13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਹੁਣ ਆਸਟ੍ਰੇਲੀਆ ਵਿਚ ਪੰਜਾਬੀ ਤੇ ਭਾਰਤੀ ਭਾਈਚਾਰੇ ਲਈ ਖ਼ਤਰਾ <br/>

Ad Position 21
No active advertisement
ਅਜੀਤ ਡੈਸਕ 25-02-2026

ਨਿਓ-ਨਾਜ਼ੀ ਆਗੂ ਨੇ ਪ੍ਰਵਾਸੀਆਂ ਨੂੰ ਦੇਸ਼ ਛੱਡਣ ਲਈ ਕਿਹਾ
ਹਰਜਿੰਦਰ ਸਿੰਘ ਲਾਲ

ਖੰਨਾ, 24 ਫਰਵਰੀ-ਆਸਟ੍ਰੇਲੀਆ ਵਿਚ ਰਹਿਣ ਵਾਲੇ ਲਗਭਗ 2 ਲੱਖ ਤੋਂ ਵੱਧ ਪੰਜਾਬੀ ਸਿੱਖਾਂ ਸਮੇਤ 10 ਲੱਖ ਭਾਰਤੀਆਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਸੱਜੇ ਪੱਖੀ ਨੇਤਾ ਅਦਾਲਤ ਦੇ ਬਾਹਰ ਸ਼ਰੇਆਮ ਉਨ੍ਹਾਂ ਨੂੰ ਦੇਸ਼ ਛੱਡ ਜਾਣ ਲਈ ਧਮਕੀਆਂ ਦੇ ਰਹੇ ਹਨ | ਗੌਰਤਲਬ ਹੈ ਕਿ ਨਿਊਜ਼ੀਲੈਂਡ ਵਿਚ ਦਸੰਬਰ 2025 ਅਤੇ ਜਨਵਰੀ 2026 ਵਿਚ ਨਗਰ ਕੀਰਤਨ ਨੂੰ ਰੋਕਣ ਵਾਲੀਆਂ ਘਟਨਾਵਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਵਿਚ ਵੀ ਕੱਟੜਪੰਥੀ ਤਾਕਤਾਂ ਪੰਜਾਬੀਆਂ ਤੇ ਭਾਰਤੀਆਂ ਖ਼ਿਲਾਫ਼ ਸਰਗਰਮ ਹੋ ਗਈਆਂ ਹਨ | ਆਸਟ੍ਰੇਲੀਆ ਦੇ ਮਸ਼ਹੂਰ ਨਿਓ-ਨਾਜ਼ੀ ਮੰਨੇ ਜਾਂਦੇ ਆਗੂ ਥਾਮਸ ਸਿਊਅਲ ਨੇ ਕੱਲ੍ਹ 23 ਫਰਵਰੀ 2026 ਨੂੰ ਮੈਲਬੌਰਨ ਦੀ ਅਦਾਲਤ ਦੇ ਬਾਹਰ ਭਾਰਤੀਆਂ ਅਤੇ ਪੰਜਾਬੀਆਂ ਖ਼ਿਲਾਫ਼ ਸ਼ਰੇਆਮ ਭੜਕਾਊ ਬਿਆਨ ਦਿੱਤਾ | ਥਾਮਸ ਸਿਊਅਲ ਨੈਸ਼ਨਲ ਸੋਸ਼ਲਿਸਟ ਨੈੱਟਵਰਕ (ਐਨ. ਐਸ. ਐਨ.) ਦਾ ਆਗੂ ਹੈ, ਆਸਟ੍ਰੇਲੀਆ ਸਰਕਾਰ ਪਹਿਲਾਂ ਐਨ. ਐਸ. ਐਨ. ਨੂੰ ਹੀ ਬੈਨ ਕਰ ਚੁੱਕੀ ਹੈ | ਸਿਊਅਲ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਨੂੰ ਤੀਜੀ ਦੁਨੀਆਂ ਜਾਂ ਭਾਰਤ ਤੇ ਸੁਡਾਨ ਵਰਗਾ ਦੇਸ਼ ਨਹੀਂ ਬਣਨ ਦੇਵਾਂਗਾ | ਉਨ੍ਹਾਂ ਕਿਹਾ ਕਿ ਆਮ ਆਸਟ੍ਰੇਲਿਆਈ ਲੋਕ ਲੱਖਾਂ ਭਾਰਤੀ ਪ੍ਰਵਾਸੀਆਂ ਨੂੰ ਇੱਥੇ ਰਹਿਣ ਨਹੀਂ ਦੇਣਾ ਚਾਹੁੰਦੇ | ਉਸ ਨੇ ਵ੍ਹਾਈਟ ਰਿਪਲੇਸਮੈਂਟ (ਗੋਰਿਆਂ ਦੀ ਥਾਂ ਲੈਣ) ਦਾ ਦੋਸ਼ ਲਾਉਂਦਿਆਂ ਪ੍ਰਵਾਸ ਪ੍ਰਕਿਰਿਆ ਉਲਟਾਉਣ ਦੀ ਗੱਲ ਵੀ ਕਹੀ | ਸਿਊਅਲ ਨੇ ਇਹ ਬਿਆਨ ਉਸ ਵੇਲੇ ਦਿੱਤਾ ਜਦੋਂ ਉਹ ਇੱਕ ਪੁਰਾਣੀ ਰੈਲੀ ਵਿਚ ਆਪਣੇ ਭੜਕਾਊ ਭਾਸ਼ਣ ਕਾਰਨ ਅਦਾਲਤ ਵਿਚ ਹੋਈ ਪੇਸ਼ੀ ਤੋਂ ਬਾਹਰ ਆਇਆ ਸੀ | 2025 ਵਿਚ ਐਂਟੀ-ਇੰਮੀਗ੍ਰੇਸ਼ਨ ਰੈਲੀਆਂ (ਮਾਰਚ ਫ਼ਾਰ ਆਸਟ੍ਰੇਲੀਆ) ਵਿਚ ਉਸ ਨੇ ਵੱਡੀ ਭੂਮਿਕਾ ਨਿਭਾਈ ਸੀ ਅਤੇ ਉਸ 'ਤੇ ਇੱਕ ਕੈਂਪ ਅਤੇ ਹਮਲੇ ਦੇ ਇਲਜ਼ਾਮ ਲੱਗ ਚੁੱਕੇ ਹਨ | ਉਸਦਾ ਇਤਿਹਾਸ ਹਿੰਸਕ ਘਟਨਾਵਾਂ, ਹਿਟਲਰ ਵਾਲੇ ਝੰਡੇ ਲਹਿਰਾਉਣ ਤੇ ਮੀਡੀਆ 'ਤੇ ਹਮਲਿਆਂ ਨਾਲ ਭਰਿਆ ਹੋਇਆ ਹੈ |
ਨਿਊਜ਼ੀਲੈਂਡ ਵਿਚ ਵੀ ਵਾਪਰੀਆਂ ਅਜਿਹੀਆਂ ਘਟਨਾਵਾਂ

ਨਿਊਜ਼ੀਲੈਂਡ ਵਿਚ ਵੀ ਦਸੰਬਰ 2025 ਵਿਚ ਸਾਊਥ ਆਕਲੈਂਡ ਅਤੇ ਜਨਵਰੀ 2026 ਵਿਚ ਤੌਰਾਂਗਾ ਵਿਚ ਨਗਰ ਕੀਰਤਨਾਂ ਨੂੰ ਡੈਸਟਿਨੀ ਚਰਚ ਨਾਲ ਜੁੜੇ ਗਰੁੱਪਾਂ ਨੇ ਰੋਕਿਆ | ਉਨ੍ਹਾਂ ਨੇ 'ਇਹ ਭਾਰਤ ਨਹੀਂ, ਨਿਊਜ਼ੀਲੈਂਡ ਹੈ' ਤੇ 'ਜੀਸਸ ਇਜ਼ ਕਿੰਗ' ਦੇ ਨਾਅਰੇ ਲਾਏ ਸਨ ਅਤੇ ਹਾਕਾ ਨਾਚ ਕਰਕੇ ਰਸਤੇ ਰੋਕ ਲਏ ਸਨ | ਦੋਵਾਂ ਦੇਸ਼ਾਂ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਆਸਟ੍ਰੇਲੀਆ-ਨਿਊਜ਼ੀਲੈਂਡ ਵਿਚ ਫਾਰ-ਰਾਈਟ (ਧੁਰ ਸੱਜੇ ਪੱਖੀ) ਅਤੇ ਪ੍ਰਵਾਸ ਵਿਰੋਧੀ ਭਾਵਨਾਵਾਂ ਭੜਕਾਈਆਂ ਹਨ |
ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ, ਹੇਟ ਸਪੀਚ ਕਾਨੂੰਨਾਂ ਤਹਿਤ ਹੋਵੇਗੀ ਕਾਰਵਾਈ- ਗ੍ਰਹਿ ਮੰਤਰੀ

ਆਸਟ੍ਰੇਲੀਆ ਸਰਕਾਰ ਨੇ ਇਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ | ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਨਫ਼ਰਤ ਫੈਲਾਉਣ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਅਤੇ ਨਵੀਆਂ ਹੇਟ ਸਪੀਚ ਖਿਲਾਫ ਕਾਨੂੰਨ ਤਹਿਤ ਸਖ਼ਤ ਕਾਰਵਾਈ ਹੋਵੇਗੀ | ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ | ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਇਸ ਨੂੰ ਘਿਨਾਉਣਾ ਅਤੇ ਨਾਜ਼ੀ ਵਿਚਾਰਧਾਰਾ ਵਾਲਾ ਦੱਸਿਆ ਤੇ ਪੁਲਿਸ ਨੂੰ ਪੂਰੀ ਛੂਟ ਦੇਣ ਦੀ ਗੱਲ ਕੀਤੀ | ਪੰਜਾਬੀ ਭਾਈਚਾਰਾ ਆਸਟ੍ਰੇਲੀਆ ਵਿਚ ਆਪਣੀਆਂ ਗੁਰਦੁਆਰਾ ਸੰਸਥਾਵਾਂ ਰਾਹੀਂ ਸਮਾਜਿਕ ਸੇਵਾ ਅਤੇ ਆਰਥਿਕ ਯੋਗਦਾਨ ਪਾ ਰਿਹਾ ਹੈ | ਮੈਲਬੌਰਨ ਤੇ ਸਿਡਨੀ ਵਿਚ ਵੱਡੀਆਂ ਗੁਰਦੁਆਰਾ ਸਭਾਵਾਂ ਭਾਈਚਾਰੇ ਨੂੰ ਇੱਕਜੁੱਟ ਰੱਖ ਰਹੀਆਂ ਹਨ | ਭਾਰਤੀ ਭਾਈਚਾਰਾ ਇਨ੍ਹਾਂ ਘਟਨਾਵਾਂ ਤੋਂ ਚਿੰਤਤ ਹੈ ਪਰ ਆਸਟ੍ਰੇਲਿਆਈ ਸਰਕਾਰ ਦੀ ਹਮਾਇਤ ਉਨ੍ਹਾਂ ਵਿਚ ਭਰੋਸਾ ਵੀ ਜਗਾ ਰਹੀ ਹੈ | ਭਾਰਤ ਅਤੇ ਆਸਟ੍ਰੇਲੀਆ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਮਲਟੀ-ਕਲਚਰਲ ਸਮਾਜ ਦੀ ਰੱਖਿਆ ਲਈ ਵਚਨਬੱਧ ਹਨ | ਭਾਈਚਾਰਿਆਂ ਵਿਚ ਇੱਕਜੁਟਤਾ ਤੇ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਦਾ ਪ੍ਰਧਾਨ ਉਦੈ ਭਾਨੂ ਗਿ੍ਫ਼ਤਾਰ-4 ਦਿਨ ਦੇ ਰਿਮਾਂਡ 'ਤੇ ਅਗਲੀ ਖ਼ਬਰ ਕੇਰਲ ਦਾ ਨਾਂਅ ਕੇਰਲਮ ਰੱਖਣ ਨੂੰ ਪ੍ਰਵਾਨਗੀ
Ad Position 24