ਨਵੀਂ ਦਿੱਲੀ, 30 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਦੀ ਸਵਾਟ ਕਮਾਂਡੋ 27 ਸਾਲਾ ਕਾਜਲ ਚੌਧਰੀ ਦੀ ਉਸ ਦੇ ਪਤੀ ਦੁਆਰਾ ਕਥਿਤ ਤੌਰ 'ਤੇ ਕੀਤੀ ਗਈ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਦੇ ਪਤੀ ਅਤੇ ਸਹੁਰਿਆਂ 'ਤੇ ਗੰਭੀਰ ਦੋਸ਼ ਲਗਾਏ ਹਨ | ਕਾਜਲ ਦੇ ਭਰਾ ਨਿਖਿਲ ਅਨੁਸਾਰ ਹੱਤਿਆ ਤੋਂ ਪਹਿਲਾਂ ਦੇ ਪਲ ਬਹੁਤ ਭਿਆਨਕ ਸਨ, ਜਦੋਂ ਉਹ ਆਪਣੀ ਭੈਣ ਦੀਆਂ ਚੀਕਾਂ ਸੁਣ ਕੇ ਵੀ ਕੁਝ ਨਹੀਂ ਕਰ ਸਕਿਆ | ਭੈਣ ਦੇ ਪਤੀ ਨੇ ਉਸ ਨੂੰ ਕਿਹਾ ਸੀ ਕਿ 'ਮੈਂ ਤੇਰੀ ਭੈਣ ਨੂੰ ਮਾਰ ਰਿਹਾ ਹਾਂ | ਪੁਲਿਸ ਮੇਰਾ ਕੁਝ ਵੀ ਨਹੀਂ ਕਰ ਸਕੇਗੀ |' ਪਤੀ ਦੁਆਰਾ ਕੁੱਟਮਾਰ ਕੀਤੇ ਜਾਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ 4 ਮਹੀਨੇ ਦੀ ਗਰਭਵਤੀ ਕਾਜਲ ਦੀ 27 ਜਨਵਰੀ ਨੂੰ ਹਸਪਤਾਲ ਵਿਚ ਮੌਤ ਹੋ ਗਈ | ਦੋਸ਼ ਹੈ ਕਿ ਕਾਜਲ ਦੇ ਪਤੀ ਅੰਕੁਰ ਨੇ ਉਸ ਨੂੰ ਕਈ ਦਿਨਾਂ ਤੱਕ ਕੁੱਟਿਆ ਸੀ | ਅੰਕੁਰ ਰੱਖਿਆ ਮੰਤਰਾਲੇ ਵਿਚ ਕਲਰਕ ਸੀ ਅਤੇ ਦਿੱਲੀ ਕੈਂਟ ਵਿਚ ਤਾਇਨਾਤ ਸੀ | ਇਸ ਜੋੜੇ ਦਾ ਡੇਢ ਸਾਲ ਦਾ ਇਕ ਪੁੱਤਰ ਹੈ, ਜੋ ਇਸ ਸਮੇਂ ਆਪਣੇ ਨਾਨਾ-ਨਾਨੀ ਨਾਲ ਰਹਿ ਰਿਹਾ ਹੈ | ਨਿਖਿਲ ਨੇ ਕੰਬਦੀ ਆਵਾਜ਼ ਵਿਚ 22 ਜਨਵਰੀ ਦੀ ਉਸ ਭਿਆਨਕ ਘਟਨਾ ਦੇ ਬਾਰੇ ਦੱਸਿਆ ਜਦੋਂ ਕਾਜਲ ਦੇ ਪਤੀ ਅੰਕੁਰ ਨੇ ਕਥਿਤ ਤੌਰ 'ਤੇ ਇਕ ਭਾਰੀ ਡੰਬਲ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ ਸੀ | ਨਿਖਿਲ ਨੇ ਕਿਹਾ ਕਿ ਅੰਕੁਰ ਨੇ ਮੈਨੂੰ ਫ਼ੋਨ 'ਤੇ ਗੱਲਬਾਤ ਰਿਕਾਰਡ ਕਰਨ ਲਈ ਕਿਹਾ ਸੀ ਅਤੇ ਕਿਹਾ ਕਿ ਇਸ ਨੂੰ ਪੁਲਿਸ ਸਬੂਤ ਵਜੋਂ ਵਰਤ ਸਕਦੀ ਹੈ | ਫਿਰ ਉਸ ਨੇ ਮੈਨੂੰ ਦੱਸਿਆ ਉਹ ਉਸ ਨੂੰ (ਕਾਜਲ) ਨੂੰ ਮਾਰ ਰਿਹਾ ਹੈ ਅਤੇ ਫਿਰ ਮੈਂ ਉਸ ਦੀਆਂ ਚੀਕਾਂ ਸੁਣੀਆਂ | ਰੱਖਿਆ ਮੰਤਰਾਲੇ ਵਿਚ ਕਲਰਕ ਉਸ ਦੇ ਪਤੀ ਅੰਕੁਰ ਨੂੰ ਹਮਲੇ ਦੇ ਕੁਝ ਘੰਟਿਆਂ ਬਾਅਦ ਹੀ ਗਿ੍ਫ਼ਤਾਰ ਕਰ ਲਿਆ ਗਿਆ | ਕਾਜਲ ਅਤੇ ਅੰਕੁਰ ਇਕ-ਦੂਜੇ ਨੂੰ ਪਾਣੀਪਤ ਵਿਚ ਆਪਣੇ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ ਤੇ 23 ਨਵੰਬਰ, 2023 ਨੂੰ ਉਨ੍ਹਾਂ ਦਾ ਵਿਆਹ ਹੋਇਆ ਸੀ | ਪਰਿਵਾਰ ਅਨੁਸਾਰ ਹਰਿਆਣਾ ਦੇ ਗਨੌਰ ਵਿਚ ਆਪਣੇ ਜੱਦੀ ਘਰ ਵਿਚ ਅਕਸਰ ਝਗੜਾ ਹੋਣ ਦੇ ਕਾਰਨ ਉਹ ਦਸੰਬਰ 2024 ਵਿਚ ਪੱਛਮੀ ਦਿੱਲੀ ਦੇ ਮੋਹਨ ਗਾਰਡਨ ਵਿਚ ਕਿਰਾਏ ਦੇ ਮਕਾਨ ਵਿਚ ਚਲੇ ਆਏ | ਹਾਲਾਂਕਿ ਇਥੇ ਵੀ ਲੜਾਈ-ਝਗੜਾ ਜਾਰੀ ਰਿਹਾ | ਪੁਲਿਸ ਨੇ ਦੱਸਿਆ ਕਿ ਆਰਥਿਕ ਤੰਗੀਆਂ ਅਤੇ ਘਰੇਲੂ ਝਗੜਾ ਵੀ ਤਣਾਅ ਦੇ ਕਾਰਨ ਸਨ | ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋੜੇ ਨੇ ਕਰਜ਼ਾ ਲੈ ਰੱਖਿਆ ਸੀ ਅਤੇ ਅਕਸਰ ਘਰੇਲੂ ਖਰਚਿਆਂ ਨੂੰ ਲੈ ਕੇ ਬਹਿਸ ਕਰਦੇ ਰਹਿੰਦੇ ਸਨ | ਪੁਲਿਸ ਅਧਿਕਾਰੀ ਨੇ ਕਿਹਾ ਕਿ ਅੰਕੁਰ ਨੇ ਪਹਿਲਾਂ ਕਾਜਲ ਦੇ ਸਿਰ ਨੂੰ ਦਰਵਾਜ਼ੇ ਦੇ ਫਰੇਮ ਨਾਲ ਮਾਰਿਆ, ਫਿਰ ਡੰਬਲ ਨਾਲ ਉਸ 'ਤੇ ਹਮਲਾ ਕੀਤਾ | ਮਿ੍ਤਕਾ ਦੇ ਭਰਾ ਨਿਖਿਲ ਦੀ ਸ਼ਿਕਾਇਤ ਦੇ ਆਧਾਰ 'ਤੇ ਮੋਹਨ ਗਾਰਡਨ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ |