇਤ ਦਿੰਦਾ ਹੈ | ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਇਹ ਸਮਝੌਤਾ ਉਸ ਵੇਲੇ ਹੋਇਆ ਹੈ ਜਦੋਂ ਅਮਰੀਕਾ ਵਲੋਂ ਲਗਾਤਾਰ ਟੈਰਿਫ਼ ਦੇ ਵਾਧੇ ਦਾ ਦਬਾਅ ਵਿਖਾਇਆ ਜਾ ਰਿਹਾ ਹੈ | ਅਜਿਹੇ ਮੌਕੇ ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਹੋਇਆ ਮੁਕਤ ਵਪਾਰ ਸਮਝੌਤਾ ਰਣਨੀਤਕ ਅਤੇ ਸੰਕੇਤਿਕ ਤੌਰ 'ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ |
ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਹੋਇਆ ਮੁਕਤ ਵਪਾਰ ਸਮਝੌਤਾ 2027 'ਚ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ | ਇਸ ਸਮਝੌਤੇ ਤੋਂ ਬਾਅਦ ਯੂਰਪੀਅਨ ਕਾਰਾਂ ਜਿਵੇਂ ਬੀ.ਐੱਮ.ਡਬਲਿਊ., ਮਰਸੀਡੀਜ਼ ਕਾਰਾਂ 'ਤੇ ਲੱਗਣ ਵਾਲੇ 110 ਫ਼ੀਸਦੀ ਟੈਕਸ ਨੂੰ ਘਟਾ ਕੇ 10 ਫ਼ੀਸਦੀ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਹਵਾਈ ਜਹਾਜ਼ ਅਤੇ ਪੁਲਾੜ ਖੇਤਰ 'ਚ ਟੈਕਸ ਖ਼ਤਮ ਕੀਤਾ ਜਾਵੇਗਾ | ਨਾਲ ਹੀ 90 ਫ਼ੀਸਦੀ ਮੈਡੀਕਲ ਉਤਪਾਦਾਂ 'ਤੇ ਟੈਕਸ ਖ਼ਤਮ ਕੀਤਾ ਜਾਵੇਗਾ ਤੇ ਇਲਾਜ ਅਤੇ ਜਾਂਚ ਵਾਲੀਆਂ ਮਸ਼ੀਨਾਂ ਵੀ ਸਸਤੀਆਂ ਹੋਣਗੀਆਂ | ਸਮਝੌਤੇ ਕਾਰਨ ਆਲਿਵ ਆਇਲ, ਮਾਰਜਰੀਨ, ਵੈਜੀਟੇਬਲ ਆਇਲ, ਵਿਦੇਸ਼ੀ ਸ਼ਰਾਬ, ਬੀਅਰ ਅਤੇ ਆਇਲ, ਮਸ਼ੀਨਰੀ ਅਤੇ ਉਦਯੋਗਿਕ ਸਾਮਾਨ ਆਦਿ ਦੀਆਂ ਕੀਮਤਾਂ ਵੀ ਭਾਰਤ 'ਚ ਘੱਟ ਹੋਣਗੀਆਂ | ਮੰਗਲਵਾਰ ਨੂੰ ਹੋਏ ਸਮਝੌਤੇ ਮੁਤਾਬਿਕ ਆਪਟੀਕਲ, ਮੈਡੀਕਲ ਅਤੇ ਸਰਜੀਕਲ ਉਪਕਰਨਾਂ ਤੇ ਯੂਰਪੀਅਨ ਯੂਨੀਅਨ ਦੇ 90 ਫ਼ੀਸਦੀ ਉਤਪਾਦਾਂ 'ਤੇ ਟੈਰਿਫ਼ ਖ਼ਤਮ ਕੀਤੇ ਜਾਣਗੇ ਜਦਕਿ ਬੀਅਰ 'ਤੇ ਟੈਰਿਫ਼ ਘਟਾ ਕੇ 50 ਫ਼ੀਸਦੀ ਅਤੇ ਵਾਈਨ 'ਤੇ 20 ਤੋਂ 30 ਫ਼ੀਸਦੀ ਤੱਕ ਘੱਟ ਕੀਤਾ ਜਾਵੇਗਾ | ਈ.ਯੂ. ਦਾ ਦਾਅਵਾ ਹੈ ਕਿ ਇਸ ਸਮਝੌਤੇ ਨਾਲ ਹਰ ਸਾਲ 4 ਅਰਬ ਯੂਰੋ ਦੀ ਡਿਊਟੀ ਬਚੇਗੀ ਅਤੇ 2032 ਤੱਕ ਭਾਰਤ-ਯੂਰਪੀਅਨ ਯੂਨੀਅਨ ਦਰਮਿਆਨ ਵਪਾਰ ਦੱੁਗਣਾ ਹੋਣ ਦੀ ਉਮੀਦ ਹੈ | ਇਸ ਤੋਂ ਇਲਾਵਾ ਈ.ਯੂ. ਭਾਰਤ ਨੂੰ ਗ੍ਰੀਨਹਾਊਸ ਸੈੱਸ ਘੱਟ ਕਰਨ ਅਤੇ ਗ੍ਰੀਨ ਤਕਨਾਲੋਜੀ ਅਤੇ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ 'ਚ ਮਦਦ ਕਰੇਗਾ | ਨਾਲ ਹੀ ਯੂਰਪੀਅਨ ਯੂਨੀਅਨ ਅਗਲੇ ਦੋ ਸਾਲਾਂ 'ਚ ਭਾਰਤ 'ਚ ਕਾਰਬਨ ਨਿਕਾਸੀ ਘੱਟ ਕਰਨ ਅਤੇ ਉਦਯੋਗਿਕ ਬਦਲਾਅ ਲਈ 5000 ਲੱਖ ਯੂਰੋ ਦੀ ਮਦਦ ਪ੍ਰਦਾਨ ਕਰੇਗਾ |
ਭਾਰਤ-ਈ.ਯੂ. ਦੇ ਰਿਸ਼ਤਿਆਂ ਦਾ ਨਵਾਂ ਅਧਿਆਏ-ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਦੋਹਾਂ ਧਿਰਾਂ ਦਰਮਿਆਨ ਹੋਏ 'ਮੁਕਤ ਵਪਾਰ ਸਮਝੌਤੇ' ਨੂੰ ਭਾਰਤ ਅਤੇ ਈ.ਯੂ. ਦੇ ਰਿਸ਼ਤਿਆਂ ਦਾ ਨਵਾਂ ਅਧਿਆਏ ਦੱਸਦਿਆਂ ਕਿਹਾ ਕਿ 27 ਜਨਵਰੀ ਨੂੰ ਭਾਰਤ ਨੇ ਯੂਰਪ ਦੇ 27 ਦੇਸ਼ਾਂ ਦੇ ਨਾਲ 'ਮੁਕਤ ਵਪਾਰ ਸਮਝੌਤੇ' 'ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਨਿਵੇਸ਼ ਨੂੰ ਉਤਸ਼ਾਹ ਮਿਲੇਗਾ, ਨਵੀਆਂ ਪਹਿਲਕਦਮੀਆਂ 'ਚ ਭਾਈਵਾਲੀਆਂ ਬਣਨਗੀਆਂ ਅਤੇ ਆਲਮੀ ਪੱਧਰ 'ਤੇ ਸਪਲਾਈ ਚੇਨ ਮਜ਼ਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਵਪਾਰ ਸਮਝੌਤਾ ਨਹੀਂ ਸਗੋਂ ਸਾਂਝੇ ਵਿਕਾਸ ਦਾ ਰੋਡਮੈਪ ਹੈ | ਮੋਦੀ ਨੇ ਇਸ ਸਮਝੌਤੇ ਨੂੰ ਅੱਜ ਦੀ ਆਲਮੀ ਵਿਵਸਥਾ ਲਈ ਜ਼ਰੂਰੀ ਦੱਸਦਿਆਂ ਕਿਹਾ ਕਿ ਇਸ ਵੇਲੇ ਦੁਨੀਆ 'ਚ ਆਲਮੀ ਵਿਵਸਥਾ ਨੂੰ ਲੈ ਕੇ ਉਥਲ-ਪੁਥਲ ਹੈ, ਅਜਿਹੇ 'ਚ ਅੰਤਰਰਾਸ਼ਟਰੀ ਸੰਸਥਾਵਾਂ 'ਚ ਸੁਧਾਰ ਬਹੁਤ ਜ਼ਰੂਰੀ ਹੋ ਗਿਆ ਹੈ |
ਅਸੀਂ ਕਰ ਵਿਖਾਇਆ-ਉਰਸੁਲਾ
ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਨੇ ਸਮਝੌਤੇ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੀ.ਐਮ. ਮੋਦੀ! ਅਸੀਂ ਕਰ ਵਿਖਾਇਆ | ਅਸੀਂ 'ਮਦਰ ਆਫ਼ ਆਲ ਡੀਲਸ' ਡਲਿਵਰ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੋ ਮਹਾਂਸ਼ਕਤੀਆਂ ਦੀ ਜਿੱਤ ਹੈ, ਜਿਸ ਨਾਲ ਲੱਖਾਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ | ਉਨ੍ਹਾਂ ਕਿਹਾ ਕਿ ਈ.ਯੂ. ਅਤੇ ਭਾਰਤ ਦੀ ਦੋਸਤੀ ਦੀ ਨਵੀਂ ਸ਼ੁਰੂਆਤ ਦਾ ਇਹ ਸਹੀ ਸਮਾਂ ਹੈ |
ਕੋਸਟਾ ਨੇ ਖ਼ੁਦ ਨੂੰ ਦੱਸਿਆ ਭਾਰਤ ਦਾ ਪ੍ਰਵਾਸੀ ਨਾਗਰਿਕ
ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੇ ਭਾਰਤ ਦੇ ਨਾਲ ਆਪਣੇ ਪੁਰਾਣੇ ਸੰਬੰਧਾਂ ਦਾ ਹਵਾਲਾ ਦਿੰਦਿਆਂ ਖ਼ੁਦ ਨੂੰ ਇਥੋਂ ਦਾ ਪ੍ਰਵਾਸੀ ਨਾਗਰਿਕ ਦੱਸਿਆ ਅਤੇ ਆਪਣਾ ਪਾਸਪੋਰਟ ਵੀ ਵਿਖਾਇਆ ਅਤੇ ਕਿਹਾ ਕਿ ਇਸ ਨਾਲ ਲੋਕਾਂ ਦੇ ਸੰਪਰਕ ਮਜ਼ਬੂਤ ਹੋਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਸ ਦਾ ਖ਼ਾਸ ਭਾਵਨਾਤਮਿਕ ਮਹੱਤਵ ਹੈ | ਕੋਸਟਾ ਨੇ ਗੋਆ ਦੇ ਨਾਲ ਜੁੜੀ ਆਪਣੀ ਪਛਾਣ 'ਤੇ ਫਖ਼ਰ ਪ੍ਰਗਟਾਉਂਦਿਆਂ ਕਿਹਾ ਕਿ ਇਥੋਂ ਮੇਰੇ ਪਿਤਾ ਦਾ ਪਰਿਵਾਰ ਆਇਆ ਹੈ | ਉਨ੍ਹਾਂ ਕਿਹਾ ਕਿ ਯੂਰਪ ਅਤੇ ਭਾਰਤ ਦਰਮਿਆਨ ਰਿਸ਼ਤਾ ਉਨ੍ਹਾਂ ਲਈ ਸਿਰਫ਼ ਅਧਿਕਾਰਕ ਨਹੀਂ ਸਗੋਂ ਨਿੱਜੀ ਹੈ | ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੀ ਵਪਾਰਕ ਗੱਲਬਾਤ ਪੂਰੀ ਕਰ ਲਈ ਹੈ | ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੀ ਭਾਈਵਾਲੀ ਅਗਲੇ ਪੱਧਰ 'ਤੇ ਲੈ ਜਾ ਰਹੇ ਹਾਂ | ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ ਅਸੀਂ ਮਿਲ ਕੇ ਆਪਣੇ ਨਾਗਰਿਕਾਂ ਨੂੰ ਠੋਸ ਮੁਨਾਫ਼ਾ ਦੇਣ ਅਤੇ ਸ਼ਾਂਤੀ, ਸਥਿਰਤਾ, ਆਰਥਿਕ ਵਿਕਾਸ ਅਤੇ ਵਿਕਾਸ ਨੂੰ ਮਜ਼ਬੂਤ ਕਰਨ ਵਾਲੀ ਆਲਮੀ ਵਿਵਸਥਾ ਬਣਾਉਣ ਲਈ ਕੰਮ ਕਰ ਰਹੇ ਹਾਂ |ਭਾਰਤ ਅਤੇ ਈ.ਯੂ. 16ਵੇਂ ਸਿਖ਼ਰ ਸੰਮੇਲਨ 'ਤੇ ਜਾਰੀ ਸਾਂਝੇ ਬਿਆਨ 'ਚ ਵੀ ਦੋਹਾਂ ਧਿਰਾਂ ਨੇ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਜਿਵੇਂ ਲੋਕਤੰਤਰ, ਮਨੁੱਖੀ ਹੱਕਾਂ, ਕਾਨੂੰਨ ਦਾ ਸ਼ਾਸਨ ਅਤੇ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਨੇਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੇ ਆਧਾਰ 'ਤੇ ਭਾਰਤ-ਈ.ਯੂ. ਰਣਨੀਤਕ ਸਾਂਝੇਦਾਰੀ ਨੂੰ ਅਗਲੇ ਪੱਧਰ ਤੱਕ ਲੈ ਜਾਣ ਦਾ ਸੰਕਲਪ ਪ੍ਰਗਟਾਇਆ |
ਭਾਰਤ 'ਚ ਖੁੱਲ੍ਹੇਗਾ ਈ.ਯੂ. ਦਾ ਪਹਿਲਾ ਲੀਗਲ ਗੇਟਵੇ ਆਫ਼ਿਸ
ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਨੇ ਭਾਰਤ 'ਚ ਈ.ਯੂ. ਦਾ ਪਹਿਲਾ ਲੀਗਲ ਗੇਟਵੇ ਆਫ਼ਿਸ ਖੋਲ੍ਹਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਹ ਦਫ਼ਤਰ ਉਨ੍ਹਾਂ ਭਾਰਤੀ ਨੌਜਵਾਨਾਂ ਅਤੇ ਪੇਸ਼ੇਵਰਾਂ ਨੂੰ ਮਦਦ ਕਰੇਗਾ, ਜੋ ਯੂਰਪ ਜਾ ਕੇ ਪੜ੍ਹਣਾ, ਕੰਮ ਕਰਨਾ ਜਾਂ ਵਸਣਾ ਚਾਹੁੰਦੇ ਹਨ | ਇਥੇ ਯੂਰਪ ਜਾਣ ਨਾਲ ਜੁੜੀ ਸਾਰੀ ਕਾਨੂੰਨੀ ਜਾਣਕਾਰੀ ਅਤੇ ਸਲਾਹ ਇਕ ਹੀ ਥਾਂ 'ਤੇ ਮਿਲੇਗੀ | ਉਰਸੁਲਾ ਨੇ ਬਿਜਨੈੱਸ ਫੋਰਮ 'ਚ ਬੋਲਦਿਆਂ ਕਿਹਾ ਕਿ 'ਮੁਕਤ ਵਪਾਰ ਸਮਝੌਤਾ' ਦੁਨੀਆ ਨੂੰ ਸਾਫ਼ ਸੰਦੇਸ਼ ਦਿੰਦਾ ਹੈ ਕਿ ਆਲਮੀ ਚੁਣੌਤੀਆਂ ਦਾ ਸਭ ਤੋਂ ਚੰਗਾ ਜਵਾਬ ਸਹਿਯੋਗ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਹਰ ਸਾਲ ਤਕਰੀਬਨ 43.5 ਹਜ਼ਾਰ ਕਰੋੜ ਰੁਪਏ ਦੇ ਟੈਰਿਫ਼ ਘੱਟ ਹੋਣਗੇ ਅਤੇ ਭਾਰਤ ਅਤੇ ਯੂਰਪ 'ਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ |
ਭਾਰਤ ਨੇ ਡੇਅਰੀ, ਅਨਾਜ, ਪੋਲਟਰੀ ਤੇ ਫਲਾਂ ਦੀ ਸੁਰੱਖਿਆ ਬਣਾਈ ਯਕੀਨੀ
ਮੰਤਰਾਲਾ ਨੇ ਕਿਹਾ ਕਿ ਖੇਤੀ ਅਤੇ ਪੋ੍ਰਸੈਸਡ ਖਾਦ ਖੇਤਰ ਨੂੰ ਵੀ ਇਸ ਐਫ.ਟੀ.ਏ. ਨਾਲ ਵੱਡਾ ਲਾਭ ਮਿਲੇਗਾ | ਚਾਹ, ਕੌਫੀ, ਮਸਾਲੇ, ਤਾਜ਼ੇ ਫਲ ਅਤੇ ਸਬਜ਼ੀਆਂ ਤੇ ਪ੍ਰੋਸੈਸਡ ਫੂਡ ਤਿਆਰ ਕਰਨ ਲਈ ਮੁਕਾਬਲੇਬਾਜ਼ੀ 'ਚ ਵਾਧਾ ਹੋਵੇਗਾ ਤੇ ਪਿੰਡਾਂ 'ਚ ਰੁਜ਼ਗਾਰ ਨੂੰ ਮਜ਼ਬੂਤੀ ਮਿਲੇਗੀ | ਭਾਰਤ ਨੇ ਡੇਅਰੀ, ਅਨਾਜ, ਪੋਲਟਰੀ, ਸੋਇਆਮੀਲ, ਕੁਝ ਫਲਾਂ ਅਤੇ ਸਬਜ਼ੀਆਂ ਵਰਗੇ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਆਖ਼ਰ ਕੌਣ ਛੱਡ ਗਿਆ ਨ.ਸ਼ਿਆਂ ਨਾਲ ਭਰਿਆ ਬੈਗ ? ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਜ਼ਬਤ ਅਗਲੀ ਖ਼ਬਰ ਸਰਬ ਪਾਰਟੀ ਮੀਟਿੰਗ 'ਚ ਵਿਰੋਧੀ ਧਿਰ ਵਲੋਂ 'ਜੀ ਰਾਮ ਜੀ' ਅਤੇ ਐਸ.ਆਈ.ਆਰ. 'ਤੇ ਚਰਚਾ ਦੀ ਮੰਗ-ਸਰਕਾਰ ਵਲੋਂ ਇਨਕਾਰ <br...
Ad Position 24