ਏ.ਆਈ. ਸਹਿਯੋਗ ਤੇ ਨਿਵੇਸ਼ ਦੇ ਮੌਕਿਆਂ 'ਤੇ ਦਿੱਤਾ ਜ਼ੋਰ
ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਇੰਪੈਕਟ ਸਿਖ਼ਰ ਸੰਮੇਲਨ ਦੌਰਾਨ ਵੱਖ-ਵੱਖ ਆਗੂਆਂ ਨਾਲ ਹੋਈਆਂ ਮੀਟਿੰਗਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸਮਝਦਾਰੀ ਭਰੀ, ਅਗਲੇਰੀ ਸੋਚ ਵਾਲੀ ਅਤੇ ਵਿਕਾਸ ਦੇ ਮੌਕੇ ਖੋਲ੍ਹਣ 'ਤੇ ਕੇਂਦਰਿਤ ਦੱਸਿਆ | ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਰੱਕੀ ਅਤੇ ਵਿਕਾਸ ਦੇ ਲਈ ਏ.ਆਈ. ਦੀ ਵਰਤੋਂ ਕਰਨ ਲਈ ਸਾਂਝੀ ਵਚਨਬੱਧਤਾ ਵੇਖਣਾ ਖ਼ਸ਼ੀ ਦੀ ਗੱਲ ਸੀ | ਉਨ੍ਹਾਂ ਕਿਹਾ ਕਿ ਸੀ.ਈ.ਓ. ਗੋਲਮੇਜ਼ 'ਚ ਏ.ਆਈ. ਤਕਨੀਕ ਅਤੇ ਨਵੀਆਂ ਪਹਿਲਕਦਮੀਆਂ ਦੀ ਦੁਨੀਆ ਦੀਆਂ ਵੱਖ-ਵੱਖ ਧਿਰਾਂ ਇਕੱਠੀਆਂ ਆਈਆਂ | ਚਰਚਾਵਾਂ ਸਮਝਦਾਰੀ ਭਰੀਆਂ ਅਤੇ ਅਗਾਂਹਵਧੂ ਸੋਚ ਵਾਲੀਆਂ ਸਨ, ਜੋ ਏ.ਆਈ. ਨੂੰ ਜ਼ਿੰਮੇਵਾਰੀ ਨਾਲ ਵਧਾਉਣ, ਆਲਮੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਦੇ ਮੌਕਿਆਂ ਨੂੰ ਖੋਲ੍ਹਣ 'ਤੇ ਕੇਂਦਰਿਤ ਸਨ | ਇਸ ਤੋਂ ਪਹਿਲਾਂ ਸਿਖ਼ਰ ਸੰਮੇਲਨ 'ਚ ਆਪਣੀ ਗੱਲ ਰੱਖਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਸਿਖ਼ਰ ਸੰਮੇਲਨ ਇਕ ਮਨੁੱਖੀ ਕੇਂਦਰਿਤ ਅਤੇ ਸੰਵੇਦਨਸ਼ੀਲ ਏ.ਆਈ. ਈਕੋਸਿਸਟਮ ਬਣਾਉਣ 'ਚ ਅਹਿਮ ਭੂਮਿਕਾ ਨਿਭਾਏਗਾ | ਉਨ੍ਹਾਂ ਇਕ ਅਜਿਹਾ ਖਾਕਾ ਬਣਾਉਣ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ, ਜੋ ਸਮੇਂ ਸਿਰ ਚੰਗੇ ਇਰਾਦਿਆਂ ਵਾਲੇ ਅਤੇ ਸਹੀ ਫ਼ੈਸਲਿਆਂ ਰਾਹੀਂ ਏ.ਆਈ. ਦਾ ਹਾਂ ਪੱਖੀ ਪ੍ਰਭਾਵ ਯਕੀਨੀ ਬਣਾਏ |
ਪ੍ਰਧਾਨ ਮੰਤਰੀ ਵਲੋਂ ਏ.ਆਈ. ਕੰਪਨੀਆਂ ਦੇ ਮੁਖੀਆਂ ਨਾਲ ਮੀਟਿੰਗਾਂ
ਅਜੀਤ ਡੈਸਕ
21-02-2026