10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰਦਾਸਪੁਰ ਦੀ ਸਰਹੱਦੀ ਚੌਕੀ 'ਚੋਂ ਏ.ਐੱਸ.ਆਈ. ਤੇ ਹੋਮਗਾਰਡ ਜਵਾਨ ਦੀਆਂ ਲਾਸ਼ਾਂ ਮਿਲੀਆਂ

Ad Position 21
No active advertisement
ਅਜੀਤ ਡੈਸਕ 23-02-2026

ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ
ਗੁਰਦਾਸਪੁਰ, 22 ਫਰਵਰੀ (ਚੱਕਰਾਜਾ)-ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਦੋਰਾਂਗਲਾ ਦੇ ਅਧੀਨ ਆਉਂਦੀ ਚੈੱਕ ਪੋਸਟ, ਜੋ ਕਿ ਪਿੰਡ ਆਦੀਆਂ ਵਿਖੇ ਮੌਜੂਦ ਹੈ ਅਤੇ ਭਾਰਤ-ਪਾਕਿ ਸਰਹੱਦ ਦੇ ਸੈਕਿੰਡ ਡਿਫੈਂਸ ਆਫ ਲਾਈਨ 'ਤੇ ਸਥਿਤ ਹੈ, ਵਿਚੋਂ ਸਵੇਰੇ ਦੋ ਪੁਲਿਸ ਕਰਮੀ ਏ.ਐਸ.ਆਈ. ਗੁਰਨਾਮ ਸਿੰਘ ਅਤੇ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਦੀਆਂ ਮਿ੍ਤਕ ਦੇਹਾਂ ਬਰਾਮਦ ਹੋਈਆਂ ਹਨ, ਜਿਸ ਤੋਂ ਬਾਅਦ ਇਲਾਕੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 11 ਵਜੇ ਤੋਂ ਬਾਅਦ ਐਸ.ਐਚ.ਓ. ਦੋਰਾਂਗਲਾ ਵਲੋਂ ਗਸ਼ਤ ਦੌਰਾਨ ਚੈੱਕ ਪੋਸਟ ਦੀ ਜਾਂਚ ਕੀਤੀ ਗਈ ਸੀ, ਪਰ ਸਵੇਰ ਦੇ ਸਮੇਂ ਦੋਨਾਂ ਕਰਮਚਾਰੀਆਂ ਵਲੋਂ ਐਸ.ਐਚ.ਓ. ਦਾ ਫ਼ੋਨ ਨਾ ਚੁੱਕੇ ਜਾਣ ਤੋਂ ਬਾਅਦ ਉਸ ਵਲੋਂ ਪਿੰਡ ਆਦੀਆਂ ਦੇ ਸਰਪੰਚ ਨੂੰ ਫੋਨ ਕੀਤਾ ਗਿਆ ਅਤੇ ਚੈੱਕ ਪੋਸਟ 'ਤੇ ਮੌਜੂਦ ਪੁਲਿਸ ਕਰਮੀਆਂ ਵਲੋਂ ਫ਼ੋਨ ਨਾ ਚੁੱਕਣ ਦੀ ਗੱਲ ਕਹੀ ਗਈ, ਜਿਸ ਤੋਂ ਬਾਅਦ ਪਿੰਡ ਆਦੀਆਂ ਦੇ ਸਰਪੰਚ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੰੂ ਦੋਵੇਂ ਪੁਲਿਸ ਕਰਮੀ ਚੈਕ ਪੋਸਟ ਦੇ ਕਮਰੇ ਅੰਦਰ ਮਿ੍ਤਕ ਹਾਲਤ ਵਿਚ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਥਾਣਾ ਦੋਰਾਂਗਲਾ ਦੇ ਐਸ.ਐਚ.ਓ. ਨੰੂ ਫ਼ੋਨ 'ਤੇ ਇਸ ਦੀ ਜਾਣਕਾਰੀ ਦਿੱਤੀ ਗਈ | ਕੁਝ ਹੀ ਸਮੇਂ ਵਿਚ ਭਾਰੀ ਪੁਲਿਸ ਬਲ ਮੌਕੇ 'ਤੇ ਪਹੁੰਚ ਗਿਆ | ਮੌਕੇ 'ਤੇ ਪਹੁੰਚੇ ਐਸ.ਐਸ.ਪੀ. ਗੁਰਦਾਸਪੁਰ ਆਦਿੱਤਿਆ ਅਤੇ ਟੀਮਾਂ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਇਸ ਚੈੱਕ ਪੋਸਟ 'ਤੇ ਰਾਤ ਦੀ ਡਿਊਟੀ ਲਈ ਦੋ ਪੁਲਿਸ ਕਰਮੀ ਏ. ਐਸ. ਆਈ. ਕਮਾਂਡੋ ਗੁਰਨਾਮ ਸਿੰਘ ਵਾਸੀ ਗਾਦੜੀਆਂ ਗੁਰਦਾਸਪੁਰ ਅਤੇ ਇਕ ਹੋਮਗਾਰਡ ਦਾ ਜਵਾਨ ਅਸ਼ੋਕ ਕੁਮਾਰ ਵਾਸੀ ਕੈਲਾਸ਼ਪੁਰ ਨੇੜੇ ਕਸਬਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਮੌਜੂਦ ਸਨ, ਜਿਨ੍ਹਾਂ ਦੀਆਂ ਮਿ੍ਤਕ ਦੇਹਾਂ ਇਸ ਚੈੱਕ ਪੋਸਟ ਤੋਂ ਬਰਾਮਦ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਵਾਪਰੀ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪਹਿਲੂ ਨੰੂ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਦੋਨਾਂ ਪੁਲਿਸ ਕਰਮੀਆਂ ਨੰੂ ਗੋਲੀਆਂ ਲੱਗਣ ਦੀ ਖ਼ਬਰ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਲੋਕਾਂ ਅੰਦਰ ਇਹ ਗੱਲ ਵੀ ਫੈਲਦੀ ਹੋਈ ਨਜ਼ਰ ਆ ਰਹੀ ਸੀ ਕਿ ਇਨ੍ਹਾਂ ਦੋਨਾਂ ਪੁਲਿਸ ਕਰਮੀਆਂ ਵਲੋਂ ਇਕ-ਦੂਸਰੇ 'ਤੇ ਗੋਲੀ ਚਲਾਈ ਗਈ ਹੈ, ਪਰ ਮਿ੍ਤਕ ਏ. ਐਸ. ਆਈ. ਗੁਰਨਾਮ ਸਿੰਘ ਦੇ ਪੁੱਤਰ ਸੰਦੀਪ ਸਿੰਘ ਅਤੇ ਮਿ੍ਤਕ ਹੋਮਗਾਰਡ ਦੇ ਜਵਾਨ ਦੇ ਪੁੱਤਰ ਸੰਦੀਪ ਕੁਮਾਰ ਮੁਤਾਬਿਕ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਅਨੁਸਾਰ ਏ.ਐਸ.ਆਈ. ਗੁਰਨਾਮ ਸਿੰਘ ਕੁਰਸੀ 'ਤੇ ਬੈਠ ਕੇ ਹੀਟਰ ਸੇਕ ਰਿਹਾ ਸੀ ਅਤੇ ਉਸ ਦੇ ਦੋਨੋਂ ਹੱਥ ਉਸ ਦੀ ਪੈਂਟ ਦੀਆਂ ਜੇਬਾਂ ਅੰਦਰ ਸਨ, ਜਦੋਂ ਕਿ ਦੂਸਰਾ ਪੁਲਿਸ ਕਰਮਚਾਰੀ ਮੰਜੇ ਉਪਰ ਲੇਟਿਆ ਹੋਇਆ ਸੀ ਤੇ ਉਸ ਦੀ ਬੰਦੂਕ ਉਸ ਦੇ ਪਿੱਛੇ ਕੰਧ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿ੍ਤਕਾਂ ਦੇ ਹਥਿਆਰਾਂ ਵਿਚੋਂ ਇਕ ਵੀ ਰੋਂਦ ਫਾਇਰ ਨਹੀਂ ਹੋਇਆ ਹੈ, ਜਿਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਦੋਨਾਂ ਵਲੋਂ ਇਕ-ਦੂਸਰੇ ਦੇ ਉਪਰ ਗੋਲੀ ਨਹੀਂ ਚਲਾਈ ਗਈ, ਸਗੋਂ ਕਿਸੇ ਬਾਹਰੀ ਵਿਅਕਤੀ ਵਲੋਂ ਇਨ੍ਹਾਂ ਦੋਨਾਂ ਕਰਮਚਾਰੀਆਂ ਨੰੂ ਨਿਸ਼ਾਨਾ ਬਣਾਇਆ ਗਿਆ ਹੈ | ਮੀਡੀਆ ਦੇ ਸਾਹਮਣੇ ਆਏ ਪੀੜਤ ਪਰਿਵਾਰਾਂ ਨੇ ਮੰਗ ਕੀਤੀ ਕਿ ਅਸਲੀਅਤ ਨੰੂ ਸਾਹਮਣੇ ਲਿਆ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੰੂ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਨੰੂ ਮੌਕੇ ਤੋਂ 5 ਤੋਂ 6 ਖਾਲੀ ਖੋਲ ਬਰਾਮਦ ਹੋਏ ਹਨ, ਜਿਨ੍ਹਾਂ ਨੰੂ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ | ਪਰ ਪੁਲਿਸ ਵਲੋਂ ਇਸ ਦੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ | ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸਪੋਕਸ ਪਰਸਨ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਵਲੋਂ ਵਧਾਈ ਦਿੰਦੇ ਹੋਏ ਅਲ-ਬੁਰਕ ਬਿ੍ਗੇਡ ਵਲੋਂ ਇਹ ਹਮਲਾ ਕਰਨ ਦੀ ਗੱਲ ਕਹੀ ਗਈ ਹੈ | ਇਸ ਪੋਸਟ ਵਿਚ ਅਜਿਹੇ ਹਮਲੇ ਲਗਾਤਾਰ ਜਾਰੀ ਰੱਖਣ ਸੰਬੰਧੀ ਵੀ ਕਿਹਾ ਗਿਆ ਹੈ ਅਤੇ ਨਾਲ ਦੀ ਨਾਲ ਲੋਕਾਂ ਨੰੂ ਇਹ ਧਮਕੀ ਵੀ ਦਿੱਤੀ ਗਈ ਹੈ ਕਿ ਸੈਨਾ, ਪੁਲਿਸ ਅਤੇ ਬੀ.ਐਸ.ਐਫ. ਵਰਗੀਆਂ ਫੋਰਸਾਂ ਵਿਚੋਂ ਅਸਤੀਫ਼ਾ ਦੇ ਦੇਣ ਨਹੀਂ ਤਾਂ ਉਨ੍ਹਾਂ ਦੇ ਘਰਾਂ ਨੰੂ ਨਿਸ਼ਾਨਾ ਬਣਾਇਆ ਜਾਵੇਗਾ | ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਪੋਸਟ ਵਿਚ ਕਿੰਨੀ ਸੱਚਾਈ ਹੈ | ਇਸ ਸੰਬੰਧੀ ਦੱਸਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਕਿਸੇ ਵੀ ਉੱਚ ਅਧਿਕਾਰੀ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਸੌੜੀ ਰਾਜਨੀਤੀ ਲਈ ਏ.ਆਈ. ਸੰਮੇਲਨ ਦੀ ਵਰਤੋਂ ਕੀਤੀ-ਮੋਦੀ ਅਗਲੀ ਖ਼ਬਰ ਦਿੱਲੀ 'ਚ ਅੱਤਵਾਦੀ ਸਾਜਿਸ਼ ਰਚਣ ਦੇ ਦੋਸ਼ 'ਚ ਬੰਗਲਾਦੇਸ਼ੀਆਂ ਸਮੇਤ 8 ਗਿ੍ਫ਼ਤਾਰ
Ad Position 24