23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਰਬ ਪਾਰਟੀ ਮੀਟਿੰਗ 'ਚ ਵਿਰੋਧੀ ਧਿਰ ਵਲੋਂ 'ਜੀ ਰਾਮ ਜੀ' ਅਤੇ ਐਸ.ਆਈ.ਆਰ. 'ਤੇ ਚਰਚਾ ਦੀ ਮੰਗ-ਸਰਕਾਰ ਵਲੋਂ ਇਨਕਾਰ <br/>

Ad Position 21
No active advertisement
ਅਜੀਤ ਡੈਸਕ 28-01-2026
ਨਵੀਂ ਦਿੱਲੀ, 27 ਜਨਵਰੀ (ਉਪਮਾ ਡਾਗਾ ਪਾਰਥ)-ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਇਜਲਾਸ ਤੋਂ ਇਕ ਦਿਨ ਪਹਿਲਾਂ ਸਰਕਾਰ ਵਲੋਂ ਦੋਹਾਂ ਧਿਰਾਂ ਦੇ ਵਿਧਾਈ ਕਾਰਜਾਂ ਅਤੇ ਹੋਰ ਵਿਸ਼ਿਆਂ 'ਤੇ ਚਰਚਾ ਲਈ ਸਰਬ ਪਾਰਟੀ ਮੀਟਿੰਗ ਸੱਦੀ ਗਈ | ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ 35 ਤੋਂ ਵੱਧ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ, ਜਿਸ 'ਚ ਕਾਂਗਰਸ ਦੇ ਜੈਰਾਮ ਰਮੇਸ਼, ਕੇ. ਸੁਰੇਸ਼, ਪ੍ਰਮੋਦ ਤਿਵਾੜੀ, ਮਣਿਕਮ ਟੈਗੋਰ, ਤਿ੍ਣਮੂਲ ਕਾਂਗਰਸ ਦੀ ਸਾਗਰਿਕਾ ਘੋਸ਼, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਡੀ.ਐਮ.ਕੇ. ਦੇ ਟੀ.ਆਰ. ਬਾਲੂ ਸਮੇਤ ਕਈ ਆਗੂ ਸ਼ਾਮਿਲ ਹੋਏ | ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਨੇ ਸਰਕਾਰ 'ਤੇ ਵਿਧਾਈ ਏਜੰਡਾ ਸਾਂਝਾ ਨਾ ਕਰਨ ਦਾ ਦੋਸ਼ ਲਗਾਇਆ | ਜਿਸ 'ਤੇ ਸਰਕਾਰ ਦਾ ਪੱਖ ਰੱਖਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਨ ਤੋਂ ਬਾਅਦ ਸਰਕਾਰ ਆਪਣਾ ਵਿਧਾਈ ਏਜੰਡਾ ਸਾਂਝਾ ਕਰਦੀ ਹੈ | ਵਿਰੋਧੀ ਧਿਰਾਂ ਨੇ ਬੈਠਕ 'ਚ ਮਗਨਰੇਗਾ ਕਾਨੂੰਨ ਦੀ ਥਾਂ 'ਤੇ ਲਿਆਂਦੇ ਨਵੇਂ ਕਾਨੂੰਨ 'ਵਿਕਸਤ ਭਾਰਤ, ਗਾਰੰਟੀ ਫਾਰ ਰੁਜ਼ਗਾਰ ਆਜੀਵਿਕਾ ਮਿਸ਼ਨ ਗ੍ਰਾਮੀਣ' ਅਤੇ ਮੰਗਲਵਾਰ ਨੂੰ ਭਾਰਤ-ਯੂਰਪੀਅਨ ਯੂਨੀਅਨ ਦੇ ਨਾਲ ਹੋਏ 'ਮੁਕਤ ਵਪਾਰ ਸਮਝੌਤੇ 'ਤੇ ਚਰਚਾ ਦੀ ਮੰਗ ਕੀਤੀ | ਇਸ ਤੋਂ ਇਲਾਵਾ ਓਡੀਸ਼ਾ 'ਚ ਸੰਕਟ 'ਚ ਫਸੇ ਕਿਸਾਨਾਂ ਅਤੇ ਭਾਜਪਾ ਸ਼ਾਸਿਤ ਰਾਜਾਂ 'ਚ ਵਿਗੜਦੀ ਕਾਨੂੰਨ ਵਿਵਸਥਾ 'ਤੇ ਵੀ ਚਰਚਾ ਦੀ ਮੰਗ ਕੀਤੀ | ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬੁੱਧਵਾਰ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਇਜਲਾਸ 'ਚ ਮੋਦੀ ਸਰਕਾਰ ਦੀ ਵਿਦੇਸ਼ ਨੀਤੀ, ਅਮਰੀਕੀ ਟੈਰਿਫ਼, ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 'ਚ ਗਿਰਾਵਟ, ਮਗਨਰੇਗਾ ਨੂੰ ਖ਼ਤਮ ਕੀਤੇ ਜਾਣ, ਐਸ.ਆਈ.ਆਰ. ਅਤੇ ਹੋਰ ਜਨਹਿਤ ਮੁੱਦਿਆਂ ਨੂੰ ਉਠਾਏਗੀ | ਕਿਰਨ ਰਿਜਿਜੂ ਨੇ ਮਗਨਰੇਗਾ ਦੀ ਥਾਂ 'ਤੇ ਲਿਆਂਦੇ ਨਵੇਂ ਕਾਨੰੂਨ ਵਿਕਸਤ ਭਾਰਤ-ਗਾਰੰਟੀ ਫਾਰ ਰੁਜ਼ਗਾਰ ਅਜੀਵਿਕਾ ਮਿਸ਼ਨ-ਗ੍ਰਾਮੀਣ (ਵੀ.ਬੀ.-ਜੀ ਰਾਮ ਜੀ) ਕਾਨੂੰਨ ਅਤੇ ਐਸ.ਆਈ.ਆਰ. 'ਤੇ ਵਿਰੋਧੀ ਧਿਰਾਂ ਵਲੋਂ ਚਰਚਾ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਇਕ ਵਾਰ ਜਦੋਂ ਕਾਨੂੰਨ ਦੇਸ਼ ਦੇ ਸਾਹਮਣੇ ਆ ਜਾਂਦਾ ਹੈ ਤਾਂ ਸਾਨੂੰ ਉਸ ਦਾ ਪਾਲਣ ਕਰਨਾ ਪੈਂਦਾ ਹੈ | ਅਸੀਂ ਰਿਵਰਸ ਗੇਅਰ ਲਾ ਕੇ ਪਿੱਛੇ ਨਹੀਂ ਜਾ ਸਕਦੇ | ਬੁੱਧਵਾਰ ਨੂੰ ਸੰਸਦ ਦੇ ਬਜਟ ਇਜਲਾਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੋਵਾਂ ਸਦਨਾਂ ਦੇ ਸਾਂਝੇ ਸੰਬੋਧਨ ਨਾਲ ਹੋਵੇਗੀ, ਜਿਸ 'ਚ ਸਰਕਾਰ ਦੀਆਂ ਨੀਤੀਆਂ, ਉਪਲਬਧੀਆਂ ਅਤੇ ਵਿਧਾਈ ਏਜੰਡੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਸ ਤੋਂ ਬਾਅਦ ਆਰਥਿਕ ਸਰਵੇਖਣ ਵੀ ਪੇਸ਼ ਕੀਤਾ ਜਾਵੇਗਾ, ਜਿਸ 'ਚ ਆਰਥਿਕ ਮੋਰਚੇ 'ਤੇ ਸਰਕਾਰ ਦੀ ਸਥਿਤੀ ਅਤੇ ਭਵਿੱਖ ਦੇ ਖਾਕੇ ਬਾਰੇ ਅੰਕੜੇ ਪੇਸ਼ ਕੀਤੇ ਜਾਣਗੇ | ਇਕ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਾਲ 2026-27 ਦਾ ਬਜਟ ਪੇਸ਼ ਕਰਨਗੇ | ਇਹ ਉਨ੍ਹਾਂ ਦਾ ਲਗਾਤਾਰ ਨੌਵਾਂ ਪੂਰਨ ਬਜਟ ਹੋਵੇਗਾ | ਬਜਟ ਇਜਲਾਸ ਦਾ ਪਹਿਲਾ ਪੜਾਅ 28 ਜਨਵਰੀ ਤੋਂ 13 ਫਰਵਰੀ ਤੱਕ ਹੋਵੇਗਾ | ਜਦਕਿ ਦੂਜਾ ਪੜਾਅ 9 ਮਾਰਚ ਤੋਂ 2 ਅਪ੍ਰੈਲ ਤੱਕ ਚੱਲੇਗਾ |

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਯੂਰਪੀਅਨ ਯੂਨੀਅਨ ਦਰਮਿਆਨ ਇਤਿਹਾਸਕ 'ਮੁਕਤ ਵਪਾਰ ਸਮਝੌਤੇ' ਦਾ ਐਲਾਨ <br/> ਅਗਲੀ ਖ਼ਬਰ ਅਡਾਨੀ ਤੇ ਐਂਬਰੇਅਰ ਦੇ ਵਿਚਕਾਰ ਹੋਇਆ ਵੱਡਾ 'ਕਰਾਰ' <br/>
Ad Position 24