ਚੰਡੀਗੜ੍ਹ, 24 ਫ਼ਰਵਰੀ (ਅਜਾਇਬ ਸਿੰਘ ਔਜਲਾ)- ਭਾਜਪਾ ਅਤੇ ਅਕਾਲੀ ਸਰਕਾਰ ਦੇ ਸਮੇਂ ਵਿਚ ਪੰਜਾਬ 'ਚ ਚਿੱਟੇ ਸ਼ਬਦ ਦਾ ਇਸਤੇਮਾਲ ਸ਼ੁਰੂ ਹੋਇਆ, ਉੱਥੇ ਹੈਰੋਇਨ, ਕੋਕੀਨ ਵਰਗੇ ਸ਼ਬਦ ਵੀ ਨਸ਼ਿਆਂ ਦੇ ਰੂਪ ਵਿਚ ਸਾਹਮਣੇ ਆਏ, ਇਹ ਪ੍ਰਗਟਾਵਾ ਮੰਗਲਵਾਰ ਨੂੰ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਸੈਕਟਰ-39 ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਦਾ ਖ਼ਾਤਮਾ ਕਰਕੇ ਹੀ ਸਰਕਾਰ ਦਮ ਲਵੇਗੀ ਅਤੇ ਆਮ ਆਦਮੀ ਪਾਰਟੀ ਦੇ ਹੱਥ 'ਚ ਪੰਜਾਬ ਸੁਰੱਖਿਅਤ ਹੈ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ, ਭਾਜਪਾ ਸਰਕਾਰ ਦੇ ਦਰਮਿਆਨ ਨਸ਼ਿਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਆਪਣੀਆਂ ਜਾਇਦਾਦਾਂ, ਜ਼ਮੀਨਾਂ ਆਦਿ ਵੇਚਦੇ ਹੋਏ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਨੂੰ ਤਰਜੀਹ ਦਿੱਤੀ | ਇਸ ਮੌਕੇ 'ਤੇ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਪੰਜਾਬ ਵਿਚ ਤਾਂ ਆ ਕੇ ਨਸ਼ਿਆਂ ਪ੍ਰਤੀ ਢੰਡੋਰਾ ਪਿੱਟਦੇ ਹਨ ਪਰ ਉਨ੍ਹਾਂ ਦੇ ਸੂਬੇ ਵਿਚ ਪੁਲਿਸ ਅਧਿਕਾਰੀ ਨਸ਼ਾ ਵੇਚਣ ਦੇ ਖੁਲਾਸੇ ਕਰ ਰਹੇ ਹਨ, ਜਿਸ ਸਬੰਧੀ ਉਨ੍ਹਾਂ ਨੇ ਇਕ ਵੀਡੀਓ ਵੀ ਪੱਤਰਕਾਰਾਂ ਨਾਲ ਸਾਂਝੀ ਕੀਤੀ | ਉਨ੍ਹਾਂ ਨੇ ਇਹ ਸਵਾਲ ਵੀ ਉਠਾਇਆ ਕਿ ਕੀ ਨਾਇਬ ਸਿੰਘ ਸੈਣੀ ਦੇ ਪੰਜਾਬ ਦੇ ਵਾਰ-ਵਾਰ ਦੌਰੇ ਨਸ਼ਾ ਤਸਕਰਾਂ ਨੂੰ ਮੁੜ ਸੰਗਠਿਤ ਹੋਣ ਅਤੇ ਵਾਪਸੀ ਦਾ ਰਸਤਾ ਲੱਭਣ ਦੀ ਕੋਸ਼ਿਸ਼ ਵੱਲ ਇਸ਼ਾਰਾ ਕਰਦੇ ਹਨ, ਜਦਕਿ ਹਰਿਆਣਾ ਖੁਦ ਇਸ ਸੰਕਟ ਵਿਚ ਡੂੰਘਾ ਡੁੱਬਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਤ ਦੇ ਸੂਬੇ ਗੁਜਰਾਤ ਵਿਚ 3,000 ਕਿਲੋ ਹੈਰੋਇਨ ਦੀ ਜ਼ਬਤੀ ਤੋਂ ਬਾਅਦ ਭਾਜਪਾ ਸ਼ਾਸਤ ਸੂਬਿਆਂ ਵਿਚ ਨਸ਼ਾ ਨੈੱਟਵਰਕ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ | ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਜਿਵੇਂ-ਜਿਵੇਂ ਪੰਜਾਬ 'ਚ ਨਸ਼ਿਆਂ ਵਿਰੁੱਧ ਸ਼ਿਕੰਜਾ ਕੱਸ ਰਹੀ ਹੈ, ਨਸ਼ਾ ਤਸਕਰ ਸੂਬੇ ਵਿਚੋਂ ਭੱਜ ਕੇ ਹਰਿਆਣਾ ਨੂੰ ਆਪਣਾ ਨਵਾਂ ਅੱਡਾ ਬਣਾ ਰਹੇ ਹਨ | ਚੀਮਾ ਨੇ ਕਿਹਾ ਕਿ ਪੰਜਾਬ ਨੇ 2007-2017 ਦੇ ਅਕਾਲੀ-ਭਾਜਪਾ ਸ਼ਾਸਨ ਦੌਰਾਨ ਨਸ਼ਿਆਂ ਦੇ ਫੈਲਾਅ ਦੇ ਮਾੜੇ ਨਤੀਜੇ ਭੁਗਤੇ ਹਨ | ਭਾਜਪਾ-ਅਕਾਲੀ ਸਰਕਾਰ ਦੌਰਾਨ ਹੀ ਪੰਜਾਬ ਵਿਚ ਹੈਰੋਇਨ ਅਤੇ 'ਚਿੱਟੇ' ਵਰਗੇ ਨਸ਼ੇ ਫੈਲੇ ਸਨ | ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਹੱਥ 'ਚ ਗੁਟਕਾ ਕੇ ਲੈ ਕੇ ਨਸ਼ਿਆਂ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਸੀ, ਪਰ ਨਸ਼ੇ ਤਾਂ ਉਨ੍ਹਾਂ ਦੇ ਰਾਜ 'ਚ ਖ਼ਤਮ ਨਹੀਂ ਹੋਏ ਪਰ ਉਨ੍ਹਾਂ ਦੀ ਸਰਕਾਰ ਰੁਖ਼ਸਤ ਹੋ ਗਈ | ਚੀਮਾ ਨੇ ਦਾਅਵਾ ਕੀਤਾ ਕਿ 2022 ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ 'ਆਪ' ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ 'ਯੁੱਧ ਨਸ਼ਿਆਂ ਵਿਰੁੱਧ' ਨਾਂਅ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ | ਹਾਲ ਹੀ ਵਿਚ ਪਿੰਡ ਰੱਖਿਆ ਕਮੇਟੀਆਂ ਦੇ 1.5 ਲੱਖ ਤੋਂ ਵੱਧ ਮੈਂਬਰਾਂ ਨੇ ਨਸ਼ਾ ਵਿਰੋਧੀ ਲਹਿਰ ਦਾ ਸਮਰਥਨ ਕਰਨ ਦੀ ਸਹੁੰ ਚੁੱਕੀ, ਜੋ ਵੱਡੇ ਪੱਧਰ 'ਤੇ ਸਾਰਥਿਕ ਯਤਨਾਂ ਤਹਿਤ ਸਰਕਾਰ ਨੂੰ ਸਹਿਯੋਗ ਦੇ ਰਹੀ ਹੈ | ਚੀਮਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅੱਜ ਹਰਿਆਣਾ ਵਿਚ ਵੀ ਅਜਿਹੀ ਹੀ ਸਥਿਤੀ ਪੈਦਾ ਹੋ ਰਹੀ ਹੈ | ਸਰਕਾਰੀ ਸਰਪ੍ਰਸਤੀ ਹੇਠ ਉੱਥੇ ਨਸ਼ੇ ਫੈਲ ਰਹੇ ਹਨ ਅਤੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸ਼ਰੇਆਮ ਧਮਕਾਇਆ ਜਾ ਰਿਹਾ ਹੈ | ਪੰਜਾਬ ਸਰਕਾਰ ਦੇ ਦਿ੍ੜ੍ਹ ਇਰਾਦੇ ਨੂੰ ਦੁਹਰਾਉਂਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨਸ਼ਾ ਮਾਫ਼ੀਆ ਨੂੰ ਮੁੜ ਪੈਰ ਨਹੀਂ ਪਸਾਰਨ ਦੇਵੇਗਾ ਅਤੇ ਸਰਕਾਰ ਆਪਣੀ ਮੁਹਿੰਮ ਨੂੰ ਨਿਰੰਤਰ ਜਾਰੀ ਰੱਖੇਗੀ |