ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਭਾਰਤੀ ਚੋਣ ਕਮਿਸ਼ਨ 24 ਫਰਵਰੀ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨਰਾਂ ਦੀ ਇਕ ਰਾਸ਼ਟਰੀ ਗੋਲਮੇਜ਼ ਕਾਨਫਰੰਸ ਬੁਲਾਏਗਾ | ਚੋਣ ਪੈਨਲ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਹ ਕਾਨਫਰੰਸ 27 ਸਾਲਾਂ ਦੇ ਅੰਤਰਾਲ ਬਾਅਦ ਕੀਤੀ ਜਾ ਰਹੀ ਹੈ, ਪਿਛਲੀ ਅਜਿਹੀ ਮੀਟਿੰਗ 1999 'ਚ ਹੋਈ ਸੀ | ਇਕ ਦਿਨ ਚੱਲਣ ਵਾਲੀ ਕਾਨਫਰੰਸ ਦੀ ਪ੍ਰਧਾਨਗੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਦੀ ਮੌਜੂਦਗੀ 'ਚ ਕਰਨਗੇ | ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਾਜ ਚੋਣ ਕਮਿਸ਼ਨਰ ਆਪਣੇ ਕਾਨੂੰਨੀ ਅਤੇ ਤਕਨੀਕੀ ਮਾਹਰਾਂ ਨਾਲ ਕਾਨਫਰੰਸ 'ਚ ਹਿੱਸਾ ਲੈਣਗੇ ਤੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀ ਵੀ ਸ਼ਾਮਿਲ ਹੋਣਗੇ | ਇਸ ਕਾਨਫ਼ਰੰਸ ਦਾ ਮੁੱਖ ਉਦੇਸ਼ ਚੋਣ ਪ੍ਰਕਿਰਿਆਵਾਂ ਅਤੇ ਲਾਜਿਸਟਿਕਸ ਦੇ ਪ੍ਰਬੰਧਨ 'ਚ ਭਾਰਤੀ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨਾਂ ਵਿਚਕਾਰ ਉਨ੍ਹਾਂ ਦੇ ਸੰਬੰਧਤ ਕਾਨੂੰਨੀ ਢਾਂਚੇ ਅੰਦਰ ਵਧੇਰੇ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ |