ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅਮਰੀਕਾ ਤੇ ਈਰਾਨ ਦਰਮਿਆਨ ਜੰਗ ਦਾ ਖ਼ਤਰਾ ਸਿਖ਼ਰ 'ਤੇ, ਟਰੰਪ ਨੇ ਦਿੱਤੀ ਧਮਕੀ

Ad Position 21
No active advertisement
ਅਜੀਤ ਡੈਸਕ 31-01-2026

• ਜੰਗ ਨਾਲ ਭਾਰਤ ਦਾ ਹੋਵੇਗਾ ਨੁਕਸਾਨ, ਤੁਰਕੀ ਵਲੋਂ ਜੰਗ ਰੋਕਣ ਲਈ ਵਿਚੋਲਗੀ • ਰੂਸ, ਚੀਨ ਤੇ ਉੱਤਰੀ ਕੋਰੀਆ ਦਾ ਈਰਾਨ ਨੂੰ ਸਮਰਥਨ
ਹਰਜਿੰਦਰ ਸਿੰਘ ਲਾਲ

ਖੰਨਾ, 30 ਜਨਵਰੀ-ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਹੁਣ ਸਿਖ਼ਰ 'ਤੇ ਪਹੁੰਚ ਗਿਆ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ ਸਾਈਟ ਟਰੁਥ ਸੋਸ਼ਲ 'ਤੇ ਸਾਫ਼-ਸਾਫ਼ ਧਮਕੀ ਦਿੱਤੀ ਹੈ ਕਿ ਇਕ ਵੱਡਾ ਆਰਮਾਡਾ (ਜੰਗੀ ਜਹਾਜ਼ਾਂ ਦਾ ਬੇੜਾ) ਈਰਾਨ ਵੱਲ ਜਾ ਰਿਹਾ ਹੈ | ਇਹ ਤੇਜ਼ੀ, ਜੋਸ਼ ਅਤੇ ਉਦੇਸ਼ ਨਾਲ ਅੱਗੇ ਵਧ ਰਿਹਾ ਹੈ | ਇਹ ਬੇੜਾ ਯੂ.ਐਸ.ਐਸ. ਅਬਰਾਹਿਮ ਲਿੰਕਨ ਏਅਰਕਰਾਫਟ ਕੈਰੀਅਰ ਦੀ ਅਗਵਾਈ ਵਿਚ ਚੱਲ ਰਿਹਾ ਹੈ | ਇਹ ਬੇੜਾ ਵੈਨੇਜ਼ੂਏਲਾ ਵੱਲ ਭੇਜੇ ਗਏ ਬੇੜੇ ਤੋਂ ਵੀ ਵੱਡਾ ਹੈ | ਟਰੰਪ ਨੇ ਇਹ ਚਿਤਾਵਨੀ ਵੀ ਦੇ ਦਿੱਤੀ ਹੈ ਕਿ ਈਰਾਨ ਨੂੰ ਨਿਊਕਲੀਅਰ (ਐਟਮੀ) ਸਮਝੌਤੇ ਲਈ ਮੇਜ਼ 'ਤੇ ਆਉਣਾ ਚਾਹੀਦਾ ਹੈ, ਨਹੀਂ ਤਾਂ ਅਗਲਾ ਹਮਲਾ ਪਹਿਲਾਂ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗਾ | ਯੂ. ਐੱਸ. ਐੱਸ. ਅਬਰਾਹਿਮ ਲਿੰਕਨ ਐਟਮੀ ਤਾਕਤ ਵਾਲਾ ਏਅਰਕਰਾਫਟ ਕੈਰੀਅਰ ਹੈ, ਜਿਸ ਵਿਚ ਗਾਈਡਿਡ ਮਿਸਾਈਲ ਡਿਸਟ੍ਰਾਇਰ ਵੀ ਸ਼ਾਮਿਲ ਹਨ | ਇਸ ਬੇੜੇ ਨਾਲ ਕਰੀਬ 7,000 ਅਮਰੀਕੀ ਸੈਨਿਕ ਅਤੇ ਮਰੀਨ ਫ਼ੌਜੀ ਤਾਇਨਾਤ ਹਨ | ਇਸ ਬੇੜੇ ਵਿਚ 6-353 ਸਟੈਲਥ ਫਾਈਟਰ ਜਹਾਜ਼, ਇਲੈੱਕਟ੍ਰਾਨਿਕ ਵਾਰਫੇਅਰ ਅਤੇ ਹੋਰ ਹਥਿਆਰ ਵੀ ਹਨ, ਜੋ ਹਜ਼ਾਰਾਂ ਕਿੱਲੋਮੀਟਰ ਦੇ ਘੇਰੇ ਵਿਚ ਹਮਲੇ ਕਰ ਸਕਦੇ ਹਨ | ਇਸ ਤੋਂ ਇਲਾਵਾ ਈਰਾਨ ਦੇ ਆਸ-ਪਾਸ ਮੱਧ ਪੂਰਬ ਵਿਚ ਪਹਿਲਾਂ ਹੀ ਅਮਰੀਕੀ ਅੱਡਿਆਂ ਵਿਚ ਕਰੀਬ 40,000 ਸੈਨਿਕ ਤਾਇਨਾਤ ਹਨ, ਜੋ ਕਤਰ ਦੇ ਅਲ ਉਦੈਦ ਏਅਰ ਬੇਸ, ਜਾਰਡਨ, ਸੀਰੀਆ, ਇਰਾਕ ਆਦਿ ਵਿਚ ਹਰ ਘੜੀ ਮੌਜੂਦ ਰਹਿੰਦੇ ਹਨ | ਅਮਰੀਕਾ ਨੇ ਸਟ੍ਰਾਈਕ ਈਗਲ ਲੜਾਕੂ ਜਹਾਜ਼, ਥਾਡ ਅਤੇ ਪੈਟਰੀਓਟ ਡਿਫੈਂਸ ਸਿਸਟਮ, ਐੱਮ. ਕਿਊ.-1 ਰੀਪਰ ਕਿਸਮ ਦੇ ਖ਼ਤਰਨਾਕ ਡਰੋਨ, ਉੱਡਦੇ ਜਹਾਜ਼ਾਂ ਵਿਚ ਤੇਲ ਭਰਨ ਲਈ ਰਿਫਿਊਲਿੰਗ ਟੈਂਕਰ ਅਤੇ ਹੋਰ ਕਈ ਤਰ੍ਹਾਂ ਦੇ ਹਥਿਆਰ ਵੀ ਈਰਾਨ ਦੇ ਆਸ-ਪਾਸ ਜਮ੍ਹਾਂ ਕਰ ਲਏ ਹਨ |
ਈਰਾਨ ਦਾ ਸਖ਼ਤ ਅਤੇ ਸਪੱਸ਼ਟ ਜਵਾਬ
ਦੂਜੇ ਪਾਸੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਹੈ ਕਿ ਈਰਾਨੀ ਫ਼ੌਜ ਤਿਆਰ ਹੈ | ਕਿਸੇ ਵੀ ਹਮਲੇ ਦਾ ਤੁਰੰਤ ਅਤੇ ਤਾਕਤਵਰ ਜਵਾਬ ਦਿੱਤਾ ਜਾਵੇਗਾ | ਉਨ੍ਹਾਂ ਸਾਫ਼ ਕਿਹਾ ਕਿ ਧਮਕੀਆਂ ਵਾਲੇ ਮਾਹੌਲ ਵਿਚ ਐਟਮੀ ਸਮਝੌਤੇ ਬਾਰੇ ਕੋਈ ਗੱਲਬਾਤ ਨਹੀਂ ਹੋ ਸਕਦੀ | ਈਰਾਨੀ ਫ਼ੌਜ ਦੇ ਮੇਜਰ ਜਨਰਲ ਅਮੀਰ ਹਤਾਮੀ ਨੇ ਦਾਅਵਾ ਕੀਤਾ ਹੈ ਕਿ ਜੂਨ 2025 ਦੀ ਜੰਗ ਤੋਂ ਬਾਅਦ ਈਰਾਨ ਨੇ ਹਜ਼ਾਰਾਂ ਸਮੁੰਦਰੀ ਅਤੇ ਜ਼ਮੀਨੀ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਦਾ ਵੱਡਾ ਜ਼ਖ਼ੀਰਾ ਖੜ੍ਹਾ ਕੀਤਾ ਹੈ ਜੋ ਹਰ ਹਮਲੇ ਦਾ ਜਵਾਬ ਦੇ ਸਕਦਾ ਹੈ | ਈਰਾਨੀ ਸਮੁੰਦਰੀ ਫ਼ੌਜ ਦੇ ਅਧਿਕਾਰੀ ਅਤੇ ਸਿਆਸੀ ਨੇਤਾ ਅਲੀ ਸ਼ਾਮਖਾਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਾਡੇ 'ਤੇ ਹਮਲਾ ਹੋਇਆ ਤਾਂ ਜਵਾਬ ਤੇਲ ਅਵੀਵ ਦੇ ਦਿਲ 'ਤੇ ਹਮਲਾ ਕਰ ਕੇ ਦਿੱਤਾ ਜਾਵੇਗਾ | ਗੌਰਤਲਬ ਹੈ ਕਿ ਮੀਡੀਆ ਵਿਚ ਈਰਾਨ ਵਲੋਂ ਅਮਰੀਕਾ ਤੱਕ ਮਾਰ ਕਰਨ ਵਾਲੀ 10 ਹਜ਼ਾਰ ਕਿੱਲੋਮੀਟਰ ਦੀ ਰੇਂਜ ਵਾਲੀ ਆਈ. ਸੀ. ਬੀ. ਐੱਮ. ਮਿਜ਼ਾਈਲ ਬਣਾਉਣ ਦਾ ਉਸ ਦਾ ਰੂਸੀ ਸਮੁੰਦਰ ਵਿਚ ਤਜਰਬਾ ਕਰ ਲਏ ਜਾਣ ਦੀ ਵੀ ਚਰਚਾ ਹੈ |
ਅਰਬ ਮੁਲਕਾਂ ਨੇ ਜੰਗ 'ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰ
ਸਾਊਦੀ ਅਰਬ ਅਤੇ ਯੂ. ਏ. ਈ. ਨੇ ਅਮਰੀਕਾ ਨਾਲ ਜੰਗ ਵਿਚ ਆਪਣੀ ਜ਼ਮੀਨ, ਹਵਾਈ ਖੇਤਰ ਜਾਂ ਸਮੁੰਦਰ ਨੂੰ ਈਰਾਨ ਵਿਰੁੱਧ ਹਮਲੇ ਲਈ ਵਰਤਣ ਤੋਂ ਇਨਕਾਰ ਕਰ ਦਿੱਤਾ ਹੈ | ਸਾਊਦੀ ਕਰਾਊਨ ਪਿ੍ੰਸ ਮੁਹੰਮਦ ਬਿਨ ਸਲਮਾਨ ਨੇ ਈਰਾਨ ਨਾਲ ਗੱਲਬਾਤ ਅਤੇ ਤਣਾਅ ਘਟਾਉਣ 'ਤੇ ਜ਼ੋਰ ਦਿੱਤਾ ਹੈ, ਜਦੋਂਕਿ ਕੁਵੈਤ ਅਤੇ ਕਤਰ ਵੀ ਜੰਗ ਰੋਕਣ ਲਈ ਕੂਟਨੀਤਿਕ ਕੋਸ਼ਿਸ਼ਾਂ ਵਿਚ ਸ਼ਾਮਿਲ ਹੋ ਗਏ ਹਨ ਅਤੇ ਤੁਰਕੀ ਵੀ ਜੰਗ ਰੋਕਣ ਲਈ ਵਿਚੋਲਗੀ ਕਰ ਰਿਹਾ ਹੈ | ਅਰਬ ਮੁਲਕ ਈਰਾਨ 'ਤੇ ਅਮਰੀਕੀ ਹਮਲੇ ਨੂੰ ਆਪਣੇ ਹਿਤਾਂ ਵਿਰੁੱਧ ਮੰਨਦੇ ਹਨ |
ਜੇ ਜੰਗ ਹੋਈ ਤਾਂ ਭਾਰਤ 'ਤੇ ਪਵੇਗਾ ਬੁਰਾ ਅਸਰ
ਭਾਰਤ ਈਰਾਨ ਅਤੇ ਕਈ ਹੋਰ ਮੁਲਕਾਂ ਤੋਂ ਜੋ ਤੇਲ ਆਯਾਤ ਕਰਦਾ ਹੈ ਉਸ ਦੀ ਦਰਾਮਦ ਸਟ੍ਰੇਟ ਆਫ਼ ਹਾਰਮੁਜ਼ ਖਾੜੀ ਰਾਹੀਂ ਹੁੰਦੀ ਹੈ | ਜੇ ਜੰਗ ਹੋਈ ਤਾਂ ਇਹ ਪੱਕਾ ਹੈ ਕਿ ਈਰਾਨ ਹਾਰਮੁਜ਼ ਖਾੜੀ ਨੂੰ ਬੰਦ ਕਰੇਗਾ, ਜਿਸ ਨਾਲ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਵੇਗਾ | ਜਿਸ ਨਾਲ ਭਾਰਤ ਵਿਚ ਮਹਿੰਗਾਈ, ਬੇਰੁਜ਼ਗਾਰੀ ਅਤੇ ਵਪਾਰਕ ਘਾਟਾ ਵਧੇਗਾ | ਪਹਿਲਾਂ ਹੀ ਭਾਰਤ ਅਮਰੀਕੀ-ਈਰਾਨੀ ਤਣਾਅ ਦੇ ਦਬਾਅ ਵਿਚ ਈਰਾਨ ਦੀ ਚਾਬਹਾਰ ਬੰਦਰਗਾਹ ਜੋ ਭਾਰਤੀ ਕੰਪਨੀ ਇੰਡੀਆ ਪੋਰਟਸ ਗਲੋਬਲ ਲਿਮਟਿਡ ਚਲਾਉਂਦੀ ਸੀ ਤੋਂ ਭਾਰਤ ਨੰੂ ਪਿੱਛੇ ਹਟਣਾ ਪਿਆ ਹੈ |
ਰੂਸ, ਚੀਨ ਅਤੇ ਉੱਤਰੀ ਕੋਰੀਆ ਦਾ ਰੁਖ਼, ਤੀਜੀ ਵਿਸ਼ਵ ਜੰਗ ਦਾ ਖ਼ਤਰਾ
ਰੂਸ ਅਤੇ ਚੀਨ ਈਰਾਨ ਦੇ ਸਭ ਤੋਂ ਵੱਡੇ ਸਮਰਥਕ ਹਨ | ਚੀਨ ਈਰਾਨ ਦੇ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ ਅਤੇ ਰੂਸ ਸਭ ਤੋਂ ਵੱਡਾ ਹਥਿਆਰ ਵਿਕਰੇਤਾ ਹੈ, ਜਦੋਂਕਿ ਉੱਤਰੀ ਕੋਰੀਆ ਵੀ ਈਰਾਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ | ਇਹ ਸਪੱਸ਼ਟ ਹੈ ਕਿ ਇਹ ਤਿੰਨੇ ਹੀ ਅਮਰੀਕੀ ਹਮਲੇ ਦਾ ਵਿਰੋਧ ਕਰਨਗੇ ਅਤੇ ਈਰਾਨ ਨੂੰ ਸਮਰਥਨ ਦੇਣਗੇ, ਜਿਸ ਨਾਲ ਇਸ ਜੰਗ ਦੇ ਵਿਸ਼ਵ ਜੰਗ ਵਿਚ ਬਦਲਣ ਦੇ ਆਸਾਰ ਵੀ ਹੋ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮੋਦੀ ਨੇ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਰੋਡਰਿਗਜ਼ ਨਾਲ ਕੀਤੀ ਗੱਲਬਾਤ ਅਗਲੀ ਖ਼ਬਰ ਟਰੰਪ ਵਲੋਂ ਕੈਨੇਡਾ 'ਚ ਬਣੇ ਜਹਾਜ਼ਾਂ 'ਤੇ 50 ਫ਼ੀਸਦੀ ਟੈਕਸ ਲਾਉਣ ਦੀ ਚਿਤਾਵਨੀ <br/>
Ad Position 24
No active advertisement