13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕੇਰਲ ਦਾ ਨਾਂਅ ਕੇਰਲਮ ਰੱਖਣ ਨੂੰ ਪ੍ਰਵਾਨਗੀ

Ad Position 21
No active advertisement
ਅਜੀਤ ਡੈਸਕ 25-02-2026

ਰੇਲ, ਮੈਟਰੋ, ਹਵਾਈ ਅੱਡਾ ਪ੍ਰਾਜਕੈਟਾਂ ਦੀ ਹੋਵੇਗੀ ਸ਼ੁਰੂਆਤ
ਨਵੀਂ ਦਿੱਲੀ, 24 ਫਰਵਰੀ (ਉਪਮਾ ਡਾਗਾ ਪਾਰਥ)-ਕੇਰਲ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੇਂਦਰੀ ਮੰਤਰੀ ਮੰਡਲ ਨੇ ਸੂਬੇ ਦਾ ਨਾਂਅ ਬਦਲ ਕੇ 'ਕੇਰਲਮ' ਕਰਨ ਦਾ ਫ਼ੈਸਲਾ ਲਿਆ | ਉਕਤ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਦਫ਼ਤਰ 'ਸੇਵਾ ਤੀਰਥ' 'ਚ ਹੋਈ ਪਹਿਲੀ ਬੈਠਕ 'ਚ ਲਿਆ ਗਿਆ | 'ਸੇਵਾ ਤੀਰਥ' 'ਚ ਹੋਈ ਕੈਬਨਿਟ ਬੈਠਕ 'ਚ ਕੁੱਲ 12,236 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ | ਜਿਸ 'ਚ ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਤਿੰਨ ਰੇਲਵੇ ਪ੍ਰਾਜੈਕਟ, ਊਰਜਾ ਸੈਕਟਰ 'ਚ ਸੁਧਾਰ, ਗੁਜਰਾਤ 'ਚ ਮੈਟਰੋ ਦੇ ਵਿਸਤਾਰ ਦੇ ਪ੍ਰਾਜੈਕਟਰ, ਸ੍ਰੀਨਗਰ 'ਚ ਨਵੇਂ ਹਵਾਈ ਅੱਡੇ, ਟਰਮੀਨਲ ਅਤੇ ਕੱਚੇ ਜੂਟ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਲਈ ਰਕਮ ਦਾ ਐਲਾਨ ਸ਼ਾਮਿਲ ਹੈ | ਕੇਰਲ ਦਾ ਨਾਂਅ 'ਕੇਰਲਮ' ਕਰਨ ਨੂੰ ਕੈਬਨਿਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਰਾਸ਼ਟਰਪਤੀ ਦਰੋਪਦੀ ਮੁਰਮੂ ਕੇਰਲ (ਨਾਂਅ 'ਚ ਬਦਲਾਅ ਬਾਰੇ) ਬਿੱਲ ਨੂੰ ਸੰਵਿਧਾਨ ਦੀ ਧਾਰਾ 3 ਤਹਿਤ ਕੇਰਲ ਵਿਧਾਨ ਸਭਾ ਦੀ ਰਾਇ ਲਈ ਭੇਜਿਆ ਜਾਏਗਾ | ਵਿਧਾਨ ਸਭਾ ਦੀ ਰਾਇ ਮਿਲਣ ਤੋਂ ਬਾਅਦ ਸਰਕਾਰ ਸੰਸਦ 'ਚ ਬਿੱਲ ਪੇਸ਼ ਕਰੇਗੀ | ਕੇਰਲ ਵਿਧਾਨ ਸਭਾ ਨੇ ਪਹਿਲਾਂ ਹੀ ਅਧਿਕਾਰਕ ਰਿਕਾਰਡਾਂ 'ਚ ਰਾਜ ਦਾ ਨਾਂਅ ਬਦਲਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ | ਸੂਬੇ ਦੇ ਮੁੱਖ ਮੰਤਰੀ ਵਿਜਯਨ ਨੇ ਸਾਲ 2024 'ਚ ਨਾਂਅ ਬਦਲਣ ਦਾ ਪ੍ਰਸਤਾਵ ਦਿੱਤਾ ਸੀ | ਪਹਿਲੀ ਵਾਰ ਪਾਸ ਹੋਏ ਪ੍ਰਸਤਾਵ ਦੀ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸਮੀਖਿਆ ਤੋਂ ਬਾਅਦ ਕੁਝ ਤਕਨੀਕੀ ਸੁਧਾਰ ਦੀ ਪੇਸ਼ਕਸ਼ ਕੀਤੀ ਸੀ | ਜਿਸ ਤੋਂ ਬਾਅਦ 25 ਜੂਨ 2024 'ਚ ਵਿਧਾਨ ਸਭਾ ਵਲੋਂ ਦੂਜੀ ਵਾਰ ਪ੍ਰਸਤਾਵ ਪਾਸ ਕੀਤਾ ਗਿਆ | ਮੁੱਖ ਮੰਤਰੀ ਨੇ ਕਿਹਾ ਸੀ ਕਿ ਮਲਿਆਲਮ 'ਚ ਕੇਰਲ ਨੂੰ 'ਕੇਰਲਮ' ਕਿਹਾ ਜਾਂਦਾ ਹੈ | ਮੰਤਰੀ ਮੰਡਲ ਨੇ ਇਸ ਦੇ ਨਾਲ ਹੀ ਰੇਲਵੇ ਦੇ 3 ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ | ਤਿੰਨੋਂ ਪ੍ਰਾਜੈਕਟ ਦੇਸ਼ ਦੇ ਅਹਿਮ ਰੇਲਵੇ ਕਾਰੀਡੋਰਾਂ ਦੀ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਨਗੇ | ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾ ਪ੍ਰਾਜੈਕਟ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਗੋਂਦੀਆ ਦਰਮਿਆਨ ਹੈ | 231 ਕਿੱਲੋਮੀਟਰ ਲੰਬੇ ਇਸ ਪ੍ਰਾਜੈਕਟ 'ਤੇ 5236 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ | ਦੂਜਾ ਪ੍ਰਾਜੈਕਟ ਬਿਹਾਰ ਦੇ ਪੁਨਰਥ ਤੋਂ ਦਿਉਲ ਦਰਮਿਆਨ ਹੈ | 50 ਕਿੱਲੋਮੀਟਰ ਦੇ ਲੰਬੇ ਇਸ ਪ੍ਰਾਜੈਕਟ 'ਤੇ ਤੀਜੀ ਅਤੇ ਚੌਥੀ ਲਾਈਨ ਲਈ 2688 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ | ਤੀਜਾ ਪ੍ਰਾਜੈਕਟ ਮਹਾਰਾਸ਼ਟਰ ਦੇ ਰਾਮਹਰਿਆ ਤੋਂ ਚਾਂਡਿਲ ਦਾ ਹੈ | ਇਸ 26 ਕਿੱਲੋਮੀਟਰ ਦੇ ਪ੍ਰਾਜੈਕਟ 'ਤੇ 1200 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ | ਇਸ ਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ ਮੈਟਰੋ ਦੇ ਵਿਸਤਾਰ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ | ਇਸ 'ਚ 1067 ਕਰੋੜ ਰੁਪਏ ਦੀ ਲਾਗਤ ਨਾਲ ਵਿਸਤਾਰ ਕੀਤਾ ਜਾਵੇਗਾ |
ਕੱਚੇ ਜੂਟ ਦੀ ਐਮ.ਐਸ.ਪੀ. 'ਚ 275 ਰੁਪਏ ਦਾ ਵਾਧਾ
ਕੇਂਦਰੀ ਮੰਤਰੀ ਮੰਡਲ ਦੇ ਮਾਰਕੀਟਿੰਗ ਸੀਜ਼ਨ 2026-27 ਲਈ ਕੱਚੇ ਜੂਟ ਦਾ ਐਮ.ਐਸ.ਪੀ. 275 ਰੁਪਏ ਵਧਾ ਕੇ 5,925 ਰੁਪਏ ਪ੍ਰਤੀ ਕੁਇੰਟਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਵੈਸ਼ਨਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 2014 ਤੋਂ ਹੁਣ ਤੱਕ ਐਮ.ਐਸ.ਪੀ. ਢਾਈ ਗੁਣਾ ਵਧਾਈ ਗਈ ਹੈ | ਉਨ੍ਹਾਂ ਕਿਹਾ ਕਿ ਵਿੱਤੀ ਸਾਲ 2014-15 'ਚ ਐਮ.ਐਸ.ਪੀ. 2400 ਰੁਪਏ ਪ੍ਰਤੀ ਕੁਇੰਟਲ ਸੀ |
ਸ੍ਰੀਨਗਰ 'ਚ ਨਵੇਂ ਹਵਾਈ ਅੱਡੇ ਟਰਮੀਨਲ ਨੂੰ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਨੇ ਸ੍ਰੀਨਗਰ ਦੇ ਨਵੇਂ ਹਵਾਈ ਅੱਡੇ ਟਰਮੀਨਲ ਲਈ 1667 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ | 'ਸਿਵਲ ਐਨਕਲੇਵ' ਦੇ ਨਾਂਅ ਦਾ ਪ੍ਰਾਜੈਕਟ 73.18 ਏਕੜ 'ਚ ਫੈਲਿਆ ਹੋਵੇਗਾ | ਇਸ ਇਮਾਰਤ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਰੁਝੇਵੇਂ ਭਰੇ ਸਮੇਂ 'ਚ 2900 ਮੁਸਾਫ਼ਿਰਾਂ ਨੂੰ ਸੰਭਾਲ ਸਕੇ ਅਤੇ ਇਸ ਦੀ ਸਾਲਾਨਾ ਸਮਰੱਥਾ ਇਕ ਕਰੋੜ ਯਾਤਰੀਆਂ ਦੀ ਹੋਵੇਗੀ |
ਪਾਵਰਗਿ੍ਡ ਦੀਆਂ ਵਧਾਈਆਂ ਤਾਕਤਾਂ
ਕੇਂਦਰੀ ਮੰਤਰੀ ਮੰਡਲ ਨੇ ਪਾਵਰ ਗਿ੍ਡ ਦੀ ਇਕੁਇਟੀ ਨਿਵੇਸ਼ ਹੱਦ ਨੂੰ 5000 ਕਰੋੜ ਰੁਪਏ ਪ੍ਰਤੀ ਸਬਸਿਡਰੀ ਤੋਂ ਵਧਾ ਕੇ 7500 ਕਰੋੜ ਰੁਪਏ ਪ੍ਰਤੀ ਸਬਸਿਡਰੀ ਕਰਨ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਜੋ ਉਹ ਜ਼ਿਆਦਾ ਪੂੰਜੀ ਦੀਆਂ ਜ਼ਰੂਰਤਾਂ ਵਾਲੇ ਪ੍ਰਾਜੈਕਟਾਂ ਦੇ ਲਈ ਬੋਲੀ ਲਾ ਸਕੇ |
'ਸੇਵਾ ਤੀਰਥ' 'ਚ ਹੋਈ ਪਹਿਲੀ ਬੈਠਕ 'ਚ 'ਨਾਗਰਿਕ ਪਹਿਲਾਂ' ਦਾ ਧਾਰਿਆ ਸੰਕਲਪ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਦਫ਼ਤਰ 'ਸੇਵਾ ਤੀਰਥ' 'ਚ ਹੋਈ ਪਹਿਲੀ ਬੈਠਕ 'ਚ ਇਕ ਸੰਕਲਪ ਵੀ ਧਾਰਿਆ ਗਿਆ | ਅਸ਼ਵਨੀ ਵੈਸ਼ਨਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਵਿਧਾਨਕ ਕਦਰਾਂ ਉਸ ਨੈਤਿਕ ਵਚਨਬੱਧਤਾ ਦਾ ਪ੍ਰਗਟਾਵਾ ਹੈ ਜੋ ਸ਼ਾਸਨ ਨੂੰ ਨਾਗਰਿਕ ਦੀ ਗਰਿਮਾ, ਬਰਾਬਰੀ ਅਤੇ ਨਿਆਂ ਨਾਲ ਜੋੜਦਾ ਹੈ | ਸੰਕਲਪ 'ਚ ਹਰ ਨੀਤੀ ਸੰਵਿਧਾਨ ਦੀ ਮੂਲ ਭਾਵਨਾ ਮੁਤਾਬਿਕ ਅਤੇ ਹਰ ਫ਼ੈਸਲਾ ਦੇਸ਼ ਵਾਸੀਆਂ ਦੀਆਂ ਆਸਾਂ ਮੁਤਾਬਿਕ ਲੈਣ ਦਾ ਪ੍ਰਗਟਾਵਾ ਕੀਤਾ ਗਿਆ | ਸੰਕਲਪ 'ਚ ਕਿਹਾ ਗਿਆ ਕਿ ਅਸੀਂ ਇਕ ਅਜਿਹੇ ਭਾਰਤ ਦੇ ਸਪਨੇ ਵੇਖੇ, ਜਿਸ ਦੀ ਸੋਚ ਸਵਦੇਸ਼ੀ ਹੋਵੇ, ਸਵਰੂਪ ਆਧੁਨਿਕ ਅਤੇ ਸਮਰੱਥਾ ਅਨੰਤ ਹੋਵੇ |

Ad Position 22
No active advertisement
ਪਿਛਲੀ ਖ਼ਬਰ ਹੁਣ ਆਸਟ੍ਰੇਲੀਆ ਵਿਚ ਪੰਜਾਬੀ ਤੇ ਭਾਰਤੀ ਭਾਈਚਾਰੇ ਲਈ ਖ਼ਤਰਾ <br/> ਅਗਲੀ ਖ਼ਬਰ ਹਰਿਆਣਾ ਦੇ ਵਿਧਾਇਕਾਂ ਵਲੋਂ ਪ੍ਰਦਰਸ਼ਨ ਕਾਰਨ ਆਵਾਜਾਈ 'ਚ ਵਿਘਨ-ਹਾਈ ਕੋਰਟ ਵਲੋਂ ਚੰਡੀਗੜ੍ਹ ਦਾ ਡੀ.ਜੀ.ਪੀ. ਤਲਬ
Ad Position 24